ਨਵੇਂ ਟ੍ਰੈਫਿਕ ਨਿਯਮ: ਹੁਣ ਕੀਤੀ ਨਿਯਮਾਂ ਦੀ ਉਲੰਘਣਾ ਤਾਂ ਪੈਸਿਆਂ ਦੇ ਨਾਲ ਕਰਨਾ ਪੈ ਸਕਦਾ ਖ਼ੂਨਦਾਨ, ਬੱਚਿਆਂ ਨੂੰ ਵੀ ਪਵੇਗਾ ਪੜ੍ਹਾਉਣਾ
ਪਟਿਆਲਾ, 17 ਜੁਲਾਈ: ਹੁਣ ਜੇਕਰ ਤੁਸੀਂ ਟ੍ਰੈਫਿਕ ਨਿਯਮਾਂ (Traffic Rules) ਦੀ ਉਲੰਘਣਾ ਕੀਤੀ ਤਾਂ ਤੁਹਾਨੂੰ ਜੁਰਮਾਨੇ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਪੜ੍ਹਾਉਣਾ ਪੈ ਸਕਦਾ ਹੈ। ਇਸ ਤੋਂ ਇਲਾਵਾ ਹਸਪਤਾਲ ’ਚ ਸੇਵਾ ਤੇ ਖ਼ੂਨ ਦਾਨ (Blood Donation) ਵੀ ਕਰਨਾ ਪੈ ਸਕਦਾ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਨਵੇਂ ਨਿਯਮਾਂ 'ਤੇ ਤਹਿਤ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ, ਜਿਸ ਵਿੱਚ ਜੁਰਮਾਨੇ ਦੀ ਰਾਸ਼ੀ ਵਿੱਚ ਵੀ ਵਾਧਾ ਕਿਤਾ ਗਿਆ ਹੈ।
ਟਰਾਂਸਪੋਰਟ ਵਿਭਾਗ ਨੇ ਮੋਟਰ ਵ੍ਹੀਕਲ ਐਕਟ (Motor Vehicle Act) ਤਹਿਤ ਹੋਣ ਵਾਲੀ ਕਾਰਵਾਈ ’ਚ ਅਜਿਹੇ ਸਮਾਜ ਸੇਵਾ ਵਾਲੇ ਕੰਮਾਂ ਨੂੰ ਵੀ ਸ਼ਾਮਲ ਕਰ ਦਿੱਤਾ ਹੈ ਜਿਸ ਨਾਲ ਲੋਕਾਂ ਨੂੰ ਸਮਾਜਿਕ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਵੇ। ਦੱਸ ਦੇਈਏ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵਿਭਾਗ ਦੀ ਇਸ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਟਰਾਂਸਪੋਰਟ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਸਬੰਧਿਤ ਅਥਾਰਿਟੀ ਨੂੰ ਇਸ ਦੇ ਆਧਾਰ ’ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਨਿਰਧਾਰਿਤ ਰਫ਼ਤਾਰ ਨਾਲੋਂ ਤੇਜ਼ ਵਾਹਨ ਚਲਾਉਣ ’ਤੇ ਪਹਿਲੀ ਵਾਰੀ ਇੱਕ ਹਜ਼ਾਰ ਰੁਪਏ ਤੇ ਦੂਜੀ ਜਾਂ ਇਸ ਤੋਂ ਵੱਧ ਵਾਰੀ ਦੋ ਹਜ਼ਾਰ ਰੁਪਏ ਜੁਰਮਾਨਾ ਤਾਂ ਹੋਵੇਗਾ, ਇਸ ਤੋਂ ਇਲਾਵਾ ਨਿਯਮ ਤੋੜਨ ਵਾਲੇ ਨੂੰ ਟਰਾਂਸਪੋਰਟ ਵਿਭਾਗ ਦਾ ਇੱਕ ਰਿਫ੍ਰੈਸ਼ਰ ਕੋਰਸ ਕਰਨਾ ਪਵੇਗਾ। ਦੋਵੇਂ ਹਾਲਾਤ ’ਚ ਤਿੰਨ ਮਹੀਨੇ ਲਈ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਉਸ ਨੂੰ ਨਜ਼ਦੀਕੀ ਸਕੂਲ ’ਚ ਨੌਵੀਂ ਤੋਂ ਬਾਰ੍ਹਵੀਂ ਤਕ ਦੇ 20 ਵਿਦਿਆਰਥੀਆਂ ਨੂੰ ਦੋ ਘੰਟੇ ਲਈ ਟ੍ਰੈਫਿਕ ਨਿਯਮਾਂ ਬਾਰੇ ਵੀ ਪੜ੍ਹਾਉਣਾ ਪਵੇਗਾ। ਇਸ ਪਿੱਛੋਂ ਨੋਡਲ ਅਫ਼ਸਰ ਵੱਲੋਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਜ਼ਦੀਕੀ ਹਸਪਤਾਲ ’ਚ ਡਾਕਟਰ ਦੀ ਦੇਖ-ਰੇਖ ’ਚ ਦੋ ਘੰਟਿਆਂ ਤਕ ਸੇਵਾਵਾਂ ਦੇਣੀਆਂ ਪੈਣਗੀਆਂ ਜਾਂ ਫਿਰ ਨਜ਼ਦੀਕੀ ਬਲੱਡ ਬੈਂਕ ’ਚ ਇਕ ਯੂਨਿਟ ਖ਼ੂਨ ਦਾਨ ਕਰਨਾ ਪਵੇਗਾ। ਦੂਜੀ ਵਾਰੀ ਇਹ ਉਲੰਘਣਾ ਕਰਨ ’ਤੇ ਜੁਰਮਾਨੇ ਦੀ ਰਾਸ਼ੀ ਦੁੱਗਣੀ ਹੋ ਜਾਵੇਗੀ, ਪਰ ਸਮਾਜਿਕ ਸੇਵਾ ਇਹੀ ਰਹੇਗੀ।
ਲਾਲ ਬੱਤੀ ਦੀ ਉਲੰਘਣਾ ਕਰਨ 'ਤੇ ਪਹਿਲੀ ਵਾਰ ਇਕ ਹਜ਼ਾਰ ਰੁਪਏ ਜੁਰਮਾਨਾ ਅਤੇ ਦੂਜੀ ਜਾਂ ਇਸਤੋਂ ਵੱਧ ਵਾਰੀ ਦੋ ਹਜ਼ਾਰ ਰੁਪਏ ਜੁਰਮਾਨਾ ਅਤੇ ਦੋਵੇਂ ਮਾਮਲਿਆਂ ਵਿਚ ਤਿੰਨ ਮਹੀਨਿਆਂ ਲਈ ਲਾਇਸੰਸ ਮੁਅੱਤਲ ਕਰ ਦਿੱਤਾ ਜਾਵੇਗਾ।
ਡਰਾਈਵਿੰਗ ਵੇਲੇ ਮੋਬਾਈਲ ਫੋਨ ਦੀ ਵਰਤੋਂ ਕਰਨ 'ਤੇ ਪਹਿਲੀ ਵਾਰ ਪੰਜ ਹਜ਼ਾਰ ਰੁਪਏ ਜੁਰਮਾਨਾ, ਦੂਜੀ ਜਾਂ ਇਸਤੋਂ ਵੱਧ ਵਾਰੀ 'ਚ ਦੱਸ ਹਜ਼ਾਰ ਰੁਪਏ ਜੁਰਮਾਨਾ ਅਤੇ ਦੋਵੇਂ ਹਾਲਤਾਂ 'ਚ ਤਿੰਨ ਮਹੀਨਿਆਂ ਲਈ ਲਾਇਸੰਸ ਮੁਅੱਤਲ ਕਰ ਦਿੱਤਾ ਜਾਵੇਗਾ।
