ਲੁਧਿਆਣਾ 'ਚ ਸਿੰਗਲ ਯੂਜ਼ ਪਲਾਸਟਿਕ ਨੂੰ ਲੈਕੇ ਨਵੇਂ ਨਿਯਮ ਜਾਰੀ
ਲੁਧਿਆਣਾ, 3 ਅਕਤੂਬਰ: ਨਗਰ ਨਿਗਮ ਦੀ ਕਮਿਸ਼ਨਰ ਸ਼ੇਨਾ ਅਗਰਵਾਲ ਨੇ ਸਵੱਛ ਭਾਰਤ ਅਭਿਆਨ ਤਹਿਤ 'ਮੇਰਾ ਥੇਲਾ ਮੇਰੀ ਸ਼ਾਨ' ਦੇ ਨਾਅਰੇ ਨਾਲ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਲਗਾਉਣ ਲਈ ਜਾਗਰੂਕਤਾ ਮੁਹਿੰਮ ਚਲਾਈ ਹੈ। ਇਸ ਦੇ ਨਾਲ ਹੀ ਸਿਹਤ ਸ਼ਾਖਾ ਦੇ ਅਧਿਕਾਰੀ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਦੀ ਮਦਦ ਨਾਲ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਜਾਂ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਤੇਜ਼ ਕਰਨਗੇ। ਇਸ ਰਿਕਵਰੀ ਦੌਰਾਨ ਵਜ਼ਨ ਦੇ ਹਿਸਾਬ ਨਾਲ ਜੁਰਮਾਨਾ ਲਗਾਇਆ ਜਾਵੇਗਾ, ਜਿਸ ਦਾ ਅੰਕੜਾ 2 ਤੋਂ 25 ਹਜ਼ਾਰ ਤੱਕ ਦੱਸਿਆ ਜਾ ਰਿਹਾ ਹੈ। ਇਸ ਦੇ ਲਈ ਨਗਰ ਨਿਗਮ ਵੱਲੋਂ ਚਲਾਨ ਕੱਟਣ ਦਾ ਤਰੀਕਾ ਬਦਲਿਆ ਜਾ ਰਿਹਾ ਹੈ। ਇਸ ਸਬੰਧੀ ਪ੍ਰਸਤਾਵ ਮੰਗਲਵਾਰ ਨੂੰ ਹੋਣ ਵਾਲੀ ਜਨਰਲ ਹਾਊਸ ਦੀ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ, ਠੋਸ ਰਹਿੰਦ-ਖੂੰਹਦ ਪ੍ਰਬੰਧਨ ਨਿਯਮਾਂ ਦੀ ਪਾਲਣਾ ਨਾ ਕਰਨ ਲਈ ਚਲਾਨ ਕੱਟਣ ਦੇ ਵੇਰਵਿਆਂ ਵਿੱਚ ਪਾਬੰਦੀਸ਼ੁਦਾ ਪਲਾਸਟਿਕ ਕੈਰੀ ਬੈਗ ਵੇਚਣ ਜਾਂ ਵਰਤਣ ਵਾਲਿਆਂ 'ਤੇ ਜੁਰਮਾਨਾ ਲਗਾਇਆ ਜਾਣਾ ਵੀ ਸ਼ਾਮਲ ਹੈ। ਇਹ ਵੀ ਪੜ੍ਹੋ: ਪੁਲਿਸ ਨੇ ਹੈਰੋਇਨ ਦੀ ਖੇਪ ਸਮੇਤ ਜਿੰਮ ਟ੍ਰੇਨਰ ਕੀਤਾ ਗ੍ਰਿਫ਼ਤਾਰ ਹੁਣ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਲਗਾਉਣ ਲਈ ਨਵੇਂ ਨਿਯਮ ਜਾਰੀ ਕੀਤੇ ਗਏ ਹਨ। ਇਸ ਅਨੁਸਾਰ ਇੱਕ ਵੱਖਰੇ ਚਲਾਨ 'ਤੇ ਕਾਰਵਾਈ ਕਰਨ ਦੀ ਯੋਜਨਾ ਬਣਾਈ ਗਈ ਹੈ, ਜਿਸ ਵਿੱਚ ਆਈਟਮ ਅਨੁਸਾਰ ਜੁਰਮਾਨੇ ਦੇ ਵੇਰਵੇ ਸ਼ਾਮਲ ਹੋਣਗੇ। -PTC News