Georgia ਦੇ ਗੁਦੋਰੀ ’ਚ ਜ਼ਹਿਰੀਲੀ ਗੈਸ ਦਾ ਕਹਿਰ, ਇੱਕ ਪੰਜਾਬੀ ਵਿਅਕਤੀ ਸਣੇ 12 ਲੋਕਾਂ ਦੀ ਹੋਈ ਦਰਦਨਾਕ ਮੌਤ
11 Indians found Dead at Georgia : ਜੌਰਜੀਆ ਦੇ ਇੱਕ ਭਾਰਤੀ ਰੈਸਟੋਰੈਂਟ ਵਿੱਚ 11 ਭਾਰਤੀ ਨਾਗਰਿਕਾਂ ਸਮੇਤ 12 ਲੋਕਾਂ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਜੌਰਜੀਆ ਦਾ ਇੱਕ ਨਾਗਰਿਕ ਵੀ ਸ਼ਾਮਲ ਹੈ।
ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਲਾਸ਼ਾਂ ਰੈਸਟੋਰੈਂਟ ਦੇ ਉਸ ਕਮਰੇ 'ਚੋਂ ਮਿਲੀਆਂ, ਜਿੱਥੇ ਕਰਮਚਾਰੀ ਸੌਂਦੇ ਸਨ।ਅਧਿਕਾਰਤ ਰਿਪੋਰਟ ਮੁਤਾਬਕ ਮਰਨ ਵਾਲਿਆਂ 'ਚ ਰੈਸਟੋਰੈਂਟ ਦੇ ਸਟਾਫ ਮੈਂਬਰ ਵੀ ਸ਼ਾਮਲ ਹਨ।
ਮ੍ਰਿਤਕਾਂ ਦੇ ਸਰੀਰ 'ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਮੌਤ ਕਿਸੇ ਹਾਦਸੇ ਕਾਰਨ ਹੋਈ ਹੈ। ਮੁੱਢਲੀ ਜਾਂਚ ਵਿੱਚ ਮੌਤ ਦਾ ਕਾਰਨ ਲਾਈਟ ਨਾ ਹੋਣ ਕਾਰਨ ਬੰਦ ਕਮਰੇ ਵਿੱਚ ਜਨਰੇਟਰ ਦੀ ਵਰਤੋਂ ਦੱਸਿਆ ਜਾ ਰਿਹਾ ਹੈ। ਮ੍ਰਿਤਕਾਂ ਵਿੱਚੋਂ ਇੱਕ ਸਮੀਰ ਕੁਮਾਰ (26) ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਦਾ ਰਹਿਣ ਵਾਲਾ ਸੀ।
ਮੀਡੀਆ ਰਿਪੋਰਟਾਂ ਅਤੇ ਸਥਾਨਕ ਪੁਲਿਸ ਦਾ ਮੰਨਣਾ ਹੈ ਕਿ ਸਾਰੀਆਂ ਮੌਤਾਂ ਕਾਰਬਨ ਮੋਨੋਆਕਸਾਈਡ ਦੇ ਲੀਕ ਹੋਣ ਕਾਰਨ ਹੋਈਆਂ ਹਨ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਰੈਸਟੋਰੈਂਟ ਦੀ ਦੂਜੀ ਮੰਜ਼ਿਲ 'ਤੇ ਸਥਿਤ ਬੈੱਡਰੂਮ ਦੇ ਕੋਲ ਪਾਵਰ ਜਨਰੇਟਰ ਰੱਖਿਆ ਹੋਇਆ ਸੀ, ਜਿਸ ਨੂੰ ਬਿਜਲੀ ਕੱਟਣ ਤੋਂ ਬਾਅਦ ਚਾਲੂ ਕਰ ਦਿੱਤਾ ਗਿਆ। ਜਨਰੇਟਰ ਚੱਲਣ ਨਾਲ ਪੈਦਾ ਹੋਈ ਕਾਰਬਨ ਮੋਨੋਆਕਸਾਈਡ ਬੰਦ ਕਮਰੇ 'ਚ ਜਮ੍ਹਾ ਹੋ ਗਈ, ਜਿਸ ਕਾਰਨ ਉਥੇ ਮੌਜੂਦ ਸਾਰੇ ਲੋਕਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ।
ਹਾਲਾਂਕਿ, ਭਾਰਤੀ ਹਾਈ ਕਮਿਸ਼ਨ ਨੇ ਸਾਰੇ ਮ੍ਰਿਤਕਾਂ ਨੂੰ ਭਾਰਤੀ ਨਾਗਰਿਕ ਦੱਸਿਆ ਹੈ, ਜਦੋਂ ਕਿ ਜਾਰਜੀਆ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਵਿੱਚ 11 ਵਿਦੇਸ਼ੀ ਅਤੇ ਇੱਕ ਸਥਾਨਕ ਨਾਗਰਿਕ ਸ਼ਾਮਲ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਸਾਰੇ ਮ੍ਰਿਤਕ ਰੈਸਟੋਰੈਂਟ ਦੇ ਕਰਮਚਾਰੀ ਸਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਦੂਜੀ ਮੰਜ਼ਿਲ 'ਤੇ ਇਕ ਬੈੱਡਰੂਮ ਵਿਚ ਮਿਲੀਆਂ ਹਨ।
ਇਹ ਵੀ ਪੜ੍ਹੋ : Amritsar Blast News : ਇਸ ਗੈਂਗਸਟਰ ਨੇ ਲਈ ਇਸਲਾਮਾਬਾਦ ਥਾਣੇ 'ਚ ਧਮਾਕੇ ਦੀ ਜ਼ਿੰਮੇਵਾਰੀ, ਪੰਜਾਬ ਪੁਲਿਸ ਨੂੰ ਦਿੱਤੀ ਸਿੱਧੀ ਧਮਕੀ
- PTC NEWS