ਅਮਰੀਕਾ ਦੀ ਯੁਮਾ ਸਰਹੱਦ ਉਪਰ ਸਿੱਖਾਂ ਦੇ ਧਾਰਮਿਕ ਚਿੰਨ੍ਹ ਉਤਰਵਾਉਣ 'ਤੇ ਨਾਪਾ ਵੱਲੋਂ ਕਾਰਵਾਈ ਦੀ ਮੰਗ
ਨਿਊਯਾਰਕ : ਅਮਰੀਕਾ ਵਿੱਚ ਦਾਖ਼ਲ ਹੁੰਦੇ ਸਮੇਂ ਯੁਮਾ ਸਰਹੱਦ ਉਤੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਉਤਰਵਾਉਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਮੰਗ ਉਠ ਰਹੀ ਹੈ। ਕਸਟਮ ਤੇ ਸਰਹੱਦ ਦੇ ਕਮਿਸ਼ਨਰ ਕ੍ਰਿਸ ਮੈਗਨਸ ਨੂੰ ਲਿਖੇ ਪੱਤਰ ਰਾਹੀਂ ਨਾਰਥ ਅਮਰੀਕਾ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਸਖ਼ਤ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਧਾਰਮਿਕ ਆਜ਼ਾਦੀ ਦੀ ਘੋਰ ਉਲੰਘਣਾ ਕੀਤੀ ਜਾ ਰਹੀ ਹੈ। ਇਹ ਘਟਨਾ ਪੈਟਰੋਲ ਸੈਕਟਰ ਯੁਮਾ ਸਰਹੱਦ ਉਤੇ ਵਾਪਰੀ ਹੈ। ਉਨ੍ਹਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸ਼ਰਨ ਲੈਣ ਪੁੱਜੇ ਸਿੱਖਾਂ ਦੀਆਂ ਦਸਤਾਰਾਂ ਲੁਹਾਈਆਂ ਜਾ ਰਹੀਆਂ ਹਨ। ਇਹ ਵਰਤਾਰਾ ਸੰਘੀ ਕਾਨੂੰਨ ਦੀ ਸ਼ਰੇਆਮ ਉਲੰਘਣਾ ਹੈ।
ਸਰਹੱਦੀ ਸੁਰੱਖਿਆ ਗਸ਼ਤ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਏਜੰਸੀ ਦੀ ਗ਼ੈਰ-ਵਿਤਕਰੇ ਵਾਲੀ ਨੀਤੀ ਦੇ ਉਲਟ ਹੈ ਜਿਸ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਸਰਹੱਦੀ ਗਸ਼ਤ ਮੁਲਾਜ਼ਮ ਸਾਰੇ ਵਿਅਕਤੀਆਂ ਦਾ ਸਨਮਾਨ ਤੇ ਧਾਰਮਿਕ ਆਜ਼ਾਦੀ ਦਾ ਧਿਆਨ ਰੱਖਦੇ ਹਨ। ਨਿੱਜੀ ਅਧਿਕਾਰਾਂ ਸਮੇਤ ਪੂਰੇ ਸਨਮਾਨ ਨਾਲ ਪੇਸ਼ ਆਉਣ ਉਤੇ ਜ਼ੋਰ ਦਿੱਤਾ ਗਿਆ। ਚਾਹਲ ਨੇ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਅਪੀਲ ਕੀਤੀ ਜਾਂਦੀ ਹੈ ਕਿ ਯੁਮਾ ਬਾਰਡਰ ਪੈਟਰੋਲ ਸੈਕਟਰ ਵਿੱਚ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਦੀ ਤੁਰੰਤ ਜਾਂਚ ਕੀਤੀ ਜਾਵੇ ਤੇ ਇਨ੍ਹਾਂ ਗ਼ੈਰ ਕਾਨੂੰਨੀ ਸਰਗਰਮੀਆਂ ਨੂੰ ਤੁਰੰਤ ਬੰਦ ਕੀਤਾ ਜਾਵੇ।
