ਨਸ਼ਾ ਬਣਿਆ ਨਾਸੂਰ : ਚਿੱਟੀ ਕਾਲੋਨੀ 'ਚ ਸ਼ਰੇਆਮ ਵਿਕ ਰਿਹੈ 'ਚਿੱਟਾ'
ਲੁਧਿਆਣਾ : ਲੁਧਿਆਣਾ ਦੇ ਪਿੰਡ ਭੱਟੀਆਂ ਦੀ ਚਿੱਟੀ ਕਲੋਨੀ ਅੰਦਰ ਨਸ਼ੇ ਦਾ ਗੋਰਖ ਧੰਦਾ ਸ਼ਰੇਆਮ ਚੱਲ ਰਿਹਾ ਹੈ ਤੇ ਨਸ਼ਾ ਸਮੱਗਲਰ ਸ਼ਰੇਆਮ ਨਸ਼ਾ ਵੇਚ ਰਹੇ ਹਨ। ਪਿੰਡ ਦੇ ਸਰਪੰਚ ਤੇ ਇਲਾਕਾ ਵਾਸੀਆਂ ਨੇ ਇਲਜ਼ਾਮ ਲਾਏ ਕਿ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਰਕੇ ਹੁਣ ਉਨ੍ਹਾਂ ਵੱਲੋਂ ਉਪਰਾਲੇ ਕਰਕੇ ਨਸ਼ੇ ਦੇ ਤਸਕਰਾਂ ਉਤੇ ਠੱਲ ਪਾਉਣ ਲਈ ਆਪ ਹੀ ਨਸ਼ੇ ਖ਼ਿਲਾਫ਼ ਮੁਹਿੰਮ ਚਲਾ ਕੇ ਸ਼ਰੇਆਮ ਨਸ਼ਾ ਵੇਚਣ ਵਾਲਿਆਂ ਨੂੰ ਫੜਿਆ ਹੈ। ਸਰਪੰਚ ਨੇ ਦੱਸਿਆ ਕਿ ਅਸੀਂ ਪਹਿਲਾਂ ਵੀ 2 ਨਸ਼ਾ ਤਸਕਰ ਪੁਲਿਸ ਨੂੰ ਫੜੇ ਸਨ ਉਨ੍ਹਾਂ ਉਤੇ ਬਿਨਾਂ ਕੋਈ ਕਾਰਵਾਈ ਕੀਤੇ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਛੋਟੀ-ਛੋਟੀ ਉਮਰ ਦੇ ਕਈ ਨਸ਼ਾ ਵੇਚਣ ਵਾਲੇ ਉਨ੍ਹਾਂ ਨੇ ਕਾਬੂ ਕੀਤੇ ਹਨ। ਇਲਾਕੇ ਵਿਚ ਨਸ਼ੇ ਬੋਲਬਾਲੇ ਕਾਰਨ ਉਹ ਕਾਫੀ ਪਰੇਸ਼ਾਨ ਹਨ। ਇਲਾਕਾ ਵਾਸੀਆਂ ਤੇ ਸਰਪੰਚ ਨੇ ਦੱਸਿਆ ਹੈ ਕਿ ਸਾਡਾ ਇਲਾਕਾ ਇਸ ਕਦਰ ਬਦਨਾਮ ਹੋ ਚੁੱਕਾ ਹੈ ਕਿ ਹੁਣ ਸਾਨੂੰ ਨੇੜੇ ਤੇੜੇ ਦੇ ਲੋਕ ਵੀ ਟਿੱਚਰਾਂ ਕਰਦੇ ਹਨ ਕਿ ਤੁਹਾਡੇ ਇਲਾਕਾ ਨਸ਼ੇ ਦੀ ਦਲਦਲ ਵਿਚ ਧਸਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜੋ ਕੰਮ ਪੁਲਿਸ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਉਹ ਲੋਕਾਂ ਨੂੰ ਕਰਨਾ ਪੈ ਰਿਹਾ ਹੈ। ਇਹ ਵੀ ਪੜ੍ਹੋ : ਭਾਜਪਾ ਦਾ ਆਪ੍ਰੇਸ਼ਨ ਲੋਟਸ 'ਆਪ' 'ਤੇ ਨਹੀਂ ਹੋਇਆ ਕਾਮਯਾਬ : ਹਰਪਾਲ ਚੀਮਾ ਉਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਜਦੋਂ ਇਸ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਭੱਟੀਆਂ ਵਿਚ ਨਸ਼ਾ ਵਿਕਣ ਦਾ ਮਾਮਲਾ ਉਨ੍ਹਾਂ ਸਾਹਮਣੇ ਨਹੀਂ ਆਇਆ ਪਰ ਅਸੀਂ ਸਮੇਂ-ਸਮੇਂ ਉਤੇ ਨਸ਼ੇ ਦੇ ਸੌਦਾਗਰਾਂ ਉਤੇ ਕਾਬੂ ਪਾਉਣ ਲਈ ਮੁਹਿੰਮ ਚਲਾਉਂਦੇ ਰਹੇ ਹਾਂ, ਖਾਸ ਕਰਕੇ ਜਿਨ੍ਹਾਂ ਇਲਾਕਿਆਂ ਵਿਚ ਸਾਨੂੰ ਨਸ਼ੇ ਸਬੰਧੀ ਜਾਣਕਾਰੀ ਮਿਲਦੀ ਹੈ ਉਨ੍ਹਾਂ ਇਲਾਕਿਆਂ ਵਿਚ ਪੁਲਿਸ ਸਰਚ ਅਪਰੇਸ਼ਨ ਚਲਾਉਂਦੀ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕੁਝ ਹੁੰਦਾ ਅਸੀਂ ਇਸ ਸਬੰਧੀ ਜ਼ਰੂਰ ਕਾਰਵਾਈ ਕਰਾਂਗੇ। -PTC News