ਐਨਸੀਐਸਸੀ ਵੱਲੋਂ ਪੰਜਾਬ ਪੁਲਿਸ ਦੇ ਡੀਜੀਪੀ ਤੇ ਡੀਜੀਪੀ ਜੇਲ੍ਹ ਦਿੱਲੀ ਤਲਬ
ਚੰਡੀਗੜ੍ਹ : ਅਮਰ ਸਿੰਘ ਡੀਐਸਪੀ (ਜੇਲ੍ਹਾਂ), ਪੰਜਾਬ ਪੁਲਿਸ ਪੰਜਾਬ ਪੁਲਿਸ, ਜ਼ਿਲ੍ਹਾ ਸੰਗਰੂਰ ਵੱਲੋਂ ਆਪਣੇ ਅਤੇ ਆਪਣੇ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਕਰਨ ਸਬੰਧੀ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ਦਾ ਸਖ਼ਤ ਨੋਟਿਸ ਲੈਂਦਿਆਂ ਐਨਸੀਐਸਸੀ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਪੰਜਾਬ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ। ਡੀਜੀਪੀ ਤੇ ਡੀਜੀਪੀ (ਜੇਲ੍ਹਾਂ) ਦੇ ਨਾਲ ਵਿਅਕਤੀਗਤ/ਨਿੱਜੀ ਸੁਣਵਾਈ 23 ਮਈ ਨੂੰ ਨਵੀਂ ਦਿੱਲੀ ਵਿੱਚ NCSC ਦੇ ਰਾਸ਼ਟਰੀ ਹੈੱਡਕੁਆਰਟਰ ਵਿਖੇ ਕਰਨ ਦਾ ਫ਼ੈਸਲਾ ਸੁਣਾਇਆ ਗਿਆ। NCSC ਨੇ ਪੰਜਾਬ ਪੁਲਿਸ ਨੂੰ ਸੁਣਵਾਈ ਦੀ ਤਰੀਕ ਤੋਂ ਪਹਿਲਾਂ ਤਾਜ਼ਾ ਸਥਿਤੀ ਰਿਪੋਰਟ ਦਾਇਰ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। NCSC ਦੇ ਪ੍ਰਧਾਨ ਵਿਜੇ ਸਾਂਪਲਾ ਨੂੰ ਲਿਖਤੀ ਸ਼ਿਕਾਇਤ ਦਾਇਰ ਕਰਦੇ ਹੋਏ ਡੀਐਸਪੀ (ਜੇਲ੍ਹਾਂ) ਅਮਰ ਸਿੰਘ ਨੇ ਕਿਹਾ, “ਮੈਂ ਐਸਸੀ ਸ਼੍ਰੇਣੀ ਨਾਲ ਸਬੰਧਤ ਹਾਂ ਅਤੇ ਮੈਂ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਦਾ ਵਸਨੀਕ ਹਾਂ। ਜਦੋਂ ਮੈਂ ਆਪਣੀ ਡਿਊਟੀ ਕਰ ਰਿਹਾ ਸੀ ਤਾਂ ਡੀਆਈਜੀ ਸੁਰਿੰਦਰ ਸਿੰਘ ਸੈਣੀ ਅਤੇ ਏਡੀਜੀਪੀ ਪੀਕੇ ਸਿਨਹਾ ਨੇ ਮੇਰੇ ਵਿਰੁੱਧ ਦੋ ਝੂਠੀਆਂ ਐਫਆਈਆਰ ਦਰਜ ਕਰਵਾਈਆਂ ਅਤੇ ਮੇਰੀ ਤਰੱਕੀ ਰੋਕਣ ਲਈ ਕਈ ਦੋਸ਼ ਲਾਏ। ਮੈਂ ਇਹ ਮਾਮਲਾ NCSC (ਚੰਡੀਗੜ੍ਹ ਦਫ਼ਤਰ) ਕੋਲ ਵੀ ਉਠਾਇਆ ਸੀ, ਜਿਨ੍ਹਾਂ ਨੇ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ, ਪੰਜਾਬ ਨੂੰ ਨਿਰਪੱਖ ਜਾਂਚ ਕਰ ਕੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਸਨ ਪਰ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ।" “ਇਸ ਦੌਰਾਨ ਸੰਗਰੂਰ ਪੁਲਿਸ ਨਿਯਮਿਤ ਤੌਰ 'ਤੇ ਉਸ ਦੀ ਰਿਹਾਇਸ਼ 'ਤੇ ਛਾਪੇਮਾਰੀ ਕਰ ਰਹੀ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪਰੇਸ਼ਾਨ ਤੇ ਧਮਕੀਆਂ ਦੇ ਰਹੀ ਹੈ। ਇਸ ਸਾਲ 5 ਮਈ ਨੂੰ ਪੰਜਾਬ ਪੁਲਿਸ ਦੇ ਇਕ ਐਸਐਚਓ ਨੇ ਸਬੰਧਤ ਮੈਜਿਸਟ੍ਰੇਟ ਦੀ ਆਗਿਆ ਤੋਂ ਬਿਨਾਂ ਮੇਰੇ ਘਰ ਛਾਪਾ ਮਾਰਿਆ ਤੇ ਮੇਰੀ ਪਤਨੀ ਅਤੇ ਭਰਾ ਨਾਲ ਦੁਰਵਿਵਹਾਰ ਕੀਤਾ। ਡੀਐਸਪੀ ਅਮਰ ਨੇ ਅੱਗੇ ਕਿਹਾ ਕਿ ਪੁਲਿਸ ਨੇ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਵੀ ਦਿੱਤੀ। ਇੰਨਾ ਹੀ ਨਹੀਂ ਪੁਲਿਸ ਅਫਸਰਾਂ ਨੇ ਫਿਰ ਮੇਰੇ ਪਰਿਵਾਰਕ ਮੈਂਬਰਾਂ ਤੋਂ ਤਿੰਨ ਮੋਬਾਈਲ ਫੋਨ ਖੋਹ ਲਏ ਅਤੇ ਫਰਾਰ ਹੋ ਗਏ। ਐਨਸੀਐਸਸੀ ਦੇ ਨਿਯਮਾਂ ਦੀ ਪ੍ਰਕਿਰਿਆ ਦੀ ਧਾਰਾ (7) ਨੂੰ ਲਾਗੂ ਕਰਦੇ ਹੋਏ ਪੰਜਾਬ ਪੁਲਿਸ ਨੂੰ ਸੂਚਿਤ ਕੀਤਾ ਕਿ ਅਮਰ ਸਿੰਘ, ਡੀਐਸਪੀ ਜੇਲ੍ਹ, ਵਿਰੁੱਧ ਥਾਣਾ ਸੰਗਰੂਰ ਸਿਟੀ ਵਿਖੇ ਦਰਜ ਐੱਫ.ਆਈ.ਆਰ. ਨੰ: 5/21 ਅਤੇ 35/22 ਕਮਿਸ਼ਨ ਕੋਲ ਵਿਚਾਰ ਅਧੀਨ ਹੈ। NCSC ਨੇ ਪੰਜਾਬ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ ਕਿ ਪੰਜਾਬ ਪੁਲਿਸ ਪਟੀਸ਼ਨਕਰਤਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰੇਗੀ ਅਤੇ ਜੇਕਰ ਉਹ ਅਜਿਹੀ ਗਲਤੀ ਕਰਦੇ ਹਨ ਤਾਂ ਕਮਿਸ਼ਨ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਅੱਤਿਆਚਾਰ ਰੋਕਥਾਮ ਐਕਟ 1989 ਦੇ ਤਹਿਤ ਲੋੜੀਂਦੀ ਕਾਰਵਾਈ ਕਰੇਗਾ। NCSC ਨੇ ਦੋਵਾਂ ਅਧਿਕਾਰੀਆਂ ਨੂੰ ਸਬੰਧਤ ਫਾਈਲਾਂ, ਕੇਸ ਡਾਇਰੀ ਆਦਿ ਸਮੇਤ ਸਾਰੇ ਸਬੰਧਤ ਦਸਤਾਵੇਜ਼ਾਂ ਦੇ ਨਾਲ ਇੱਕ ਨਵੀਂ ਰਿਪੋਰਟ ਲਿਆਉਣ ਲਈ ਵੀ ਕਿਹਾ ਹੈ। ਇਹ ਵੀ ਪੜ੍ਹੋ : ਮੁਹਾਲੀ ਇੰਟੈਲੀਜੈਂਸ ਧਮਾਕਾ, ਪੁਲਿਸ ਨੇ ਕੀਤੇ ਵੱਡੇ ਖ਼ੁਲਾਸੇ