'ਅਸਤੀਫੇ' ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਕੀਤੀ ਕਾਂਗਰਸੀ ਆਗੂਆਂ ਨਾਲ ਮੀਟਿੰਗ
ਲੁਧਿਆਣਾ : ਲੁਧਿਆਣਾ 'ਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਸਾਬਕਾ ਵਿਧਾਇਕਾਂ ਅਤੇ ਆਗੂਆਂ ਨਾਲ ਮੀਟਿੰਗ ਕੀਤੀ। ਸਾਬਕਾ ਮੰਤਰੀ ਅਤੇ ਸਾਬਕਾ ਵਿਧਾਇਕ ਰਾਕੇਸ਼ ਪਾਂਡੇ ਦੀ ਲੁਧਿਆਣਾ ਸਥਿਤ ਰਿਹਾਇਸ਼ 'ਤੇ ਨਵਜੋਤ ਸਿੰਘ ਸਿੱਧੂ ਅਤੇ ਹੋਰ ਕਾਂਗਰਸੀ ਆਗੂਆਂ, ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਦੀ ਦੋ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਮੀਟਿੰਗ ਸਮਾਪਤ ਹੋ ਗਈ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਪਾਰਟੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਮੀਟਿੰਗ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਹੋਈ ਹਾਰ ਨੂੰ ਲੈ ਕੇ ਮੰਥਨ ਕੀਤਾ ਗਿਆ। ਇਸ ਤੋਂ ਇਲਾਵਾ ਪਿਛਲੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਕੇਂਦਰੀ ਮੁਲਾਜ਼ਮਾਂ ਦੇ ਪੱਧਰ 'ਤੇ ਤਨਖ਼ਾਹ ਦੇਣ ਦਾ ਐਲਾਨ ਕਰਕੇ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਬਾਰੇ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਖ ਰੱਖਣ ਦੀ ਅਪੀਲ ਕਰ ਰਹੇ ਹਨ। ਮਾਮਲੇ 'ਚ ਭਗਵੰਤ ਮਾਨ ਨੂੰ ਵਿਰੋਧ ਪ੍ਰਗਟਾਉਣਾ ਚਾਹੀਦਾ ਹੈ ਜਾਂ ਵਿਰੋਧ ਕਰਨ ਲਈ ਸੜਕਾਂ 'ਤੇ ਉਤਰਨ ਜਾਂ ਸੁਪਰੀਮ ਕੋਰਟ ਦਾ ਰੁਖ ਕਰਨ। ਹਾਲਾਂਕਿ ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ 'ਤੇ ਚਰਚਾ ਹੋਈ। ਦੂਜੇ ਪਾਸੇ ਸਾਬਕਾ ਵਿਧਾਇਕ ਰਾਕੇਸ਼ ਪਾਂਡੇ ਨੇ ਕਿਹਾ ਹੈ ਕਿ ਮੀਟਿੰਗ ਵਿੱਚ ਪਾਰਟੀ ਦੀ ਹਾਰ ਦੇ ਕਾਰਨਾਂ ਨੂੰ ਲੈ ਕੇ ਮੰਥਨ ਹੋਇਆ। ਹਾਲਾਂਕਿ ਕਈ ਵਿਧਾਇਕਾਂ ਦੇ ਮੀਟਿੰਗ 'ਚ ਨਾ ਆਉਣ 'ਤੇ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਆਪਣਾ ਫੈਸਲਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਸੱਦਾ ਦਿੱਤਾ ਸੀ। ਇਸ ਮੀਟਿੰਗ ਸਬੰਧੀ ਮੀਡੀਆ ਨੂੰ ਜਾਣਕਾਰੀ ਨਹੀਂ ਦਿੱਤੀ ਗਈ ਸੀ। ਇਸ ਮੀਟਿੰਗ ਵਿੱਚ ਸੁਖਪਾਲ ਖਹਿਰਾ, ਮਹਿੰਦਰ ਸਿੰਘ ਕੇਪੀ, ਪਿਰਮਲ ਸਿੰਘ ਭੱਲਾ, ਹਰਵਿੰਦਰ ਲਾਡੀ, ਤਰਲੋਚਨ ਸਿੰਘ ਸੋਂਧ, ਜਗਦੇਵ ਸਿੰਘ, ਬਲਬੀਰ ਬਦੇਵਾਲ, ਨਾਜ਼ਰ ਸਿੰਘ ਮਾਨਸਾ, ਨਿਰਮਲ ਸਿੰਘ ਸ਼ੁਤਰਾਣਾ, ਸਰਬਜੀਤ ਸਿੰਘ, ਦਵਿੰਦਰ ਸਿੰਘ ਘੁਬਾਇਆ, ਕਮਲਜੀਤ ਬਰਾੜ, ਸੁਰਿੰਦਰ ਡਾਵਰ, ਅਸ਼ਵਨੀ ਸ਼ਰਮਾ ਆਦਿ ਮੌਜੂਦ ਹਨ। ਇਸ ਮੀਟਿੰਗ ’ਚ ਪਹੁੰਚੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਹਾਰ ਨੂੰ ਲੈਕੇ ਮੰਥਨ ਹੋ ਰਿਹਾ ਹੈ। ਇਸ ਮੌਕੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਬੇਸ਼ਕ ਅਸਤੀਫਾ ਦੇ ਦਿੱਤਾ ਹੈ, ਪਰ ਅਸਤੀਫਾ ਅਜੇ ਮਨਜ਼ੂਰ ਨਹੀਂ ਕੀਤਾ ਗਿਆ ਹੈ। ਪਰ ਕੰਮ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ। ਬਾਕੀ ਸਾਰੀਆਂ ਗੱਲਾਂ ਨੂੰ ਛੱਡ ਕੇ ਵੱਖ ਵੱਖ ਮੁੱਦਿਆਂ ’ਤੇ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿੱਚ ਕਮਲਦੀਪ ਬਰਾੜ ਤੇ ਹੋਰ ਕਾਂਗਰਸੀਆਂ ਨੇ ਮੰਗ ਕੀਤੀ ਕਿ ਨਵਜੋਤ ਸਿੰਘ ਸਿੱਧੂ ਹੀ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਉਤੇ ਰਹਿਣ। ਇਸ ਤੋਂ ਪਹਿਲਾ ਨਵਜੋਤ ਸਿੰਘ ਸਿੱਧੂ ਨੇ ਆਪਣੇ ਘਰ ਮੀਟਿੰਗ ਕੀਤੀ ਸੀ। ਇਸ ਤੋਂ ਬਾਅਦ ਸੁਲਤਾਨਪੁਰ ਲੋਧੀ ਤੇ ਕਪੂਰਥਲਾ ਵਿੱਚ ਮੀਟਿੰਗਾਂ ਕੀਤੀਆਂ ਹਨ, ਜਿਨ੍ਹਾਂ ਵਿੱਚ ਸਾਬਕਾ ਵਿਧਾਇਕ ਤੇ ਕਾਂਗਰਸੀ ਆਗੂ ਮੌਜੂਦ ਸਨ। ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਦੀ ਹੋਈ ਹਾਰ ਤੋਂ ਬਾਅਦ ਸੋਨੀਆ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਤੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਮੰਗ ਲਿਆ ਸੀ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਆਪਣਾ ਅਸਤੀਫਾ ਭੇਜ ਦਿੱਤਾ ਸੀ। ਪੰਜਾਬ ਕਾਂਗਰਸ ਵਿੱਚ ਘਰੇਲੂ ਕਲੇਸ਼ ਕਾਫੀ ਵੱਧ ਗਿਆ ਸੀ। ਕਾਂਗਰਸੀ ਆਗੂ ਇਕ ਦੂਜੇ ਉਤੇ ਦੋਸ਼ ਲਗਾ ਰਹੇ ਸਨ। ਨਵਜੋਤ ਸਿੰਘ ਸਿੱਧੂ ਨੂੰ ਹਾਰ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਸੀ। ਗੁਰਜੀਤ ਸਿੰਘ ਔਜਲਾ ਨੇ ਦੋਸ਼ ਲਗਾਏ ਕਿ ਨਵਜੋਤ ਸਿੰਘ ਦੇ ਸਲੂਕ ਕਾਰਨ ਕਈ ਆਗੂ ਪਾਰਟੀ ਛੱਡ ਕੇ ਚਲੇ ਗਏ ਸਨ। ਇਹ ਵੀ ਪੜ੍ਹੋ : ਚੰਡੀਗੜ੍ਹ 'ਚ CCTV ਤੋਂ ਸ਼ੁਰੂ ਹੋਇਆ ਚਲਾਨ, ਪਹਿਲੇ ਦਿਨ ਟ੍ਰੈਫਿਕ ਨਿਯਮ ਤੋੜਨ ਵਾਲੇ 215 ਲੋਕਾਂ ਦਾ ਹੋਇਆ ਈ-ਚਲਾਨ