ਐਮਪੀ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰ ਵੱਲੋਂ ਕਣਕ ਦੀ ਬਰਾਮਦ 'ਤੇ ਪਾਬੰਦੀ ਦੀ ਨਿਖੇਧੀ
ਚੰਡੀਗੜ੍ਹ : ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਣਕ ਦੀ ਬਰਾਮਦ ਉਤੇ ਲੱਗੀ ਪਾਬੰਦੀ ਬਾਰੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਦੇ ਬਿਆਨ ਤੋਂ ਇੱਕ ਗੱਲ ਸਾਫ਼ ਹੈ ਕਿ ਜਾਂ ਤਾਂ ਉਨ੍ਹਾਂ ਨੂੰ ਸਹੀ ਜਾਣਕਾਰੀ ਨਹੀਂ ਤੇ ਜਾਂ ਫ਼ਿਰ ਕਿਸਾਨਾਂ ਦੀ ਪੀੜਾ ਨੂੰ ਉਨ੍ਹਾਂ ਜਾਣਬੁੱਝ ਕੇ ਅੱਖੋਂ-ਪਰੋਖੇ ਕੀਤਾ ਹੈ। ਇਸ ਵਾਰ ਅੱਤ ਦੀ ਗਰਮੀ ਤੇ ਤੇਜ਼ ਧੁੱਪ ਕਾਰਨ ਕਣਕ ਦਾ ਦਾਣਾ ਸੁੰਗੜ ਗਿਆ। ਨਤੀਜੇ ਵਜੋਂ ਕਣਕ ਦਾ ਝਾੜ ਕਾਫੀ ਘੱਟ ਨਿਕਲਿਆ। ਕਿਸਾਨਾਂ ਨੂੰ ਘੱਟ ਝਾੜ ਦਾ ਮੁਆਵਜ਼ਾ ਦੇਣਾ ਤਾਂ ਦੂਰ, ਅਨਾਜ ਦੀ ਬਰਾਮਦ (export) ਤੋਂ ਪੰਜਾਬ ਦੇ ਕਿਸਾਨਾਂ ਨੂੰ ਜੋ ਥੋੜ੍ਹੀ-ਬਹੁਤ ਮੁਨਾਫ਼ੇ ਦੀ ਆਸ ਸੀ। ਕੇਂਦਰ ਸਰਕਾਰ ਦੀ ਪਾਬੰਦੀ ਨੇ ਉਹ ਵੀ ਢਹਿ-ਢੇਰੀ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਨੂੰ ਬੇਨਤੀ ਹੈ ਕਿ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਜ਼ਮੀਨੀ ਹਾਲਾਤ ਦਾ ਜਾਇਜ਼ਾ ਜ਼ਰੂਰ ਲਿਆ ਕਰਨ ਤਾਂ ਜੋ ਉਨ੍ਹਾਂ ਦੇ ਬੋਲ ਸਾਡੇ ਕਿਸਾਨ ਵੀਰਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦਾ ਕੰਮ ਨਾ ਕਰਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸੰਸਦ 'ਚ ਕਿਹਾ ਸੀ ਕਿ ਦੇਸ਼ 'ਚ ਕਣਕ ਦਾ ਕੋਈ ਸੰਕਟ ਨਹੀਂ ਹੈ, ਇਸ ਲਈ ਕੋਈ ਸੰਕਟ ਨਹੀਂ ਹੈ ਕਿਉਂਕਿ ਭਾਰਤ ਆਪਣੀ ਘਰੇਲੂ ਜ਼ਰੂਰਤ ਤੋਂ ਜ਼ਿਆਦਾ ਕਣਕ ਦਾ ਉਤਪਾਦਨ ਕਰਦਾ ਹੈ। ਇਸ ਦੇ ਨਾਲ ਹੀ ਖੁੱਲ੍ਹੀ ਮੰਡੀ ਵਿੱਚ ਭਾਅ ਜ਼ਿਆਦਾ ਹੋਣ ਕਾਰਨ ਸਰਕਾਰੀ ਖ਼ਰੀਦ ਟੀਚੇ ਮੁਤਾਬਕ ਨਹੀਂ ਹੋ ਸਕੀ। ਵਪਾਰੀਆਂ ਨੇ ਬਰਾਮਦ ਲਈ ਕਣਕ ਦੀ ਭਾਰੀ ਖ਼ਰੀਦਦਾਰੀ ਕੀਤੀ। ਹਾਲਾਂਕਿ ਬਾਅਦ 'ਚ ਕਣਕ ਦੀ ਬਰਾਮਦ 'ਤੇ ਰੋਕ ਲਗਾ ਦਿੱਤੀ ਗਈ ਸੀ। ਘੱਟ ਉਤਪਾਦਨ ਤੇ ਖ਼ਰੀਦ ਦੇ ਮੱਦੇਨਜ਼ਰ ਸੰਸਦ 'ਚ ਸਰਕਾਰ ਤੋਂ ਸਵਾਲ ਪੁੱਛਿਆ ਗਿਆ ਕਿ ਕੀ ਦੇਸ਼ 'ਚ ਕਣਕ ਦੀ ਕਮੀ ਹੈ? ਇਸ ਦੇ ਜਵਾਬ ਵਿੱਚ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਸੀ ਕਿ ਦੇਸ਼ ਵਿੱਚ ਕਣਕ ਦਾ ਕੋਈ ਸੰਕਟ ਨਹੀਂ ਹੈ। ਉਨ੍ਹਾਂ ਕਿਹਾ ਕਿ ਬਰਾਮਦ 'ਤੇ ਪਾਬੰਦੀ ਦੇ ਬਾਵਜੂਦ ਕਣਕ ਦੀ ਕੀਮਤ ਘੱਟੋ-ਘੱਟ ਸਮਰਥਨ ਮੁੱਲ ਤੋਂ ਵੱਧ ਹੈ। ਇਹ ਵੀ ਪੜ੍ਹੋ : ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਕੁੱਸਾ ਤੇ ਜਗਰੂਪ ਰੂਪਾ ਨੂੰ ਯਾਦ ਕਰਦਿਆਂ ਪਾਈ ਪੋਸਟ