ਐਮ.ਪੀ. ਹਰਸਿਮਰਤ ਕੌਰ ਬਾਦਲ ਨੇ ਇੰਝ ਮਨਾਈ 'ਨੰਨ੍ਹੀ ਛਾਂ ਮੁਹਿੰਮ' ਦੀ 14ਵੀਂ ਵਰ੍ਹੇਗੰਢ
ਬਠਿੰਡਾ, 27 ਅਗਸਤ: ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਸ਼ੁਰੂ ਕੀਤੀ ਗਈ 'ਨੰਨ੍ਹੀ ਛਾਂ ਮੁਹਿੰਮ' ਦੇ 14 ਸਾਲ ਪੂਰੇ ਹੋਣ ਉਤੇ ਸਿਖਲਾਈ ਸੈਂਟਰਾਂ ਵਿੱਚ ਟ੍ਰੇਨਿੰਗ ਲੈ ਚੁੱਕੀਆਂ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਬਠਿੰਡਾ ਹਲਕਾ ਦਿਹਾਤੀ ਦੇ ਪਿੰਡ ਕੋਟ ਫੱਤਾ ਵਿਖੇ ਸਿਲਾਈ ਮਸ਼ੀਨਾਂ ਵੰਡਣ ਲਈ ਕਰਵਾਏ ਗਏ ਸਮਾਗਮ ਵਿਚ ਐਮਪੀ ਹਰਸਿਮਰਤ ਕੌਰ ਬਾਦਲ ਵਿਸ਼ੇਸ਼ ਤੌਰ ਉਤੇ ਪੁੱਜੇ ਤੇ ਨੰਨ੍ਹੀ ਛਾਂ ਮੁਹਿੰਮ ਦੇ 14 ਸਾਲ ਪੂਰੇ ਹੋਣ ਉਤੇ ਵਧਾਈ ਦਿੰਦੇ ਹੋਏ ਦੱਸਿਆ ਕਿ ਇਸ ਮੁਹਿੰਮ ਦਾ ਮਕਸਦ ਔਰਤਾਂ ਨੂੰ ਆਤਮ ਨਿਰਭਰ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਰਾਹੀਂ ਲੱਖਾਂ ਦੀ ਤਦਾਦ ਵਿੱਚ ਰੁੱਖ ਵੰਡ ਕੇ ਲੋਕਾਂ ਨੂੰ ਰੁੱਖ ਲਗਾਉਣ ਦਾ ਸੁਨੇਹਾ ਦਿੱਤਾ ਗਿਆ ਜਦੋਂ ਕਿ ਮਸ਼ੀਨਾਂ ਪ੍ਰਾਪਤ ਕਰਨ ਵਾਲੀਆਂ ਅੋਤਰਾਂ ਵੀ ਹੁਣ ਆਤਮ ਨਿਰਭਰ ਹੋਣਗੀਆਂ। ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਸੂਬਾ ਸਰਕਾਰ ਨੂੰ ਘੇਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਜਿੱਥੇ ਮਹਿੰਗਾਈ ਕਾਰਨ ਦੇਸ਼ ਦਾ ਹਰੇਕ ਵਰਗ ਪ੍ਰੇਸ਼ਾਨ ਹੈ ਉਥੇ ਹੀ ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਨੂੰ ਲੁੱਟਣ ਲਈ ਲਗਾਤਾਰ ਦਿੱਲੀ ਤੋਂ ਹੁਕਮ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਦਿੱਲੀ ਵਿਚਲੀ ਸ਼ਰਾਬ ਨੀਤੀ ਨੂੰ ਪੰਜਾਬ ਵਿੱਚ ਪੰਜਾਬੀਆਂ ਨੂੰ ਲੁੱਟਣ ਲਈ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਤੁਸੀਂ ਸਾਰੀਆਂ ਹੀ ਸਰਕਾਰਾਂ ਨੂੰ ਵੇਖ ਲਿਆ ਜੋ ਵੀ ਵਿਅਕਤੀ ਭ੍ਰਿਸ਼ਟਾਚਾਰ ਨਾਲ ਲਿਪਤ ਹੈ ਉਸ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਭਾਵੇਂ ਉਹ ਕੋਈ ਵੀ ਹੋਵੇ। ਹਰਸਿਮਰਤ ਕੌਰ ਬਾਦਲ ਦਾ ਕਹਿਣਾ ਕਿ ਜਿੱਥੇ ਪੰਜਾਬ ਵਿਚਲੀ ਸਰਕਾਰ ਨੂੰ ਦਿੱਲੀ ਬੈਠੇ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਵਲੋਂ ਚਲਾਇਆ ਜਾ ਰਿਹਾ ਉੱਥੇ ਹੀ ਉਨ੍ਹਾਂ ਵੱਲੋਂ ਪੰਜਾਬੀਆਂ ਨੂੰ ਲੁੱਟਿਆ ਵੀ ਜਾ ਰਿਹਾ ਹੈ ਅਤੇ ਲਗਾਤਾਰ ਅਜਿਹੇ ਫ਼ੈਸਲੇ ਕੀਤੇ ਜਾ ਰਹੇ ਹਨ ਜੋ ਕਿ ਪੰਜਾਬ ਦੇ ਹਿੱਤ ਵਿੱਚ ਨਹੀਂ ਹਨ। ਇਹ ਵੀ ਪੜ੍ਹੋ: ਗੁਰਮੁਖੀ ਦੀ ਧੀ ਚੌਗਿਰਦੇ ਨੂੰ ਸਾਫ਼ ਰੱਖਣ ਦਾ ਦੇ ਰਹੀ ਸੁਨੇਹਾ -PTC News