Punjab Farmer Protest: 18 ਕਿਸਾਨ ਮਜਦੂਰ ਜਥੇਬੰਦੀਆਂ ਨੇ ਡੀਸੀ ਅਤੇ ਐੱਸਡੀਐੱਮ ਦਫਤਰਾਂ ਅੱਗੇ ਲਾਇਆ ਧਰਨਾ
Punjab Farmer Protest: ਉੱਤਰ ਭਾਰਤ ਦੀਆਂ 18 ਕਿਸਾਨ ਮਜਦੂਰ ਜਥੇਬੰਦੀਆਂ ਅਤੇ ਸੰਜੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਤਾਲਮੇਲਵੇਂ ਪ੍ਰੋਗਰਾਮ ਤਹਿਤ ਹਰਿਆਣਾ ਅਤੇ ਪੰਜਾਬ ਵਿੱਚ ਡੀਸੀ ਅਤੇ ਐੱਸ ਡੀ ਐੱਮ ਦਫਤਰਾਂ ਤੇ ਪਰਾਲੀ ਦੀ ਸਮੱਸਿਆ, ਪ੍ਰੀਪੇਡ ਮੀਟਰਾਂ, ਨਸ਼ਾ ਸਬੰਧਿਤ ਮਸਲਿਆਂ ਸਮੇਤ 7 ਅਹਿਮ ਮੰਗਾਂ ਨੂੰ ਲੈ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਮਜਦੂਰਾਂ ਅਤੇ ਔਰਤਾਂ ਦੇ ਇੱਕਠ ਕਰਕੇ ਰੋਸ ਪ੍ਰਦਰਸ਼ਨ ਕੀਤੇ ਗਏ ।
ਇਸ ਮੌਕੇ ਪੰਜਾਬ ਅੰਦਰ 22 ਡੀਸੀ ਦਫਤਰਾਂ ਅਤੇ 12 ਐੱਸ ਡੀ ਐੱਮ ਸਮੇਤ 34 ਥਾਵਾਂ ਤੇ 12 ਤੋਂ 4 ਵਜੇ ਤੱਕ ਪ੍ਰਦਰਸ਼ਨ ਕੀਤੇ ਗਏ । ਇਸ ਮੌਕੇ ਵੱਖ ਵੱਖ ਧਰਨਿਆਂ ਤੇ ਸੰਬੋਧਨ ਕਰਦੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਪਰਾਲੀ ਦੀ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਮੀਡੀਆ ਦੇ ਸਹਾਰੇ ਕਿਸਾਨ ਨੂੰ ਵਾਤਾਵਰਨ ਦਾ ਦੋਖੀ ਬਣਾ ਕੇ ਪੇਸ਼ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਜਥੇਬੰਦੀਆਂ ਦੀ ਮੰਗ ਹੈ ਕਿ ਪਰਾਲੀ ਸਾੜਨ ਤੇ ਪਾਏ ਗਏ ਜੁਰਮਾਨੇ,ਪਰਚੇ ਤੇ ਰੈਡ ਇੰਟਰੀਆਂ ਰੱਦ ਕੀਤੀਆਂ ਜਾਣ, ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਪਾਸਪੋਰਟ ਅਤੇ ਹਥਿਆਰਾਂ ਦੇ ਲਾਈਸੇਂਸ ਤੇ ਹੋਰ ਸਰਕਾਰੀ ਸੁਵਿਧਾਵਾਂ ਰੱਦ ਕਰਨ ਜਿਹੇ ਤੁਗਲਕੀ ਫੁਰਮਾਨ ਵਾਪਿਸ ਲਏ ਜਾਣ ।
ਉਨ੍ਹਾਂ ਮੰਗ ਕੀਤੀ ਕਿ ਲੋਕ ਮਾਰੂ ਅਤੇ ਪ੍ਰਾਈਵੇਟ ਵਪਾਰੀਆਂ ਦੇ ਹੱਥੀਂ ਬਿਜਲੀ ਵਿਭਾਗ ਵੇਚਣ ਦੀ ਨੀਅਤ ਨਾਲ ਲਿਆਂਦੀ ਗਈ ਨੀਤੀ ਤਹਿਤ ਧੱਕੇ ਨਾਲ ਲਗਾਏ ਜਾ ਰਹੇ ਨਵੇਂ ਕੁਨੈਕਸ਼ਨ ਅਤੇ ਖਰਾਬ ਹੋਏ ਮੀਟਰਾਂ ਦੀ ਜਗ੍ਹਾ ਪ੍ਰੀਪੇਡ ਮੀਟਰ ਲਗਾਉਣੇ ਬੰਦ ਕੀਤੇ ਜਾਣ, ਐਵਰੇਜ਼ ਅਨੁਸਾਰ ਬਿੱਲ ਭੇਜ ਕੇ ਲੁੱਟ ਖਸੁੱਟ ਕਰਨੀ ਬੰਦ ਕੀਤੀ ਜਾਵੇ, ਹੈਰੋਇਨ ਸਮੈਕ ਸਮੇਤ ਹਰ ਤਰ੍ਹਾਂ ਦੇ ਮਾਰੂ ਨਸ਼ਿਆਂ ਤੇ ਪੂਰਨ ਪਾਬੰਦੀ ਲਗਾਈ ਜਾਵੇ ਅਤੇ ਕਿਸੇ ਵੀ ਇਲਾਕੇ ਵਿੱਚ ਕਿਸੇ ਵਿਅਕਤੀ ਦੀ ਨਸ਼ੇ ਕਾਰਨ ਮੌਤ ਹੋਣ ਤੇ ਉੱਥੇ ਦੇ ਵਿਧਾਇਕ, ਐੱਸ ਐੱਸ ਪੀ, ਡੀ ਐੱਸ ਪੀ ਸਮੇਤ ਐੱਸ ਐਚ ਓ ਨੂੰ ਜਿੰਮੇਵਾਰ ਮੰਨ ਕੇ ਉਸ ਖਿਲਾਫ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: Stubble Burning In Punjab: ਪੰਜਾਬ 'ਚ 740 ਥਾਵਾਂ 'ਤੇ ਸਾੜੀ ਗਈ ਪਰਾਲੀ, ਦੋ ਸਾਲਾਂ ਦਾ ਟੁੱਟਿਆ ਰਿਕਾਰਡ
- PTC NEWS