ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੱਕ ਸਜੇਗਾ ਨਗਰ ਕੀਰਤਨ
ਅੰਮ੍ਰਿਤਸਰ, 27 ਅਗਸਤ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਪਾਵਨ ਗੁਰਬਾਣੀ ਮਨੁੱਖ ਦੇ ਜੀਵਨ ਨੂੰ ਸੁਖਦਾਈ ਬਣਾਉਣ ਲਈ ਪ੍ਰੇਰਣਾ ਸਰੋਤ ਹੈ ਅਤੇ ਸਭ ਦਾ ਫ਼ਰਜ਼ ਹੈ ਕਿ ਇਸ ਮੁਬਾਰਕ ਮੌਕੇ ’ਤੇ ਗੁਰਬਾਣੀ ਆਸ਼ੇ ਅਨੁਸਾਰ ਜੀਵਨ ਬਤੀਤ ਕਰੀਏ। ਉਨ੍ਹਾਂ ਵਧਾਈ ਸੁਨੇਹੇ ਵਿਚ ਕਿਹਾ ਕਿ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਨ 1604 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਮਨੁੱਖਤਾ ਨੂੰ ਸਰਬਸਾਂਝਾ ਪਾਵਨ ਗ੍ਰੰਥ ਬਖ਼ਸ਼ਿਸ਼ ਕੀਤਾ, ਜਿਸ ਦੀਆਂ ਮੁੱਲਵਾਨ ਸਿੱਖਿਆਵਾਂ ਮਨੁੱਖੀ ਜੀਵਨ ਲਈ ਮਾਰਗ ਦਰਸ਼ਨ ਹਨ। ਉਨ੍ਹਾਂ ਕਿਹਾ ਕਿ ਗੁਰਬਾਣੀ ਮਨੁੱਖ ਨੂੰ ਕੁਰੀਤੀਆਂ ਤੋਂ ਵਰਜਦੀ ਹੈ ਅਤੇ ਸੱਚ ਦੇ ਮਾਰਗ ’ਤੇ ਚੱਲਣ ਦਾ ਉਪਦੇਸ਼ ਦਿੰਦੀ ਹੈ। ਉਨ੍ਹਾਂ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸਿੱਖ ਕੌਮ ਨੂੰ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਅਪੀਲ ਕੀਤੀ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਹਰ ਸਾਲ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਜਾਂਦਾ ਹੈ, ਜੋ ਇਸ ਵਾਰ ਵੀ 28 ਅਗਸਤ ਨੂੰ ਖ਼ਾਲਸਾਈ ਜਾਹੋ-ਜਲਾਲ ਨਾਲ ਸਜੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ, ਸਿੰਘ ਸਾਹਿਬਾਨ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਸਮੇਤ ਸੰਗਤਾਂ ਹਾਜ਼ਰੀ ਭਰਨਗੀਆਂ। ਉਨ੍ਹਾਂ ਦੱਸਿਆ ਕਿ ਪਹਿਲੇ ਪ੍ਰਕਾਸ਼ ਦਿਹਾੜੇ ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੀਵਾਨ ਸਜਣਗੇ, ਜਿਸ ਵਿਚ ਰਾਗੀ, ਢਾਡੀ, ਕਵੀਸ਼ਰ ਤੇ ਪ੍ਰਚਾਰਕ ਸੰਗਤਾਂ ਨੂੰ ਗੁਰਬਾਣੀ ਤੇ ਇਤਿਹਾਸ ਨਾਲ ਜੋੜਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਜਲੌ ਸਜਣਗੇ ਅਤੇ ਸ਼ਾਮ ਨੂੰ ਦੀਪਮਾਲਾ ਤੇ ਆਤਿਸ਼ਬਾਜ਼ੀ ਹੋਵੇਗੀ।
ਫੁੱਲਾਂ ਨਾਲ ਮਹਿਕਿਆ 'ਸੱਚਖੰਡ ਸ੍ਰੀ ਹਰਿਮੰਦਰ ਸਾਹਿਬ'
ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਦੇ 418ਵੇਂ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਤਿ ਸੁੰਦਰ ਫੁੱਲਾਂ ਦੀ ਸਜਾਵਟਕੀਤੀ ਗਈ। ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਸਾਰੇ ਪ੍ਰਵੇਸ਼ ਦੁਆਰ 'ਤੇ ਪਰਿਕਰਮਾ ਨੂੰ 50 ਤੋਂ ਵੱਧ ਕਿਸਮਾਂ ਦੇ ਦੇਸੀ ਵਿਦੇਸ਼ੀ ਫੁੱਲਾਂ ਨਾਲ ਸਜਾਇਆ ਗਿਆ। ਰੰਗ ਬਿਰੰਗੇ ਫੁੱਲਾਂ ਨਾਲ ਮਹਿਕਦੇ ਤੇ ਐਲ.ਈ.ਡੀ ਲਾਈਟਾਂ 'ਚ ਜਗਮਗਾਉਂਦੇ ਇਸ ਅਲੌਕਿਕ ਨਜ਼ਾਰੇ ਨੂੰ ਵੇਖ ਸੰਗਤਾਂ ਡਾਢੀਆਂ ਖੁਸ਼ ਹਨ। ਸੰਗਤਾਂ ਵੱਲੋਂ ਇਸ ਅਦਭੁਤ ਨਜ਼ਾਰੇ ਨੂੰ ਆਪਣੇ ਮੋਬਾਇਲਾਂ 'ਚ ਕੈਦ ਕਰ ਲਗਾਤਾਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਰਿਹਾ।
-PTC News