ਈਸ਼ਾਨ ਕਿਸ਼ਨ ਨੇ ਬੰਗਲਾਦੇਸ਼ ਖ਼ਿਲਾਫ਼ ਠੋਕਿਆ ਦੋਹਰਾ ਸੈਂਕੜਾ, ਭਾਰਤ ਦੀ ਸਥਿਤੀ ਮਜ਼ਬੂਤ
India vs Bangladesh cricket one day series : ਜ਼ਖਮੀ ਕਪਤਾਨ ਰੋਹਿਤ ਸ਼ਰਮਾ ਦੀ ਜਗ੍ਹਾ ਤੀਜੇ ਇਕ ਰੋਜ਼ਾ ਲੜੀ 'ਚ ਪਲੇਇੰਗ-11 ਦਾ ਹਿੱਸਾ ਬਣੇ ਈਸ਼ਾਨ ਕਿਸ਼ਨ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਲਗਾ ਕੇ ਵਿਸ਼ਵ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਉਸ ਨੇ ਇਹ ਰਿਕਾਰਡ 126 ਗੇਂਦਾਂ ਵਿੱਚ ਬਣਾਇਆ ਹੈ। 24 ਸਾਲਾ ਕਿਸ਼ਨ ਨੇ ਕ੍ਰਿਸ ਗੇਲ (138 ਗੇਂਦਾਂ 'ਤੇ) ਨੂੰ ਪਿੱਛੇ ਛੱਡ ਦਿੱਤਾ।
ਗੇਲ ਨੇ ਇਹ ਕਾਰਨਾਮਾ 2014 'ਚ ਜ਼ਿੰਬਾਬਵੇ ਖਿਲਾਫ਼ ਕੀਤਾ ਸੀ। ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਆਪਣਾ 44ਵਾਂ ਵਨਡੇ ਸੈਂਕੜਾ ਪੂਰਾ ਕਰ ਲਿਆ ਹੈ। ਇਨ੍ਹਾਂ ਦੋ ਪਾਰੀਆਂ ਦੇ ਦਮ 'ਤੇ ਭਾਰਤ ਨੇ 38.1 ਓਵਰਾਂ 'ਚ 3 ਵਿਕਟਾਂ ਗੁਆ ਕੇ 320 ਦੌੜਾਂ ਬਣਾ ਚੁੱਕਾ ਹੈ। ਵਿਰਾਟ 100 ਦੌੜਾਂ ਬਣਾ ਕੇ ਕ੍ਰੀਜ਼ 'ਤੇ ਡਟੇ ਹੋਏ ਹਨ। ਜਦਕਿ ਸ਼ਿਖਰ ਧਵਨ (3), ਈਸ਼ਾਨ ਕਿਸ਼ਨ (210) ਅਤੇ ਸ਼੍ਰੇਅਸ ਅਈਅਰ (3) ਆਊਟ ਹੋ ਚੁੱਕੇ ਹਨ। ਬੰਗਲਾਦੇਸ਼ ਦੀ ਟੀਮ ਪਹਿਲੇ ਦੋ ਵਨਡੇ ਜਿੱਤ ਕੇ ਸੀਰੀਜ਼ 'ਤੇ ਪਹਿਲਾਂ ਹੀ ਕਬਜ਼ਾ ਕਰ ਚੁੱਕੀ ਹੈ। ਭਾਰਤ ਇਸ ਮੈਚ ਵਿੱਚ ਕਲੀਨ ਸਵੀਪ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ।
ਕਿਸ਼ਨ (210) ਨੇ ਬੰਗਲਾਦੇਸ਼ ਦੀ ਪਿੱਚ 'ਤੇ ਸਭ ਤੋਂ ਵੱਡੀ ਪਾਰੀ ਖੇਡੀ ਹੈ। ਉਸ ਨੇ ਆਸਟ੍ਰੇਲੀਆ ਦੇ ਆਲਰਾਊਂਡਰ ਸ਼ੇਨ ਵਾਟਸਨ (185*) ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਬੰਗਲਾਦੇਸ਼ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਵਿਰਾਟ ਕੋਹਲੀ (183) ਤੀਜੇ ਨੰਬਰ 'ਤੇ ਹੈ। ਸ਼ਿਖਰ ਧਵਨ ਦੇ 15 ਦੌੜਾਂ 'ਤੇ ਆਊਟ ਹੋਣ ਤੋਂ ਬਾਅਦ ਈਸ਼ਾਨ ਕਿਸ਼ਨ ਅਤੇ ਵਿਰਾਟ ਕੋਹਲੀ ਨੇ ਕਮਾਨ ਸੰਭਾਲੀ। ਦੋਵਾਂ ਨੇ ਦੂਜੀ ਵਿਕਟ ਲਈ 290 ਦੌੜਾਂ ਜੋੜੀਆਂ।
ਇਹ ਵੀ ਪੜ੍ਹੋ : ਪਾਕਿਸਤਾਨ ਨੇ ਰਚੀ ਸਰਹਾਲੀ ਪੁਲਿਸ ਸਟੇਸ਼ਨ 'ਤੇ RPG ਹਮਲੇ ਦੀ ਸਾਜ਼ਿਸ਼ : ਡੀਜੀਪੀ
ਈਸ਼ਾਨ ਕਿਸ਼ਨ ਨੇ 5 ਮੈਚਾਂ ਤੋਂ ਬਾਅਦ ਵਨਡੇ ਟੀਮ 'ਚ ਵਾਪਸੀ ਕੀਤੀ ਹੈ ਅਤੇ ਸੈਂਕੜਾ ਲਗਾਇਆ ਹੈ। ਇਹ ਉਸ ਦਾ ਪਹਿਲਾ ਅੰਤਰਰਾਸ਼ਟਰੀ ਸੈਂਕੜਾ ਵੀ ਹੈ। ਈਸ਼ਾਨ ਨੇ 85 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਈਸ਼ਾਨ ਨੇ ਆਖਰੀ ਵਨਡੇ 22 ਅਕਤੂਬਰ 2022 ਨੂੰ ਦੱਖਣੀ ਅਫਰੀਕਾ ਖਿਲਾਫ਼ ਦਿੱਲੀ ਵਿੱਚ ਖੇਡਿਆ ਸੀ। ਉਹ ਬੰਗਲਾਦੇਸ਼ ਵਿੱਚ ਸੈਂਕੜਾ ਲਗਾਉਣ ਵਾਲਾ 5ਵਾਂ ਭਾਰਤੀ ਸਲਾਮੀ ਬੱਲੇਬਾਜ਼ ਬਣਿਆ। ਉਨ੍ਹਾਂ ਤੋਂ ਪਹਿਲਾਂ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ, ਵੀਰੇਂਦਰ ਸਹਿਵਾਗ ਅਤੇ ਗੌਤਮ ਗੰਭੀਰ ਇਹ ਕਾਰਨਾਮਾ ਕਰ ਚੁੱਕੇ ਹਨ।
- PTC NEWS