49 ਸਾਲਾਂ ਬਾਦ ਮਿਲਿਆ ਸਬਰ ਦਾ ਫ਼ਲ, 71 ਦੀ ਜੰਗ 'ਚ ਪਾਕਿ ਵੱਲੋਂ ਗ੍ਰਿਫਤਾਰ ਫੌਜੀ ਦਾ ਪਰਿਵਾਰ ਨੂੰ ਆਇਆ ਸੁਨੇਹਾ
ਤਕਰੀਬਨ ਅੱਧੀ ਸਦੀ, ਜਿਸ ਸ਼ਖ਼ਸ ਦੀ ਉਡੀਕ ਵਿੱਚ ਗੁਜਾਰੀ, ਉਸਦੇ ਸਹੀ ਸਲਾਮਤ ਮੁੜਨ ਦੀ ਚਿੱਠੀ ਆਈ ਹੈ..ਤੇ ਹੁਣ ਬਜੁਰਗ ਹੋ ਚੁੱਕੀ ਸਤਨਾਮ ਕੌਰ ਦੇ ਚਿਹਰੇ 'ਤੇ ਉਸ ਦੀ ਖੁਸ਼ੀ ਵੀ ਸਾਫ ਝਲਕ ਰਹੀ ਹੈ, 1971 ਯਾਨੀ ਕਿ 49 ਸਾਲ ਪਹਿਲਾਂ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਜਲੰਧਰ ਦੇ ਰਹਿਣ ਵਾਲੇ ਲਾਂਸ ਨਾਇਕ ਮੰਗਲ ਸਿੰਘ ਪਾਕਿਸਤਾਨ 'ਚ ਗ੍ਰਿਫਤਾਰ ਹੋ ਗਏ ਸੀ|
ਪਰ ਉਸ ਦੀ ਪਤਨੀ ਸਤਨਾਮ ਕੌਰ ਨੇ ਉਸ ਦੇ ਵਾਪਸ ਆਉਣ ਦੀ ਆਸ ਨਾ ਛੱਡੀ | ਸਤਨਾਮ ਕੌਰ ਦੇ ਸਬਰ ਨੂੰ ਉਸ ਸਮੇਂ ਫਲ ਮਿਲਿਆ, ਜਦੋਂ ਇੱਕ ਦਿਨ ਰੇਡੀਓ ਪ੍ਰੋਗਰਾਮ ਜ਼ਰੀਏ ਉਸ ਨੂੰ ਇਹ ਪਤਾ ਲੱਗਿਆ ਕਿ ਉਸ ਦਾ ਪਤੀ ਜਿਉਂਦਾ ਹੈ, ਤੇ ਉਹ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ 'ਚ ਹੈ |
ਇਸ ਚਿੱਠੀ 'ਚ ਦੱਸਿਆ ਗਿਆ ਹੈ ਕਿ ਮੰਗਲ ਸਿੰਘ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ 'ਚ ਬੰਦ ਹੈ। ਹੁਣ ਪਾਕਿਸਤਾਨ ਸਰਕਾਰ ਨਾਲ ਗੱਲ ਕਰਕੇ ਉਸ ਦੀ ਰਿਹਾਈ ਵਿੱਚ ਤੇਜ਼ੀ ਲਿਆਈ ਜਾਵੇਗੀ। ਮੰਗਲ ਸਿੰਘ ਦੇ ਦੋ ਬੇਟੇ ਹਨ। ਸਤਿਆ ਤੇ ਉਸਦੇ ਬੇਟੇ ਪਿਛਲੇ 49 ਸਾਲਾਂ ਤੋਂ ਮੰਗਲ ਸਿੰਘ ਦੀ ਉਡੀਕ ਕਰ ਰਹੇ ਹਨ। ਜਦੋਂ ਮੰਗਲ ਸਿੰਘ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸ ਵਕਤ ਇੱਕ ਬੇਟਾ 3 ਤੇ ਦੂਜਾ 2 ਸਾਲ ਦਾ ਹੀ ਸੀ। ਬੱਚਿਆਂ ਨੂੰ ਪਾਲਣ ਦੇ ਨਾਲ ਨਾਲ ਸਤਿਆ ਨੇ ਆਪਣੇ ਪਤੀ ਦਾ ਇੰਤਜ਼ਾਰ ਕਦੇ ਨਹੀਂ ਛੱਡਿਆ।
ਇਸਤੋਂ ਬਾਅਦ ਮੰਗਲ ਸਿੰਘ ਨੂੰ ਵਾਪਿਸ ਲਿਆਉਣ ਲਈ ਉਨ੍ਹਾਂ ਲਗਾਤਾਰ ਚਿੱਠੀਆਂ ਭਾਰਤ ਸਰਕਾਰ ਨੂੰ ਲਿੱਖੀਆਂ, ਜਿਸਤੇ ਹੁਣ ਜਾ ਕੇ ਉਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਵੱਲ਼ੋਂ ਜਵਾਬ ਆਇਆ ਹੈ ਇਸ ਚਿੱਠੀ ਵਿੱਚ ਮੰਗਲ ਸਿੰਘ ਸਣੇ 83 ਫੌਜੀਆਂ ਦੇ ਲਾਪਤਾ ਹੋਣ ਦਾ ਜਿਕਰ ਕੀਤਾ ਗਿਆ ਹੈ, ਅਜਿਹੇ ਚ ਸਤਨਾਮ ਕੌਰ ਨੂੰ ਉਮੀਦ ਦੀ ਕਿਰਨ ਜਾਗੀ ਹੈ ਕਿ ਮੰਗਲ ਸਿੰਘ ਦੀ ਘਰ ਵਾਪਸੀ ਹੋ ਸਕਦੀ ਹੈ| ਮੰਗਲ ਸਿੰਘ ਦੇ ਲਾਪਤਾ ਹੋਣ ਤੋਂ ਬਾਅਦ ਸਤਨਾਮ ਕੌਰ ਨੇ ਕਿਸ ਤਰ੍ਹਾਂ ਆਪਣੇ ਬੱਚਿਆਂ ਦੀ ਦੇਖਭਾਲ ਕੀਤੀ, ਅਤੇ ਪਰਿਵਾਰ ਦੀ ਜਿੰਮੇਵਾਰੀ ਚੁੱਕੀ, ਉਹ ਯਾਦ ਕਰ ਅੱਜ ਵੀ ਉਨ੍ਹਾਂ ਦੀਆਂ ਅੱਖਾਂ ਵਿੱਚ ਅਥਰੂ ਆ ਜਾਂਦੇ ਨੇ |