ਨਸ਼ੇ ਦੀ ਵਰਤੋਂ ਕਰ ਕੇ ਡਰਾਈਵਿੰਗ ਕਰਨ ’ਤੇ ਪਹਿਲੀ ਵਾਰੀ ਪੰਜ ਹਜ਼ਾਰ ਰੁਪਏ ਤੇ ਦੂਜੀ ਜਾਂ ਇਸਤੋਂ ਵੱਧ ਵਾਰੀ 10 ਹਜ਼ਾਰ ਰੁਪਏ ਜੁਰਮਾਨਾ ਹੋਵੇਗਾ। ਦੋਵੇਂ ਹਾਲਾਤ ’ਚ ਤਿੰਨ ਮਹੀਨੇ ਲਈ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ। ਇਸ ਵਾਰੀ ਵੀ ਉਲੰਘਣਾ ਕਰਨ ਵਾਲੇ ਨੂੰ ਨਜ਼ਦੀਕੀ ਸਕੂਲ ’ਚ ਨੌਵੀਂ ਤੋਂ ਬਾਰ੍ਹਵੀਂ ਤਕ ਦੇ 20 ਵਿਦਿਆਰਥੀਆਂ ਨੂੰ ਦੋ ਘੰਟੇ ਲਈ ਟ੍ਰੈਫਿਕ ਨਿਯਮਾਂ ਬਾਰੇ ਪੜ੍ਹਾਉਣਾ ਪਵੇਗਾ। ਇਸ ਪਿੱਛੋਂ ਨੋਡਲ ਅਫ਼ਸਰ ਵੱਲੋਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦੂਜਾ ਆਪਸ਼ਨ ਹੈ ਨਜ਼ਦੀਕੀ ਹਸਪਤਾਲ ’ਚ ਡਾਕਟਰ ਦੀ ਦੇਖ-ਰੇਖ ’ਚ ਦੋ ਘੰਟਿਆਂ ਤਕ ਸੇਵਾਵਾਂ ਦੇਣੀਆਂ ਪੈਣਗੀਆਂ ਜਾਂ ਫਿਰ ਨਜ਼ਦੀਕੀ ਬਲੱਡ ਬੈਂਕ ’ਚ ਇਕ ਯੂਨਿਟ ਖ਼ੂਨ ਦਾਨ ਕਰਨਾ ਪਵੇਗਾ।
ਢੋਅ-ਢੁਆਈ ਵਾਲੇ ਵਾਹਨਾਂ 'ਚ ਓਵਰਲੋਡ ਹੋਣ ਦੀ ਸਥਿਤੀ 'ਚ ਅਤੇ ਢੋਅ-ਢੁਆਈ ਵਾਲੀਆਂ ਗੱਡੀਆਂ 'ਚ ਬੰਦਿਆਂ ਨੂੰ ਲੈ ਜਾਣ ਦੇ ਮਾਮਲੇ 'ਚ ਤਿੰਨ ਮਹੀਨਿਆਂ ਲਈ ਲਾਇਸੰਸ ਮੁਅਤੱਲ ਹੋਣ ਦੇ ਨਾਲ ਨਾਲ ਪਹਿਲੀ ਵਾਰ ਵੀਹ ਹਜ਼ਾਰ ਰੁਪਏ ਜੁਰਮਾਨਾ, ਦੂਜੀ ਜਾਂ ਇਸ ਤੋਂ ਜ਼ਿਆਦਾ ਵਾਰ ਚਾਲੀ ਹਜ਼ਾਰ ਰੁਪਏ ਜੁਰਮਾਨਾ ਲੱਗੇਗਾ ਅਤੇ ਇਸ ਦੇ ਨਾਲ ਹੀ ਜਿਨ੍ਹੇ ਟਨ ਓਵਰਲੋਡ ਹੋਵੇਗਾ ਪ੍ਰਤੀ ਟਨ ਦੇ ਹਿਸਾਬ ਨਾਲ ਦੋ ਹਜ਼ਾਰ ਰੁਪਏ ਦਾ ਜੁਰਮਾਨਾ ਲੱਗੇਗਾ।
ਅੰਤ ਵਿਚ ਦੋ ਪਹੀਆ ਵਾਹਨ ਉੱਤੇ 2 ਤੋਂ ਵੱਧ ਜਾਣਿਆਂ ਦੀ ਸਵਾਰੀ ਉੱਤੇ ਪਹਿਲੀ ਵਾਰੀ 'ਚ ਇੱਕ ਹਜ਼ਾਰ ਰੁਪਏ ਜੁਰਮਾਨਾ ਅਤੇ ਦੂਜੀ ਜਾਂ ਇਸਤੋਂ ਵੱਧ ਵਰੀ 'ਤੇ ਦੋ ਹਜ਼ਾਰ ਰੁਪਏ ਜੁਰਮਾਨੇ ਦੇ ਨਾਲ ਨਾਲ ਤਿੰਨ ਮਹੀਨਿਆਂ ਲਈ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ।
- ਰਿਪੋਰਟਰ ਗਗਨਦੀਪ ਸਿੰਘ ਅਹੂਜਾ ਦੇ ਸਹਿਯੋਗ ਨਾਲ
-PTC News