ਲਖਨਊ, 13 ਜਨਵਰੀ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਇੱਕ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਇੱਥੇ ਦਰਜਨ ਦੇ ਕਰੀਬ ਲੋਕ ਪੁਲਿਸ ਸਟੇਸ਼ਨ ਪਹੁੰਚੇ ਅਤੇ ਆਪਣੇ ਆਪ ਨੂੰ ਵਕੀਲ ਵਜੋਂ ਪੇਸ਼ ਕੀਤਾ ਅਤੇ ਫਿਰ ਲਖਨਊ ਦੇ ਕੈਸਰਬਾਗ ਥਾਣੇ ਤੋਂ ਜ਼ਬਤ ਕੀਤੀ ਇੱਕ ਐਸਯੂਵੀ ਨੂੰ ਛੁਡਵਾ ਕੇ ਲੈ ਗਏ। ਮੁਲਜ਼ਮਾਂ ਨੇ ਵਕੀਲਾਂ ਦੀ ਵਰਦੀ ਪਾਈ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ SUV ਨੂੰ ਇਕ ਵਕੀਲ ਦੀ ਸ਼ਿਕਾਇਤ 'ਤੇ ਥਾਣੇ ਲਿਆਂਦਾ ਗਿਆ ਸੀ, ਜਿਸ ਨੇ SUV ਦੇ ਮਾਲਕ 'ਤੇ ਲਖਨਊ ਬਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਦੇ ਅਹੁਦੇ ਦੀ ਵਰਤੋਂ ਕਰਨ ਅਤੇ ਵਕੀਲਾਂ ਦੇ ਅਕਸ ਨੂੰ ਖਰਾਬ ਕਰਨ ਦਾ ਦੋਸ਼ ਲਗਾਇਆ ਸੀ।ਪੁਲਿਸ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਸਬ-ਇੰਸਪੈਕਟਰ ਰਾਮਕੇਸ਼ ਸਿੰਘ ਨੇ ਦੱਸਿਆ ਕਿ ਉਹ ਕੰਮ 'ਚ ਰੁੱਝਿਆ ਹੋਇਆ ਸੀ ਜਦੋਂ ਕਾਂਸਟੇਬਲ ਅਖਿਲੇਸ਼ ਨੇ ਉਸ ਨੂੰ ਉਨ੍ਹਾਂ ਲੋਕਾਂ ਬਾਰੇ ਦੱਸਿਆ ਜੋ ਪੁਲਿਸ ਨੂੰ ਬਿਨਾਂ ਦੱਸੇ SUV ਖੋਹ ਕੇ ਲੈ ਗਏ ਸਨ। ਸਬ-ਇੰਸਪੈਕਟਰ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਦੋਸ਼ੀ ਇਹ ਕਹਿ ਕੇ ਫ਼ਰਾਰ ਹੋ ਗਏ ਕਿ SUV ਉਨ੍ਹਾਂ ਦੀ ਹੈ ਤੇ ਗੱਡੀ ਵੀ ਨਾਲ ਲੈ ਗਏ।ਇਸ ਤੋਂ ਪਹਿਲਾਂ ਹੁਸੈਨਗੰਜ ਦੇ ਇੱਕ ਵਕੀਲ ਗੋਵਿੰਦ ਕਨੌਜੀਆ ਨੇ ਇੱਕ ਐਸਯੂਵੀ 'ਤੇ ਲਖਨਊ ਬਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਦੇ ਫਰਜ਼ੀ ਅਹੁਦੇ ਦੀ ਵਰਤੋਂ ਕਰਨ ਲਈ ਅਣਪਛਾਤੇ ਵਿਅਕਤੀਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ 'ਤੇ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਐੱਸਯੂਵੀ ਨੂੰ ਜਾਂਚ ਲਈ ਥਾਣੇ ਲਿਜਾਇਆ ਗਿਆ। ਗੋਵਿੰਦ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਬਦਮਾਸ਼ ਬਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਦੇ ਅਹੁਦੇ ਦੀ ਵਰਤੋਂ ਕਰ ਰਹੇ ਸਨ। ਏਸੀਪੀ ਯੋਗੇਸ਼ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਵਕੀਲਾਂ ਦੇ ਪਹਿਰਾਵੇ ਵਿੱਚ ਆਏ ਕਰੀਬ 12 ਵਿਅਕਤੀਆਂ ਖ਼ਿਲਾਫ਼ ਪੁਲਿਸ ਹਿਰਾਸਤ ਵਿੱਚੋਂ ਜ਼ਬਰਦਸਤੀ ਗੱਡੀ ਖੋਹਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।