ਹਸਪਤਾਲ ਦੀ ਵੱਡੀ ਲਾਪਰਵਾਹੀ :11 ਸਾਲਾ ਬੱਚੇ ਨੂੰ ਚੜ੍ਹਾਇਆ HIV ਪਾਜ਼ੇਟਿਵ ਦਾ ਖੂਨ
Bathinda : ਇਕ ਸਮਾਂ ਸੀ ਜਦ ਲੋਕ ਡਾਕਟਰਾਂ 'ਤੇ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਸਨ ,ਪਰ ਹੁਣ ਸਮਾਂ ਅਜਿਹਾ ਆ ਚੁੱਕਿਆ ਹੈ ਜਦ ਹਸਪਤਾਲ 'ਚ ਡਾਕਟਰਾਂ ਦੀਆਂ ਵੱਡੀਆਂ ਲਾਪ੍ਰਵਾਹੀਆਂ ਸਾਹਮਣੇ ਆ ਰਹੀਆਂ ਹਨ ਜਿਥੇ ਲੋਕਾਂ ਦੀ ਜਾਨ ਤੱਕ 'ਤੇ ਬਣ ਆਉਂਦੀ ਹੈ । ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਬਠਿੰਡਾ ਦੇ ਸਿਵਲ ਹਸਪਤਾਲ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿਸ ਵਿਚ 11 ਸਾਲਾ ਮਾਸੂਮ ਬਚੇ ਦੀ ਜ਼ਿੰਦਗੀ ਨਾਲ ਅਜਿਹਾ ਖਿਲਵਾੜ ਕੀਤਾ ਗਿਆ ਕਿ ਬੱਚਾ ਏਡਜ਼ ਦੀ ਲਪੇਟ 'ਚ ਆ ਗਿਆ। ਦੱਸਣਯੋਗ ਹੈ ਕਿ ਬੱਚਾ ਪਹਿਲਾਂ ਥੈਲੇਸੀਮੀਆ ਦੀ ਬੀਮਾਰੀ ਨਾਲ ਜੂਝ ਰਿਹਾ ਸੀ। ਜਿਸ ਦੇ ਇਲਾਜ ਲਈ ਉਸਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਥੇ ਉਸ ਦੇ ਖੂਨ ਦੀ ਤਬਦੀਲੀ ਕੀਤੀ ਗਈ। ਪਰ ਇਸ ਤਬਦੀਲੀ 'ਚ ਵੱਡੀ ਲਾਪ੍ਰਵਾਹੀ ਦਿਖਾਈ ਗਈ ਅਤੇ ਕਿਸੇ ਏਡਸ ਪੀੜਿਤ ਦਾ ਖੂਨ ਮਾਸੂਮ ਨੂੰ ਚੜ੍ਹਾ ਦਿੱਤਾ। ਉਥੇ ਹੀ ਬੱਚੇ ਦੇ ਮਾਤਾ ਪਿਤਾ ਵੱਲੋ ਖ਼ਬਰ ਸੁਣ ਕੇ ਬੁਰਾ ਹਾਲ ਹੋ ਗਿਆ ਹੈ । ਪੀੜਤ ਪਰਿਵਾਰ ਨੇ ਸਿਵਲ ਸਰਜਨ ਨੂੰ ਸ਼ਿਕਾਇਤ ਦੇ ਕੇ ਚੀਫ਼ ਮੈਡੀਕਲ ਅਫਸਰ (ਸੀ.ਐੱਮ.ਓ.) ਤੋਂ ਜਾਂਚ ਦੀ ਮੰਗ ਕੀਤੀ ਹੈ। ਪਰਿਵਾਰ ਅਨੁਸਾਰ ਖੂਨ ਚੜ੍ਹਾਉਣ ਲਈ ਬਲੱਡ ਬੈਂਕ ਦਾ ਇਕ ਕਰਮਚਾਰੀ ਆਇਆ ਅਤੇ ਬੱਚੇ ਦੇ ਖੂਨ ਦਾ ਸੈਂਪਲ ਲੈ ਕੇ ਗਿਆ। ਬੱਚੇ ਦੀ ਮਾਂ ਨੇ ਦੱਸਿਆ ਜਿਸ ਸਮੇਂ ਸੈਂਪਲ ਲਿਆ ਗਿਆ, ਉਹ ਉੱਥੇ ਨਹੀਂ ਸੀ। ਬਾਅਦ 'ਚ ਹਸਪਤਾਲ ਦੇ ਸਟਾਫ਼ ਨੇ ਦੱਸਿਆ ਕਿ ਬਲੱਡ ਬੈਂਕ ਦਾ ਕਰਮਚਾਰੀ ਸੈਂਪਲ ਲੈ ਕੇ ਗਿਆ। ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਸੈਂਪਲ ਕਿਸ ਟੈਸਟ ਲਈ ਲਿਆ ਗਿਆ, ਜਦਕਿ ਡਾਕਟਰ ਨੇ ਕੋਈ ਟੈਸਟ ਨਹੀਂ ਲਿਖਿਆ। ਉਨ੍ਹਾਂ ਦੋਸ਼ ਲਾਇਆ ਕਿ ਸਟਾਫ਼ ਨੇ ਪੁਰਾਣੀ ਪਰਚੀ ਪਾੜ ਕੇ ਹੱਥ ਨਾਲ ਨਵੀਂ ਪਰਚੀ ਬਣਾ ਕੇ ਉਸ 'ਚ ਐੱਚ. ਆਈ. ਵੀ. ਸਣੇ ਹੋਰ ਟੈਸਟ ਲਿਖ ਦਿੱਤੇ। ਇਸ ਦੇ ਬਾਅਦ ਬਲੱਡ ਬੈਂਕ ਦੇ ਕਰਮਚਾਰੀ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਐੱਚ. ਆਈ. ਵੀ. ਪਾਜ਼ੇਟਿਵ ਹੈ। ਇਸ ਵੱਡੀ ਲਾਪਰਵਾਹੀ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਪ੍ਰਸ਼ਾਸਨ ਹਰਕਤ 'ਚ ਆਇਆ ਹੈ ਅਤੇ ਦੋਸ਼ੀ ਕਰਮਚਾਰੀਆਂ 'ਤੇ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ।