ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਸਿੱਖ ਜਰਨੈਲਾਂ ਵੱਲੋਂ ਦਿੱਲੀ ਦੇ ਕਿਲੇ 'ਤੇ ਜਿੱਤ ਭਾਰਤ ਦੀ ਆਜ਼ਾਦੀ ਦੀ ਪਹਿਲੀ ਜਿੱਤ ਸੀ : ਸਿਰਸਾ
ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਸਿੱਖ ਜਰਨੈਲਾਂ ਵੱਲੋਂ ਦਿੱਲੀ ਦੇ ਕਿਲੇ 'ਤੇ ਜਿੱਤ ਭਾਰਤ ਦੀ ਆਜ਼ਾਦੀ ਦੀ ਪਹਿਲੀ ਜਿੱਤ ਸੀ : ਸਿਰਸਾ,ਨਵੀਂ ਦਿੱਲੀ : ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਉਹਨਾਂ ਦੇ ਨਾਲ ਬਾਬਾ ਬਘੇਲ ਸਿੰਘ ਅਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਫੌਜ ਨੇ 11 ਮਾਰਚ 1783 ਨੂੰ ਦਿੱਲੀ ਦੇ ਕਿਲੇ 'ਤੇ ਫਤਿਹ ਦਰਜ ਕੀਤੀ ਸੀ ਤੇ ਇਹ ਭਾਰਤ ਦੀ ਆਜ਼ਾਦੀ ਦੀ ਪਹਿਲੀ ਵੱਡੀ ਜਿੱਤ ਸੀ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ। ਅੱਜ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ 296ਵੇਂ ਜਨਮ ਦਿਵਸ ਮੌਕੇ ਸਮੁੱਚੀ ਸੰਗਤ ਨੂੰ ਵਧਾਈ ਦਿੰਦਿਆਂ ਸਿਰਸਾ ਨੇ ਆਖਿਆ ਕਿ ਸਿੰਘਾਂ ਤੋਂ ਪਹਿਲਾਂ ਕਦੇ ਕਿਸੇ ਭਾਰਤੀ ਦਲ ਨੇ ਦਿੱਲੀ ਦੇ ਕਿਲੇ 'ਤੇ ਫਤਿਹ ਦਰਜ ਨਹੀਂ ਕੀਤੀ। ਉਹਨਾਂ ਦੱਸਿਆ ਕਿ ਜਿਸ ਥਾਂ ਤੋਂ ਸਿੰਘ ਲੱਕੜ ਦੇ ਮੋਛੇ ਨਾਲ ਕੰਧ ਤੋੜ ਕੇ ਕਿਲੇ ਅੰਦਰ ਦਾਖਲ ਹੋਏ ਉਸ ਥਾਂ ਨੂੰ ਅੱਜ ਮੋਰੀ ਗੇਟ ਆਖਿਆ ਜਾਂਦਾ ਹੈ ਜਿਥੇ ਆਈ ਐਸ ਬੀ ਟੀ ਸਥਿਤ ਹੈ। ਸਿਰਸਾ ਨੇ ਕਿਹਾ ਕਿ ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਹੋਰ ਸਿੰਘਾਂ ਨੇ ਪਹਿਲੀ ਵਾਰ ਦਿੱਲੀ ਦੇ ਕਿਲੇ 'ਤੇ ਨਿਸ਼ਾਨ ਸਾਹਿਬ ਲਹਿਰਾਇਆ ਤੇ ਬਾਦਸ਼ਾਹ ਦੇ ਤਖਤ ਦੀਵਾਨ ਏ ਆਮ 'ਤੇ ਕਬਜ਼ਾ ਕੀਤਾ। ਉਹਨਾਂ ਦੱਸਿਆ ਕਿ ਇਹ ਤਖਤ ਜਿਸਨੂੰ ਤਖਤ ਏ ਤਾਊਸ ਕਹਿੰਦੇ ਸਨ, ਸ੍ਰ ਰਾਮਗੜੀਆ ਵੱਲੋਂ ਅੰਮ੍ਰਿਤਸਰ ਵਿਖ ਲਿਜਾਇਆ ਗਿਆ ਜਿਥੇ ਅੱਜ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਬੁੰਗਾ ਰਾਮਗੜੀਆ ਵਿਖੇ ਇਹ ਅੱਜ ਵੀ ਪਿਆ ਹੈ। ਹੋਰ ਪੜ੍ਹੋ:ਵਿਧਾਨ ਸਭਾ ‘ਚ ਲੋਕਾਂ ਦੀ ਆਵਾਜ਼ ਨੂੰ ਕੁਚਲਿਆ ਗਿਆ ਹੈ: ਮਜੀਠੀਆ ਉਹਨਾਂ ਕਿਹਾ ਕਿ ਸ੍ਰ ਜੱਸਾ ਸਿੰਘ ਰਾਮਗੜੀਆ ਮਹਾਨ ਸਿੱਖ ਜਰਨੈਲ ਸਨ ਜਿਹਨਾਂ ਨੇ ਸਾਰੀ ਕੌਮ ਨੂੰ ਅਗਵਾਈ ਦਿੱਤੀ ਤੇ ਉਹਨਾਂ ਦੀ ਅਗਵਾਈ ਹੇਠ ਸਿੱਖ ਫੌਜ ਨੇ ਕਈ ਅਹਿਮ ਜੰਗਾਂ ਸਰ ਕੀਤੀਆਂ। ਉਹਨਾਂ ਕਿਹਾ ਕਿ ਸ੍ਰ ਰਾਮਗੜੀਆ ਤੇ ਬਾਬਾ ਬਘੇਲ ਸਿੰਘ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਬੁੱਤ ਸਥਾਪਿਤ ਕਰ ਕੇ ਡੀ ਐਸ ਜੀ ਐਮ ਸੀ ਆਪਣੇ ਆਪ ਨੂੰ ਵਡਭਾਗਾ ਸਮਝਦੀ ਹੈ। ਉਹਨਾਂ ਕਿਹਾ ਕਿ ਕੌਮੀ ਰਾਜਧਾਨੀ ਵਿਚ ਸਥਾਪਿਤ ਕੀਤੇ ਗਏ ਇਹ ਬੁੱਤ ਅੱਜ ਸਾਡੇ ਲਈ ਮਾਰਗ ਦਰਸ਼ਕ ਬਣ ਗਏ ਹਨ। ਸਮੁੱਚੀ ਨੌਜਵਾਨ ਪੀੜੀ ਨੂੰ ਮਹਾਨ ਸਿੱਖ ਜਰਨੈਲਾਂ ਦੀ ਦਲੇਰੀ, ਬਹਾਦਰੀ, ਜੀਵਨ ਸ਼ੈਲੀ ਤੇ ਗੁਰੂ ਸਾਹਿਬ ਪ੍ਰਤੀ ਵਚਨਬੱਧਤਾ ਤੋਂ ਸੇਧ ਲੈਣ ਦੀ ਅਪੀਲ ਕਰਦਿਆਂ ਸ੍ਰ ਸਿਰਸਾ ਨੇ ਕਿਹਾ ਕਿ ਨੌਜਵਾਨਾਂ ਨੂੰ ਇਹਨਾਂ ਜਰਨੈਲਾਂ ਦੇ ਜੀਵਨ ਤੋਂ ਸੇਧ ਲੈ ਕੇ ਸਿੱਖੀ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ ਤੇ ਆਪਣਾ ਜੀਵਨ ਉਚਾ ਤੇ ਸੁੱਚਾ ਬਣਾਉਣਾ ਚਾਹੀਦਾ ਹੈ। ਹੋਰ ਪੜ੍ਹੋ:ਆਪ’ ਦੀ ਪੰਜਾਬ ਅੰਦਰ ਸਿਆਸੀ ਹੋਂਦ ਖ਼ਤਮ ਹੋ ਚੁੱਕੀ ਹੈ: ਅਕਾਲੀ ਦਲ ਉਹਨਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਦੇਸ਼ ਦੇ ਲੋਕ ਅੱਜ ਇਹਨਾਂ ਮਹਾਨ ਜਰਨੈਲਾਂ ਨੂੰ ਭੁੱਲ ਗਏ ਹਨ ਪਰ ਡੀ ਐਸ ਜੀ ਐਮ ਸੀ ਨੇ ਆਪਣਾ ਫਰਜ਼ ਕਦੇ ਨਹੀਂ ਭੁੱਲਿਆ ਤੇ ਇਹਨਾਂ ਵੱਲੋਂ ਦਿੱਲੀ 'ਤੇ ਕੀਤੀ ਫਤਿਹ ਦੇ ਜਸ਼ਨ ਅੱਜ ਵੀ ਦਿੱਲੀ ਫਤਿਹ ਦਿਵਸ ਦੇ ਰੂਪ ਵਿਚ ਪਿਛਲੇ ਛੇ ਸਾਲ ਤੋਂ ਮਲਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਜਿਥੇ ਬਾਬਾ ਜੱਸਾ ਸਿੰਘ ਰਾਮਗੜੀਆ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਬਘੇਲ ਸਿੰਘ ਦੇ ਬੁੱਤ ਸਥਾਪਿਤ ਹੋ ਚੁੱਕੇ ਹਨ, ਉਥੇ ਹੀ ਬਾਬਾ ਤਾਰਾ ਸਿੰਘ ਗੇਬਾ ਤੇ ਮਹਾਂ ਸਿੰਘ ਸ਼ੁੱਕਰਚੱਕੀਆ ਦੇ ਬੁੱਤ ਸਥਾਪਿਤ ਕੀਤੇ ਜਾ ਰਹੇ ਹਨ। -PTC News