ਨਵਜੋਤ ਸਿੱਧੂ ਅਤੇ ਕਪਿਲ ਸ਼ਰਮਾ ਦੇ ਗੁਆਂਢੀ ਦਾ ਗੋਲੀਆਂ ਮਾਰ ਕਤਲ, ਇਲਾਕਾ ਵਾਸੀਆਂ 'ਚ ਸਹਿਮ ਦਾ ਮਾਹੌਲ
ਅੰਮ੍ਰਿਤਸਰ, 11 ਅਗਸਤ: ਦੇਰ ਰਾਤ ਅੰਮ੍ਰਿਤਸਰ 'ਚ ਪੈਟਰੋਲ ਪੰਪ ਮਾਲਕ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਮਣੇ ਆਇਆ ਹੈ ਜਿਸ ਕਰਕੇ ਇਲਾਕਾ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ। ਹਾਸਿਲ ਜਾਣਕਾਰੀ ਮੁਤਾਬਕ ਮ੍ਰਿਤਕ ਆਪਣੇ ਘਰ ਦੇ ਬਾਹਰ ਕਾਰ 'ਚ ਬੈਠਾ ਸੀ ਜਦੋਂ ਦੋਸ਼ੀਆਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਅੰਮ੍ਰਿਤਸਰ ਪੁਲਿਸ ਮਾਮਲੇ ਸਬੂਤ ਲਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਪਛਾਣ ਮੋਹਨ ਸਿੰਘ ਵਜੋਂ ਹੋਈ ਹੈ ਜੋ ਕਿ ਫਤਿਹਗੜ੍ਹ ਚੂੜੀਆਂ ਰੋਡ 'ਤੇ ਸਥਿਤ ਪੈਟਰੋਲ ਪੰਪ ਦਾ ਮਾਲਕ ਸੀ। ਚਸ਼ਮਦੀਦਾਂ ਮੁਤਾਬਕ ਮੋਹਨ ਸਿੰਘ ਆਪਣੀ ਹੌਂਡਾ ਕਾਰ ਵਿੱਚ ਘਰ ਪਹੁੰਚਿਆ ਹੀ ਸੀ ਕਿ ਪਿੱਛੋਂ ਆਈ ਇਨੋਵਾ ਗੱਡੀ 'ਚੋਂ ਤਿੰਨ ਜਾਣਿਆਂ ਨੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਪਰ ਆਂਢ-ਗੁਆਂਢ ਦੇ ਲੋਕਾਂ ਨੇ ਇੱਕ ਵੀ ਗੋਲੀ ਚਲਣ ਦੀ ਆਵਾਜ਼ ਤੱਕ ਨਹੀਂ ਸੁਣੀ। ਦੱਸ ਦੇਈਏ ਕਿ ਜਿਹੜੇ ਇਲਾਕੇ 'ਚ ਇਹ ਵਾਰਦਾਤ ਵਾਪਰੀ ਹੈ ਉੱਥੇ ਹੀ ਨੇੜੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਹਾਸ ਕਲਾਕਾਰ ਕਪਿਲ ਸ਼ਰਮਾ ਦੇ ਘਰ ਵੀ ਹਨ। ਪੁਲਿਸ ਦਾ ਮੰਨਣਾ ਹੈ ਕਿ ਇਨੋਵਾ ਕਾਰ 'ਚ ਆਏ ਕਾਤਲਾਂ ਨੇ ਪਿਸਤੌਲ 'ਤੇ ਸਾਈਲੈਂਸਰ ਲਗਾਇਆ ਹੋਇਆ ਸੀ ਤਾਂ ਜੋ ਰਿਹਾਇਸ਼ੀ ਇਲਾਕੇ 'ਚ ਗੋਲੀਬਾਰੀ ਕਰਕੇ ਲੋਕਾਂ 'ਸਾਗ ਹਫੜਾ-ਦਫੜੀ ਨਾ ਮਚ ਜਾਵੇ ਕਿਉਂਕਿ ਸ਼ੁਰੁਆਤੀ ਤਫਤੀਸ਼ ਵਿੱਚ ਆਂਢ-ਗੁਆਂਢ 'ਚ ਕਿਸੀ ਨੇ ਵੀ ਗੋਲੀਆਂ ਚਲਦਿਆਂ ਦੀ ਆਵਾਜ਼ ਨਹੀਂ ਸੁਣੀ। ਇਹ ਕਿਆਸ ਲਾਏ ਜਾ ਰਹੇ ਨੇ ਕਿ ਮੋਹਨ ਸਿੰਘ ਦਾ ਕਤਲ ਦੁਸ਼ਮਣੀ ਕਰਕੇ ਹੋਇਆ ਕਿਉਂਕ ਪੈਟਰੋਲ ਪੰਪ ਤੋਂ ਨਕਦੀ ਲੈ ਕੇ ਪਹੁੰਚੇ ਮੋਹਨ ਸਿੰਘ ਨੂੰ ਮਾਰਨ ਤੋਂ ਬਾਅਦ ਕਾਤਲਾਂ ਨੇ ਨਾ ਤਾਂ ਪੈਸੇ ਲੁੱਟੇ ਅਤੇ ਨਾ ਹੀ ਕੁਝ ਹੋਰ ਲੁੱਟਣ ਦੀ ਕੋਸ਼ਿਸ਼ ਕੀਤੀ। ਪੁਲਿਸ ਦਾ ਕਹਿਣਾ ਕਿ ਸਪੱਸ਼ਟ ਤੌਰ 'ਤੇ ਕਾਤਲ ਮ੍ਰਿਤਕ ਨੂੰ ਜਾਣਦੇ ਸਨ। ਦੇਰ ਰਾਤ ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਵੀ ਮੌਕੇ ’ਤੇ ਪਹੁੰਚ ਜਿਨ੍ਹਾਂ ਨੇ ਮਾਮਲੇ ਦੀ ਜਾਂਚ ਡੀਸੀਪੀ ਇਨਵੈਸਟੀਗੇਸ਼ਨ ਮੁਖਵਿੰਦਰ ਸਿੰਘ ਭੁੱਲਰ ਨੂੰ ਸੌਂਪ ਦਿੱਤੀ ਹੈ। ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਜਾਰੀ ਹੈ ਤੇ ਫੋਰੈਂਸਿਕ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। - ਰਿਪੋਰਟਰ ਮਨਿੰਦਰ ਸਿੰਘ ਮੋਂਗਾ ਦੇ ਸਹਿਯੋਗ ਨਾਲ -PTC News