ਸੁਖਬੀਰ ਬਾਦਲ ਨੇ ਪੰਜਾਬ ਦੀ ਨਿੱਘਰ ਰਹੀ ਭਾਈਚਾਰਕ ਸਾਂਝ 'ਤੇ ਪ੍ਰਗਟਾਈ ਚਿੰਤਾ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਵਿੱਚ ਅਮਨ ਕਨੂੰਨ ਤੇ ਭਾਈਚਾਰਕ ਸਾਂਝ ਦੀ ਦਿਨ-ਬ-ਦਿਨ ਨਿੱਘਰ ਰਹੀ ਸਥਿਤੀ ਉੱਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਪਟਿਆਲਾ ਵਿਖੇ ਵਾਪਰੀਆਂ ਘਟਨਾਵਾਂ ਸਿੱਧੇ ਤੌਰ 'ਤੇ ਉਸ ਪ੍ਰਸ਼ਾਸਨਿਕ ਨਖਿੱਧਪੁਣੇ ਅਤੇ ਗ਼ੈਰ-ਜ਼ਿੰਮੇਵਾਰਾਨਾ ਸਿਆਸਤ ਅਤੇ ਮੌਕਾਪ੍ਰਸਤੀ ਦਾ ਨਤੀਜਾ ਹਨ ਜੋ ਕਿ ਆਮ ਆਦਮੀ ਪਾਰਟੀ ਅਤੇ ਉਸ ਦੀ ਪੰਜਾਬ ਅੰਦਰਲੀ ਸਰਕਾਰ ਦੀ ਕਾਰਜਸ਼ੈਲੀ ਦੀ ਪਹਿਚਾਣ ਬਣ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਦਹਾਕਿਆਂ ਬੱਧੀਆਂ ਬੇਸ਼ੁਮਾਰ ਕੁਰਬਾਨੀਆਂ ਦੇ ਕੇ ਕਾਇਮ ਕੀਤੇ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਮਾਹੌਲ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੇ ਕੁਝ ਹਫ਼ਤਿਆਂ ਦੌਰਾਨ ਹੀ ਗੰਭੀਰ ਖ਼ਤਰੇ ਪੈਦਾ ਕਰ ਦਿੱਤੇ ਗਏ ਹਨ ਪਰ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਪੰਜਾਬ ਨੂੰ ਭਰੋਸਾ ਦੁਆਇਆ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਏਕਤਾ, ਅਮਨ ਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਸਰਕਾਰ ਵੱਲੋਂ ਜਾਂ ਮੁੱਖ ਮੰਤਰੀ ਵੱਲੋਂ ਕੀਤੀ ਜਾਣ ਵਾਲੀ ਹਰ ਸਾਰਥਕ ਪਹਿਲਕਦਮੀ ਦਾ ਪੂਰਾ ਸਮਰਥਨ ਕਰੇਗਾ।" ਸਾਡੇ ਲੱਖ ਮੱਤਭੇਦ ਹੋਣ ਪਰ ਪੰਜਾਬ ਅੰਦਰ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਸਾਹਮਣੇ ਇਹ ਸਭ ਕੁਝ ਬੜਾ ਛੋਟਾ ਹੈ। ਸਿਆਸਤਾਂ ਬਾਅਦ ਵਿੱਚ ਹੁੰਦੀਆਂ ਰਹਿਣਗੀਆਂ। ਪੰਜਾਬ ਦੇ ਅਮਨ ਲਈ ਪੰਜਾਬੀ ਏਕਤਾ ਪਹਿਲੀ ਜ਼ਰੂਰਤ ਹੈ ਅਤੇ ਅਮਨ-ਸ਼ਾਂਤੀ ਦੀ ਮੁੜ ਬਹਾਲੀ ਲਈ ਅਸੀਂ ਪੰਜਾਬ ਸਰਕਾਰ ਨੂੰ ਹਰ ਤਰ੍ਹਾਂ ਦੇ ਬੇਝਿਜਕ ਸਹਿਯੋਗ ਦੀ ਪੇਸ਼ਕਸ਼ ਕਰਦੇ ਹਾਂ। ਜਾਰੀ ਕੀਤੇ ਇਕ ਬਿਆਨ ਵਿੱਚ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ "ਉਹ ਸਥਿਤੀ ਦੀ ਗੰਭੀਰਤਾ ਨੂੰ ਸਮਝਣ ਅਤੇ ਗ਼ੈਰ-ਸੰਜੀਦਾ ਤੇ ਸਸਤੀ ਸ਼ੋਹਰਤ ਵਾਲੀ ਬਿਆਨਬਾਜ਼ੀ ਤੋਂ ਉੱਪਰ ਉੱਠਣ ਅਤੇ ਸਾਰੀਆਂ ਪਾਰਟੀਆਂ ਤੇ ਧਿਰਾਂ ਨੂੰ ਨਾਲ ਲੈ ਕੇ ਪੰਜਾਬ ਅੰਦਰ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਲਈ ਖੜ੍ਹੇ ਹੋਏ ਖ਼ਤਰਿਆਂ ਨੂੰ ਦੂਰ ਕਰਨ ਲਈ ਪਹਿਲਕਦਮੀ ਕਰਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਵੱਲੋਂ ਇਸ ਦੁਖਦਾਈ ਤੇ ਖ਼ਤਰਨਾਕ ਵਰਤਾਰੇ ਦੀ ਸਿਆਸੀ ਤੇ ਨੈਤਿਕ ਜ਼ਿੰਮੇਵਾਰੀ ਆਪਣੇ ਸਿਰ ਲੈਣ ਦੀ ਥਾਂ ਸਿਰਫ਼ ਸਥਾਨਕ ਅਫਸਰਾਂ ਸਿਰ ਮੜ੍ਹ ਕੇ ਗੋਂਗਲੂਆਂ ਤੋਂ ਮਿੱਟੀ ਝਾੜ ਦਿੱਤੀ ਗਈ ਹੈ। ਇਸ ਤੋਂ ਪੰਜਾਬੀਆਂ ਦੇ ਮਨਾਂ ਵਿੱਚ ਇਹ ਸਵਾਲ ਤੇ ਖ਼ਦਸ਼ਾ ਪੈਦਾ ਹੋਣਾ ਲਾਜ਼ਮੀ ਹੈ ਕਿ ਉਨ੍ਹਾਂ ਦਾ ਮੁੱਖ ਮੰਤਰੀ ਤੇ ਉਸ ਦਾ ਗ਼ੈਰ-ਸੰਜੀਦਾ ਟੋਲਾ ਸਰਹੱਦੀ ਸੂਬੇ ਪੰਜਾਬ ਅੰਦਰ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਮੁੱਦੇ ਦੀ ਗੰਭੀਰਤਾ ਨੂੰ ਸਮਝਦੇ ਵੀ ਹਨ ਕਿ ਨਹੀਂ?" ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਟਿਆਲਾ ਦੀਆਂ ਘਟਨਾਵਾਂ ਉੱਤੇ 'ਸਿਆਸੀ ਰੋਟੀਆਂ ਸੇਕਣ' ਵਾਲੇ ਬਿਆਨ ਨੂੰ ਬੇਹੱਦ ਗ਼ੈਰ-ਜ਼ਿੰਮੇਵਾਰਾਨਾ , ਨਿੰਦਣਯੋਗ ਅਤੇ ਚਿੰਤਾਜਨਕ ਕਰਾਰ ਦਿੱਤਾ ਜਿਸ ਵਿੱਚ ਮਾਨ ਨੇ ਇਸ ਸਾਰੇ ਘਟਨਾਕ੍ਰਮ ਲਈ ਵਿਰੋਧੀ ਪਾਰਟੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ 'ਤੇ ਇਲਜ਼ਾਮ ਲਾਉਣ ਸਮੇਂ ਮਾਨ ਸਾਹਿਬ ਭੁੱਲ ਹੀ ਗਏ ਕਿ ਅਜੇ ਕੁਝ ਕੁ ਘੰਟੇ ਪਹਿਲਾਂ ਤਾਂ ਉਹ ਖ਼ੁਦ ਹੀ ਇਨ੍ਹਾਂ ਘਟਨਾਵਾਂ ਲਈ ਆਪਣੇ ਹੀ ਅਫ਼ਸਰਾਂ ਦੀ ਪ੍ਰਸ਼ਾਸ਼ਨਿਕ ਅਣਗਹਿਲੀ ਨੂੰ ਜ਼ਿੰਮੇਵਾਰ ਠਹਿਰਾ ਚੁੱਕੇ ਸਨ ਅਤੇ ਉਨ੍ਹਾਂ ਅਫ਼ਸਰਾਂ ਵਿਰੁੱਧ ਪ੍ਰਸ਼ਾਸਨਿਕ ਕਾਰਵਾਈ ਵੀ ਕਰ ਚੁੱਕੇ ਸਨ। ਬਾਦਲ ਨੇ ਸਵਾਲ ਚੁੱਕਿਆ ਕਿ ਕੀ ਮਾਨ ਸਾਹਿਬ ਨੂੰ ਅਜੇ ਇਹ ਵੀ ਪਤਾ ਨਹੀਂ ਲੱਗਿਆ ਕਿ ਮੁੱਖ ਮੰਤਰੀ ਦਾ ਅਹੁਦਾ ਸਸਤੀ ਦੂਸ਼ਣਬਾਜ਼ੀ ਰਾਹੀਂ ਗ਼ੈਰ-ਸੰਜੀਦਾ ਮਨੋਰੰਜਨ ਕਰਨ ਕਰਵਾਉਣ ਦਾ ਸਾਧਨ ਨਹੀਂ ਬਲਕਿ ਇਹ ਅਹੁਦਾ ਕਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਚਾਉਣ ਤੇ ਸੁਆਰਨ ਪ੍ਰਤੀ ਬੇਹੱਦ ਗੰਭੀਰ ਤੇ ਜ਼ਿੰਮੇਵਾਰੀ ਵਾਲੀ ਪਹੁੰਚ ਦੀ ਮੰਗ ਕਰਦਾ ਹੈ। ਇਹ ਵੀ ਪੜ੍ਹੋ : ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਸਰਕਾਰ ਵਿਰੁੱਧ ਮੁਜ਼ਾਹਰੇ ਦਾ ਐਲਾਨ