ਸਤਨਾਮ ਚਾਹਲ ਨੇ ਅੱਗੇ ਕਿਹਾ ਕਿ ਬਾਰਡਰ ਪੈਟਰੋਲਿੰਗ ਏਜੰਸੀ ਵੱਲੋਂ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਜ਼ਬਤ ਕਰਨ ਦੀ ਇਹ ਘਟਨਾ ਕੋਈ ਨਵੀਂ ਨਹੀਂ ਹੈ। ਮਾਰਚ 2019 ਵਿੱਚ ਰਿਪੋਰਟ ਆਈ ਸੀ ਕਿ ਬਹੁਤ ਸਾਰੇ ਸਿੱਖ ਪਰਵਾਸੀਆਂ ਦੇ ਸਰਹੱਦ ਉਤੇ ਧਾਰਮਿਕ ਚਿੰਨ੍ਹ ਜ਼ਬਤ ਕਰ ਲਏ ਗਏ ਸਨ। 8 ਜੁਲਾਈ 2022 ਨੂੰ ਐਰੀਜ਼ੋਨਾ ਵਿੱਚ ਹੋਈ ਮੀਟਿੰਗ ਵਿੱਚ ਏਜੰਸੀ ਦੇ ਸੀਬੀਪੀ ਨੁਮਾਇੰਦਿਆਂ ਨੇ ਦਾਅਵਾ ਕੀਤਾ ਕਿ ਏਜੰਸੀ ਸਿਰਫ਼ ਉਦੋਂ ਹੀ ਪੱਗਾਂ ਨੂੰ ਜ਼ਬਤ ਕਰਦੀ ਹੈ ਜਦੋਂ ਸੁਰੱਖਿਆ ਲਈ ਕੋਈ ਖ਼ਤਰਾ ਪੈਦਾ ਹੁੰਦਾ ਹੈ ਪਰ ਜਦੋਂ ਕੋਈ ਖ਼ਾਸ ਪੱਗ ਉਤਰਵਾਈ ਜਾਂਦੀ ਹੈ ਤਾਂ ਵਿਅਕਤੀ ਨੂੰ ਜਾਂਚ ਲਈ ਖ਼ੁਦ ਇਸ ਨੂੰ ਉਤਾਰਨ ਦੀ ਇਜ਼ਾਜਤ ਦਿੱਤੀ ਜਾ ਸਕਦੀ ਹੈ। ਸ਼ੁਰੂਆਤੀ ਜਾਂਚ ਮਗਰੋਂ ਸਿੱਖਾਂ ਨੂੰ ਦਸਤਾਰ ਸਜਾਉਣ ਦੇ ਅਧਿਕਾਰ ਤੋਂ ਇਨਕਾਰ ਕਰਨ ਦਾ ਕੋਈ ਬਹਾਨਾ ਨਹੀਂ ਹੈ। ਸੁਰੱਖਿਆ ਅਦਾਰੇ ਸਪੱਸ਼ਟ ਤੌਰ ਉਤੇ ਧਾਰਮਿਕ ਚਿੰਨ੍ਹਾਂ ਦੇ ਅਧਿਕਾਰਾਂ ਦੀ ਪਾਲਣਾ ਕਰਦੇ ਹਨ।
ਚਾਹਲ ਨੇ ਅੱਗੇ ਕਿਹਾ ਕਿ ਯੂਮਾ ਸਰਹੱਦ ਉਤੇ ਪੱਗ ਨੂੰ ਜ਼ਬਤ ਕਰਨ ਦੀ ਕਾਰਵਾਈ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ। ਸੁਰੱਖਿਆ ਮੁਲਾਜ਼ਮਾਂ ਦੀ ਇਹ ਕਾਰਵਾਈ ਕਾਫੀ ਗੰਭੀਰ ਹੈ ਕਿਉਂ ਦਸਤਾਰ ਸਜਾਉਣ ਸਿੱਖ ਧਰਮ ਦਾ ਮੁੱਖ ਸਿਧਾਂਤ ਹੈ। ਯੂਮਾ ਅਧਿਕਾਰੀਆਂ ਨੂੰ ਦਸਤਾਰਾਂ ਜਾ ਹੋਰ ਧਾਰਮਿਕ ਚਿੰਨ੍ਹ ਜ਼ਬਤ ਕਰਨ ਦੇ ਆਪਣੇ ਰੁਝਾਨ ਨੂੰ ਰੋਕਣਾ ਚਾਹੀਦਾ ਹੈ। ਪੱਤਰ ਦੇ ਅੰਤ ਵਿੱਚ ਸਤਨਾਮ ਚਾਹਲ ਨੇ ਮੰਗ ਕੀਤੀ ਕਿ ਯੁਮਾ ਤੇ ਹੋਰ ਖੇਤਰਾਂ ਵਿੱਚ ਅਜਿਹੀਆਂ ਹਰਕਤਾਂ ਨੂੰ ਖ਼ਤਮ ਕਰਨ ਲਈ ਤੁਰੰਤ ਤੇ ਠੋਸ ਕਦਮ ਚੁੱਕੇ ਜਾਣ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਡਾ. ਨਿੱਝਰ ਨੇ ਫਾਇਰ ਟੈਂਡਰਾਂ ਨੂੰ ਦਿੱਤੀ ਹਰੀ ਝੰਡੀ