ਮੀਟਿੰਗ ਤੋਂ ਬਾਅਦ ਬੋਲੇ ਖੇਤੀਬਾੜੀ ਮੰਤਰੀ ਤੋਮਰ, ਕਿਸਾਨਾਂ ਵੱਲੋਂ ਪ੍ਰਸਤਾਵ 'ਤੇ ਕੀਤਾ ਜਾਵੇ ਗੌਰ
ਅੱਜ ਕੇਂਦਰ ਅਤੇ ਕਿਸਾਨਾਂ ਵਿਚਾਲੇ ਅੱਜ ਦਸਵੇਂ ਗੇੜ ਦੀ ਮੀਟਿੰਗ ਹੋਈ ਜਿਸ ਵਿਚ ਕਿਸਾਨਾਂ ਅਤੇ ਮੰਤਰੀਆਂ ਵੱਲੋਂ ਕੁਝ ਪ੍ਰਸ੍ਤਾਵ ਰੱਖਦੇ ਹੋਏ ਮੀਟਿੰਗ ਖਤਮ ਹੋਈ ਅਤੇ ਅਗਲੀ ਤਰੀਕ '22 ਜਨਵਰੀ ਨੂੰ ਤੈਅ ਕੀਤੀ ਗਈ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਕਹਿਣਾ ਹੈ ਕਿ ਕਿਸਾਨਾਂ ਨਾਲ ਗੱਲਬਾਤ 'ਸਹੀ ਦਿਸ਼ਾ' ਚ ਅੱਗੇ ਵੱਧ ਰਹੀ ਹੈ।
ਪੜ੍ਹੋ ਹੋਰ ਖ਼ਬਰਾਂ : ਕਿਸਾਨ ਬਾਹਰੀ ਰਿੰਗ ਰੋਡ ‘ਤੇ ਪਰੇਡ ਕਰਨ ਲਈ ਬਜ਼ਿੱਦ , ਪੁਲਿਸ ਨੇ ਕਿਸਾਨਾਂ ਨੂੰ ਆਪਣਾ ਰੂਟ ਪਲਾਨ ਬਦਲਣ ਲਈ ਕਿਹਾ
ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਅੱਜ ਸਾਡੀ ਕੋਸ਼ਿਸ਼ ਸੀ ਕਿ ਕੋਈ ਫ਼ੈਸਲਾ ਹੋ ਜਾਵੇ। ਕਿਸਾਨ ਯੂਨੀਅਨ ਕਾਨੂੰਨ ਵਾਪਸੀ ਦੀ ਮੰਗ 'ਤੇ ਅੜੇ ਹੋਏ ਸੀ ਅਤੇ ਸਰਕਾਰ ਖੁੱਲ੍ਹੇ ਮਨ ਨਾਲ ਕਾਨੂੰਨ ਦੇ ਪ੍ਰਬੰਧ ਦੇ ਅਨੁਸਾਰ ਵਿਚਾਰ ਕਰਨ ਅਤੇ ਸੋਧ ਕਰਨ ਲਈ ਤਿਆਰ ਸੀ।
ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਕੁੱਝ ਸਮੇਂ ਲਈ ਖੇਤੀਬਾੜੀ ਸੁਧਾਰ ਕਾਨੂੰਨਾਂ ਨੂੰ ਮੁਲਤਵੀ ਕੀਤਾ ਹੈ। ਸਰਕਾਰ 1 ਤੋਂ 1.5 ਸਾਲ ਤੱਕ ਵੀ ਕਾਨੂੰਨ ਲਾਗੂ ਕਰਨ ਨੂੰ ਮੁਲਤਵੀ ਕਰਨ ਲਈ ਤਿਆਰ ਹੈ। ਇਸ ਦੌਰਾਨ ਕਿਸਾਨ ਯੂਨੀਅਨ ਅਤੇ ਸਰਕਾਰ ਗੱਲ ਕਰਨ ਅਤੇ ਹੱਲ ਲੱਭਣ।
ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਕਿਸਾਨ ਯੂਨੀਅਨ ਦੇ ਨੇਤਾਵਾਂ ਨੇ ਕਿਹਾ ਹੈ ਕਿ ਉਹ ਸਰਕਾਰ ਦੇ ਪ੍ਰਸਤਾਵ 'ਤੇ ਕੱਲ ਆਪਣੇ ਨੇਤਾਵਾਂ ਨਾਲ ਵਿਚਾਰ-ਵਟਾਂਦਰਾ ਕਰਨਗੇ ਅਤੇ 22 ਜਨਵਰੀ ਨੂੰ ਦੁਪਹਿਰ 12 ਵਜੇ ਬੈਠਕ ਵਿੱਚ ਆਉਣਗੇ ਅਤੇ ਆਪਣੇ ਫ਼ੈਸਲੇ ਤੋਂ ਜਾਣੂ ਕਰਾਉਣਗੇ।
ਜ਼ਿਕਰਯੋਗ ਹੈ ਕਿ ਅੱਜ 10ਵੇਂ ਦੌਰ ਦੀ ਬੈਠਕ ਹੋਈ ਸੀ ਪਰ ਇਸ ਬੈਠਕ ਵਿੱਚ ਭਾਵੇਂ ਹੀ ਕੋਈ ਖਾਸ ਨਤੀਜਾ ਸਾਹਮਣੇ ਨਹੀਂ ਆਇਆ। ਹੁਣ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਅਗਲੀ ਬੈਠਕ 22 ਜਨਵਰੀ ਨੂੰ ਹੋਵੇਗੀ। ਸਰਕਾਰ ਨੇ ਕਿਸਾਨਾਂ ਨੂੰ ਪ੍ਰਸਤਾਵ ਦਿੱਤਾ ਸੀ ਕਿ ਇੱਕ ਨਿਸ਼ਚਿਤ ਸਮੇਂ ਲਈ ਕਾਨੂੰਨ 'ਤੇ ਰੋਕ ਲਗਾ ਦਿੱਤੀ ਜਾਵੇਗੀ ਅਤੇ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਿਸ ਵਿੱਚ ਸਰਕਾਰ ਅਤੇ ਕਿਸਾਨ ਦੋਵੇਂ ਹੋਣ ਪਰ ਕਿਸਾਨ ਸੰਗਠਨ ਇਸ ਪ੍ਰਸਤਾਵ 'ਤੇ ਰਾਜੀ ਨਹੀਂ ਹੋਏ। ਨਾਲ ਹੀ ਸਰਕਾਰ ਵਲੋਂ ਇਹ ਵੀ ਅਪੀਲ ਕੀਤੀ ਗਈ ਸੀ ਕਿ ਇਸ ਪ੍ਰਸਤਾਵ ਦੇ ਨਾਲ-ਨਾਲ ਤੁਹਾਨੂੰ ਅੰਦੋਲਨ ਵੀ ਖ਼ਤਮ ਕਰਨਾ ਹੋਵੇਗਾ।