ਨਵਜੋਤ ਸਿੰਘ ਸਿੱਧੂ ਵੱਲੋਂ ਸੈਸ਼ਨ ਅਦਾਲਤ 'ਚ ਰਿਵੀਜ਼ਨ ਪਟੀਸ਼ਨ ਦਾਇਰ
ਲੁਧਿਆਣਾ, 3 ਸਤੰਬਰ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਲੁਧਿਆਣਾ ਦੀ ਸੈਸ਼ਨ ਅਦਾਲਤ 'ਚ ਇੱਕ ਰਿਵੀਜ਼ਨ ਪਟੀਸ਼ਨ ਦਾਇਰ ਕੀਤੀ ਗਈ ਹੈ। ਇਹ ਦਰਖ਼ਾਸਤ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸੁਮੀਤ ਮੱਕੜ ਦੇ ਉਨ੍ਹਾਂ ਹੁਕਮਾਂ ਦੇ ਖ਼ਿਲਾਫ਼ ਦਾਇਰ ਕੀਤੀ ਗਈ ਹੈ, ਜਿਨ੍ਹਾਂ ਵਿੱਚ ਸਾਬਕਾ ਫ਼ੂਡ ਸਪਲਾਈ ਮੰਤਰੀ ਆਸ਼ੂ ਦੇ ਖ਼ਿਲਾਫ਼ ਸਾਬਕਾ ਡੀ.ਐਸ.ਪੀ ਬਲਵਿੰਦਰ ਸੇਖੋਂ ਵੱਲੋਂ ਪਾਏ ਗਏ ਕੇਸ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਬਤੌਰ ਗਵਾਹ ਪੇਸ਼ ਹੋਣ ਲਈ ਆਖਿਆ ਗਿਆ ਸੀ। ਦੱਸ ਦੇਈਏ ਕਿ ਉਕਤ ਮੁਕੱਦਮੇ ਵਿਚ ਸਿੱਧੂ ਨੂੰ ਪੇਸ਼ ਨਾ ਕਰਨ 'ਤੇ ਪਟਿਆਲਾ ਜੇਲ੍ਹ ਦੇ ਅਧਿਕਾਰੀ ਖ਼ਿਲਾਫ਼ ਜ਼ਮਾਨਤੀ ਵਾਰੰਟ ਵੀ ਜਾਰੀ ਹੋ ਗਏ ਸਨ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਇਸ ਕੇਸ ਦੀ ਸੁਣਵਾਈ 7 ਸਤੰਬਰ ਨੂੰ ਫਿਕਸ ਕੀਤੀ ਗਈ ਸੀ। ਸਿੱਧੂ ਵੱਲੋਂ ਦਾਇਰ ਰੀਵਿਊ ਰਿੱਟ ਪਟੀਸ਼ਨ ਵਿੱਚ ਸੈਸ਼ਨ ਜੱਜ ਮੁਨੀਸ਼ ਸਿੰਗਲਾ ਨੇ ਟਰਾਇਲ ਕੋਰਟ ਨੂੰ ਰੀਵਿਊ ਪਟੀਸ਼ਨ ਦੀ ਮਿਤੀ ਤੋਂ ਬਾਅਦ ਸੁਣਵਾਈ ਲਈ ਕਿਹਾ ਹੈ। ਸੈਸ਼ਨ ਜੱਜ ਦੇ ਇਨ੍ਹਾਂ ਹੁਕਮਾਂ ਨਾਲ ਸਿੱਧੂ ਅਜੇ ਬਤੋਰ ਗਵਾਹ ਵਜੋਂ ਪੇਸ਼ ਨਹੀਂ ਹੋਣਗੇ। ਸਿੱਧੂ ਦੇ ਵਕੀਲ ਐਚ.ਪੀ.ਐਸ ਵਰਮਾ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਨਿੱਜੀ ਤੌਰ 'ਤੇ ਪੇਸ਼ ਹੋਣ 'ਤੇ ਅਸਮਰਥਾ ਜ਼ਾਹਿਰ ਕੀਤੀ ਗਈ ਸੀ ਅਤੇ ਕਿਹਾ ਸੀ ਕਿ ਹੋ ਸਕੇ ਤਾਂ ਵੀ.ਸੀ. ਦੇ ਰਾਹੀਂ ਉਨ੍ਹਾਂ ਨੂੰ ਪੇਸ਼ ਕਰ ਲਿਆ ਜਾਵੇ। ਇਹ ਵੀ ਪੜ੍ਹੋ: ਜਰਮਨੀ ਦੀ ਲੁਫਥਾਂਸਾ ਏਅਰਲਾਈਨਜ਼ ਪਾਇਲਟ ਯੂਨੀਅਨ ਦੀ ਹੜਤਾਲ ਕਾਰਨ 800 ਉਡਾਣਾਂ ਰੱਦ -PTC News