Guna Rescue : ਜ਼ਿੰਦਗੀ ਦੀ ਜੰਗ ਹਾਰਿਆ 10 ਸਾਲ ਦਾ ਸੁਮਿਤ, 16 ਘੰਟੇ ਦੇ ਰੈਸਕਿਊ ਅਪ੍ਰੇਸ਼ਨ ਪਿੱਛੋਂ ਬੋਰਵੈਲ 'ਚੋਂ ਨਿਕਲੀ ਬੱਚੇ ਦੀ ਲਾਸ਼
Guna Rescue : ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਦੇ ਪਿਪਲਿਆ ਪਿੰਡ ਵਿੱਚ ਇੱਕ 10 ਸਾਲ ਦਾ ਬੱਚਾ ਬੋਰਵੈੱਲ ਵਿੱਚ ਡਿੱਗ ਗਿਆ ਸੀ। ਬੋਰਵੈੱਲ 'ਚ ਫਸੇ 10 ਸਾਲਾ ਬੱਚੇ ਨੂੰ ਐਤਵਾਰ ਤੜਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈਸਕਿਊ ਟੀਮਾਂ ਨੇ ਬਾਹਰ ਕੱਢ ਲਿਆ ਪਰ ਹਸਪਤਾਲ 'ਚ ਇਲਾਜ ਦੌਰਾਨ ਬੱਚੇ ਦੀ ਮੌਤ ਹੋ ਗਈ। ਇਸ ਤੋਂ ਬਾਅਦ ਹਸਪਤਾਲ ਵਿੱਚ ਮੌਜੂਦ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਬੱਚੇ ਦਾ ਇਲਾਜ ਕਰ ਰਹੇ ਡਾਕਟਰ ਵੀ ਭਾਵੁਕ ਨਜ਼ਰ ਆਏ।
ਜਾਣਕਾਰੀ ਅਨੁਸਾਰ ਟੋਏ ਵਿੱਚ ਫਸੇ ਹੋਏ ਸੁਮਿਤ ਦੇ ਹੱਥ-ਪੈਰ ਰਾਤ ਭਰ ਪਾਣੀ ਵਿੱਚ ਡੁੱਬੇ ਰਹੇ। ਉਸ ਦੀ ਗਰਦਨ ਪਾਣੀ ਵਿੱਚੋਂ ਬਾਹਰ ਦਿਖਾਈ ਦੇ ਰਹੀ ਸੀ, ਪਰ ਉਸ ਦਾ ਮੂੰਹ ਚਿੱਕੜ ਨਾਲ ਭਰਿਆ ਹੋਇਆ ਸੀ। ਜਿਵੇਂ ਹੀ ਬੱਚਾ ਬੋਰਵੈੱਲ ਤੋਂ ਬਾਹਰ ਆਇਆ, ਸੁਮਿਤ ਨੂੰ ਗੰਭੀਰ ਹਾਲਤ 'ਚ ਤੁਰੰਤ ਜ਼ਿਲਾ ਹਸਪਤਾਲ ਲਿਆਂਦਾ ਗਿਆ। ਗੁਨਾ ਸੀਐਮਐਚਓ ਡਾਕਟਰ ਰਾਜਕੁਮਾਰ ਰਿਸ਼ੀਸ਼ਵਰ ਦੀ ਅਗਵਾਈ ਵਿੱਚ ਅੱਧੀ ਦਰਜਨ ਡਾਕਟਰਾਂ ਨੇ ਸੁਮਿਤ ਦਾ ਇਲਾਜ ਸ਼ੁਰੂ ਕੀਤਾ, ਪਰ ਥੋੜ੍ਹੀ ਦੇਰ ਬਾਅਦ ਸੁਮਿਤ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਰਾਤ ਭਰ ਪਾਣੀ 'ਚ ਫਸੇ ਰਹਿਣ ਕਾਰਨ ਸੁਮਿਤ ਦੇ ਹੱਥ-ਪੈਰ ਸੁੰਨ ਹੋ ਗਏ ਸਨ। ਠੰਢ ਕਾਰਨ ਉਸ ਦਾ ਸਰੀਰ ਸੁੰਗੜ ਗਿਆ ਸੀ। ਸੀਐਮਐਚਓ ਡਾਕਟਰ ਰਾਜਕੁਮਾਰ ਰਿਸ਼ੀਸ਼ਵਰ ਨੇ ਸੁਮਿਤ ਮੀਨਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪਤਾ ਲੱਗਾ ਹੈ ਕਿ ਬੱਚੇ ਦੇ ਬੋਰਵੈੱਲ 'ਚ ਡਿੱਗਣ ਤੋਂ ਬਾਅਦ ਮੌਕੇ 'ਤੇ ਹੜਕੰਪ ਮਚ ਗਿਆ। ਲੋਕਾਂ ਨੇ ਸਭ ਤੋਂ ਪਹਿਲਾਂ ਇਸ ਹਾਦਸੇ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ। ਇਸ ਤੋਂ ਬਾਅਦ ਐਸਡੀਐਮ ਵਿਕਾਸ ਕੁਮਾਰ ਆਨੰਦ ਪੁਲੀਸ ਅਤੇ ਸਥਾਨਕ ਟੀਮ ਨਾਲ ਮੌਕੇ ’ਤੇ ਪੁੱਜੇ। ਕਿਉਂਕਿ ਬੋਰਵੈੱਲ ਦਾ ਟੋਆ ਬਹੁਤ ਡੂੰਘਾ ਸੀ, ਇਸ ਲਈ SDERF ਨੂੰ ਬੁਲਾਇਆ ਗਿਆ, ਪਰ ਇਸ ਨੂੰ ਸਫਲਤਾ ਨਹੀਂ ਮਿਲੀ।
ਫਿਰ NDRF ਟੀਮ ਨੂੰ ਮਦਦ ਲਈ ਬੁਲਾਇਆ ਗਿਆ। ਆਈਜੀ ਗੌਰਵ ਰਾਜਪੂਤ ਦੀ ਅਗਵਾਈ ਹੇਠ ਐਨਡੀਆਰਐਫ ਦੀ ਟੀਮ ਦੇਰ ਸ਼ਾਮ ਪਿੱਪਲਿਆ ਪਹੁੰਚੀ ਅਤੇ ਬੋਰਵੈੱਲ ਦੇ ਸਮਾਨਾਂਤਰ ਇੱਕ ਟੋਆ ਪੁੱਟਣਾ ਸ਼ੁਰੂ ਕਰ ਦਿੱਤਾ। 31 NDRF ਅਤੇ 16 SDERF ਦੇ ਜਵਾਨਾਂ ਸਮੇਤ ਕਈ ਸੀਨੀਅਰ ਅਧਿਕਾਰੀ ਸੁਮਿਤ ਮੀਨਾ ਨੂੰ ਬੋਰਵੈੱਲ 'ਚੋਂ ਬਾਹਰ ਕੱਢਣ ਦੀ ਪੂਰੀ ਕੋਸ਼ਿਸ਼ ਕਰਦੇ ਰਹੇ। ਇਸ ਦੌਰਾਨ 8 ਹੈਵੀ ਮਸ਼ੀਨਾਂ ਦੀ ਵੀ ਵਰਤੋਂ ਕੀਤੀ ਗਈ। ਰਾਤ ਭਰ ਦੇ ਬਚਾਅ ਅਪ੍ਰੇਸ਼ਨ ਦੌਰਾਨ, NDRF, SDERF, ਪੁਲਿਸ ਅਤੇ ਪਿੰਡ ਵਾਸੀਆਂ ਦੇ ਸਾਂਝੇ ਯਤਨਾਂ ਨਾਲ ਐਤਵਾਰ ਤੜਕੇ ਸੁਮਿਤ ਮੀਨਾ ਨੂੰ ਬੋਰਵੈਲ ਦੇ ਟੋਏ ਵਿੱਚੋਂ ਬਾਹਰ ਕੱਢਿਆ ਗਿਆ।
3 ਭੈਣਾਂ ਦਾ ਸਭ ਤੋਂ ਛੋਟਾ ਭਰਾ ਸੀ ਸੁਮਿਤ
ਜਿਵੇਂ ਹੀ ਤਿੰਨ ਭੈਣਾਂ ਦਾ ਸਭ ਤੋਂ ਪਿਆਰਾ ਛੋਟਾ ਭਰਾ ਸੁਮਿਤ ਮੀਨਾ ਬੋਰਵੈੱਲ ਦੇ ਟੋਏ ਵਿੱਚੋਂ ਬਾਹਰ ਆਇਆ ਤਾਂ ਉਸਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਜੱਫੀ ਪਾ ਲਈ। ਕਰੀਬ 15 ਘੰਟੇ ਬੋਰਵੈੱਲ ਵਿੱਚ ਫਸੇ ਰਹਿਣ ਕਾਰਨ ਸੁਮਿਤ ਮੀਨਾ ਨੂੰ ਕੁਲੈਕਟਰ ਡਾ: ਸਤੇਂਦਰ ਸਿੰਘ ਦੇ ਨਿਰਦੇਸ਼ਾਂ 'ਤੇ ਇਲਾਜ ਅਤੇ ਨਿਗਰਾਨੀ ਲਈ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ। ਸੁਮਿਤ ਦੇ ਬਾਹਰ ਆਉਣ ਦੀ ਖਬਰ ਮਿਲਦੇ ਹੀ ਪਿੰਡ ਪਿੱਪਲੀਆ 'ਚ ਸੋਗ ਦਾ ਮਾਹੌਲ ਦੇਖਣ ਨੂੰ ਮਿਲਿਆ।
- PTC NEWS