ਕਿਸਾਨ ਦੀ ਆਮਦਨ ਵਧਾਉਣ ਲਈ ਮਿਲ ਕੇ ਕੰਮ ਕਰਨ ਦੀ ਲੋੜ : ਹਰਪਾਲ ਚੀਮਾ
ਅੰਮ੍ਰਿਤਸਰ-ਪੰਜਾਬ ਰਾਜ ਦੇ ਸਮੁੱਚੇ ਬੈਂਕਾਂ ਦੀ 160ਵੀਂ ਮੀਟਿੰਗ ਨੂੰ ਸੰਬੋਧਨ ਕਰਦੇ ਕੇਂਦਰੀ ਰਾਜ ਮੰਤਰੀ ਡਾ. ਭਗਵਤ ਕਰਦ ਨੇ ਪੰਜਾਬ ਦੇ ਬੈਂਕਾਂ ਦੀ ਕਾਰਗੁਜ਼ਾਰੀ ਦੀ ਸਰਾਹਨਾ ਕਰਦੇ ਕਿਹਾ ਕਿ ਇਹ ਦੇਸ਼ ਦੇ ਕਈ ਰਾਜਾਂ ਤੋਂ ਬਿਹਤਰ ਹੈ, ਪਰ ਇਸ ਵਿਚ ਅਜੇ ਕਈ ਖੇਤਰ ਸੁਧਾਰ ਦੀ ਮੰਗ ਕਰਦੇ ਹਨ। ਉਨਾਂ ਕਿਹਾ ਕਿ ਬੈਂਕਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ, ਇਸ ਲਈ ਬੈਂਕਾਂ ਨੂੰ ਪੰਜਾਬ ਦੇ ਦਿਹਾਤੀ ਖੇਤਰ ਵਿਚ ਕਰਜ਼ਾ ਸਹੂਲਤਾਂ ਵਿਚ ਵਾਧਾ ਕਰਨਾ ਚਾਹੀਦਾ ਹੈ, ਜਿਸ ਨਾਲ ਇਕ ਤਾਂ ਲੋਕਾਂ ਕੋਲ ਪੈਸੇ ਜਾਵੇਗਾ ਅਤੇ ਲੋਕ ਪੈਰਾਂ ਸਿਰ ਖੜੇ ਹੋਣਗੇ, ਉਥੇ ਬੈਂਕ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ। ਉਨਾਂ ਕਿਹਾ ਕਿ ਬੈਂਕ ਪ੍ਰਧਾਨ ਮੰਤਰੀ ਜਨ-ਧਨ ਖਾਤੇ, ਕਿਸਾਨ ਕਰੈਡਿਟ ਕਾਰਡ ਅਤੇ ਰੁਪੈ ਕਾਰਡ ਵਿਚ ਹੋਰ ਵਾਧਾ ਕਰਨ, ਜਿਸ ਨਾਲ ਲੋਕ ਵਿੱਤੀ ਤੌਰ ਉਤੇ ਮਜ਼ਬੂਤ ਹੋਣਗੇ। ਉਨਾਂ ਅੰਮ੍ਰਿਤਸਰ, ਬਰਨਾਲਾ ਅਤੇ ਫਤਿਹਗੜ੍ਹ੍ਹ ਸਾਹਿਬ ਜਿਲਿਆਂ ਦੇ ਬੈਂਕਾਂ ਵੱਲੋਂ ਆਪਣੇ ਮਿੱਥੇ ਟੀਚੇ ਅਨੁਸਾਰ ਕਰਜ਼ਾ ਦੇਣ ਉਤੇ ਵਧਾਈ ਦਿੱਤੀ। ਸ੍ਰੀ ਕਰਦ ਨੇ ਕਿਹਾ ਕਿ ਬੈਂਕ ਸਹੀ ਅਰਥਾਂ ਵਿਚ ਲੋਕਾਂ ਦੀ ਤਕਦੀਰ ਬਦਲਣ ਦੀ ਸਮਰੱਥਾ ਰੱਖਦੇ ਹਨ ਅਤੇ ਇਸ ਆਸ਼ੇ ਦੀ ਪੂਰਤੀ ਲਈ ਹੀ ਕੰਮ ਕਰਨ ਦੀ ਲੋੜ ਹੈ। ਲੋਕਾਂ ਨਾਲ ਆਨ-ਲਾਈਨ ਪੈਸੇ ਦੀਆਂ ਹੋ ਰਹੀਆਂ ਠੱਗੀਆਂ ਬਾਰੇ ਬੋਲਦੇ ਸ੍ਰੀ ਕਰਦ ਨੇ ਕਿਹਾ ਕਿ ਅਸੀਂ ਨਾਬਾਰਡ ਨਾਲ ਮਿਲਕੇ ਪੰਜਾਬ ਦੇ ਹਰੇਕ ਜਿਲ੍ਹੇ ਵਿਚ ਇਕ-ਇਕ ਵਿੱਤੀ ਜਾਗਰੂਕਤਾ ਵੈਨ ਭੇਜ ਰਹੇ ਹਾਂ, ਜੋ ਕਿ ਲੋਕਾਂ ਨੂੰ ਵਿੱਤੀ ਤੌਰ ਉਤੇ ਸ਼ਾਖਰ ਕਰਨਗੀਆਂ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਸਾਡਾ ਕਿਸਾਨ ਦੇਸ਼ ਦੀ ਅੰਨ ਲੋੜਾਂ ਦੀ ਪੂਰਤੀ ਕਰਦਾ ਹੈ, ਪਰ ਇਸ ਵੇਲੇ ਖੇਤੀ ਮੁਨਾਫੇ ਦਾ ਧੰਦਾ ਨਹੀਂ ਰਹੀ, ਜਿਸ ਲਈ ਕੰਮ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਕਿਸਾਨ ਗਰੁੱਪਾਂ ਨੂੰ ਕਰਜ਼ਾ ਦੇ ਕੇ ਬੈਂਕ ਇਸ ਵਿਚ ਯੋਗਦਾਨ ਪਾ ਸਕਦੇ ਹਨ, ਜਿਸ ਨਾਲ ਕਿਸਾਨ ਦੇ ਖੇਤੀ ਖਰਚੇ ਘੱਟ ਹੋਣਗੇ ਤੇ ਮੁਨਾਫਾ ਵਧੇਗਾ। ਉਨਾਂ ਕਿਹਾ ਕਿ ਪੰਜਾਬ ਬੁਨਿਆਦੀ ਢਾਂਚੇ ਦੇ ਪੱਖ ਤੋਂ ਦੇਸ਼ ਦੇ ਸੂਬਿਆਂ ਤੋਂ ਬਹੁਤ ਅੱਗੇ ਹੈ, ਪਰ ਇਸ ਦੀ ਖੁਸ਼ਹਾਲੀ ਲਈ ਕੰਮ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਅਸੀਂ ਸਾਰੇ ਵਰਗਾਂ ਦੀ ਭਲਾਈ ਲਈ ਯਤਨਸ਼ੀਲ ਹਾਂ ਤੇ ਇਸ ਵੇਲੇ ਸਾਡਾ ਜ਼ਿਆਦਾ ਧਿਆਨ ਸਿੱਖਿਆ ਤੇ ਸਿਹਤ ਉਤੇ ਕੇਂਦਰਤ ਹੈ। ਵਧੀਕ ਮੁੱਖ ਸਕੱਤਰ ਵਿਤ ਕੇ ਪੀ ਸਿਨਹਾ ਨੇ ਪੰਜਾਬ ਦੇ ਖੇਤੀ ਉਤਪਾਦ ਨੂੰ ਭੰਡਾਰ ਕਰਨ ਵਾਸਤੇ ਕੇਂਦਰ ਤੋਂ ਸਹਿਯੋਗ ਦੀ ਮੰਗ ਕੀਤੀ। ਉਨਾਂ ਕਿਹਾ ਕਿ ਅਸੀਂ ਚੌਲ ਖਾਂਦੇ ਨਹੀਂਂ, ਪਰ ਪੈਦਾ ਕਰਕੇ ਦੇਸ਼ ਨੂੰ ਦੇ ਰਹੇ ਹਾਂ। ਇਸੇ ਤਰਾਂ ਕਣਕ ਆਪਣੀ ਲੋੜ ਤੋਂ ਕਿਤੇ ਵੱਧ ਪੈਦਾ ਕਰ ਰਹੇ ਹਾਂ, ਪਰ ਸਾਡੇ ਕੋਲ ਅਨਾਜ ਅਤੇ ਹੋਰ ਫਸਲਾਂ ਦੇ ਭੰਡਾਰ ਲਈ ਆਧੁਨਿਕ ਸਹੂਲਤਾਂ ਦੀ ਵੱਡੀ ਘਾਟ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਚੇਅਰਮੈਨ ਬੈਂਕਰ ਕਮੇਟੀ ਸਵਰੂਪ ਕੁਮਾਰ ਸਾਹਾ, ਰਿਜ਼ਰਵ ਬੈਂਕ ਦੇ ਖੇਤਰੀ ਡਾਇਰੈਕਟਰ ਸ੍ਰੀ ਐਮ ਕੇ ਮੱਲ, ਯੂ ਆਈ ਡੀ ਆਈ ਦੇ ਡਿਪਟੀ ਡਾਇਰੈਕਟਰ ਮੈਡਮ ਭਾਵਨਾ ਗਰਗ, ਸੈਕਟਰੀ ਵਿਤ ਸ੍ਰੀਮਤੀ ਗਰਿਮਾ ਸਿੰਘ, ਜਨਰਲ ਮੈਨੇਜਰ ਨਾਬਾਰਡ ਸ੍ਰੀ ਰਘੂਨਾਥ ਬੀ, ਸ੍ਰੀ ਸਮੰਥਾ ਮੋਹੰਤੀ ਕਨਵੀਨਰ ਬੈਂਕਰ ਕਮੇਟੀ, ਐਮ ਡੀ ਸਹਿਕਾਰੀ ਬੈਂਕ ਸ੍ਰੀ ਭਾਸਕਰ ਕਟਾਰੀਆ, ਲੀਡ ਬੈਂਕ ਮੈਨੇਜਰ ਸ. ਪ੍ਰੀਤਮ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਇਹ ਵੀ ਪੜ੍ਹੋ:'ਆਪ' ਨੇ ਮੰਗੀ ਕੈਪਟਨ ਅਮਰਿੰਦਰ ਸਿੰਘ ਤੋਂ ਪਿਛਲੀ ਸਰਕਾਰ ਦੇ ਭ੍ਰਿਸ਼ਟ ਮੰਤਰੀਆਂ ਦੀ ਲਿਸਟ