5 ਸਾਲਾ ਕਾਲੂ ਲਈ ਸਕੀ ਮਾਂ ਹੀ ਬਣੀ ਕਾਲ, ਪੁੱਤਰ ਦੀ ਭਾਲ 'ਚ ਇੱਧਰ-ਉੱਧਰ ਫਿਰਦਾ ਰਿਹਾ ਪਿਤਾ
ਲੁਧਿਆਣਾ, 15 ਜੁਲਾਈ: ਸਿਆਣੇ ਆਖਦੇ ਨੇ ਜੇਕਰ ਮਾਸੂਮ ਬੱਚੇ ਦੇ ਕੋਈ ਕੰਡਾ ਵੀ ਚੁੱਭ ਜਾਵੇ ਤਾਂ ਮਾਂ ਦਾ ਕਲੇਜਾ ਬਾਹਰ ਨਿਕਲ ਆਉਦਾ ਹੈ, ਪਰ ਇਸਦੇ ਉਲਟ ਪਿੰਡ ਹਸਨਪੁਰ ਵਿਖੇ ਇੱਕ ਮਮਤਾ ਦੀ ਮੂਰਤ ਮਾਂ ਨੇ ਹੀ ਆਪਣੇ ਜਿਗਰ ਦੇ ਟੋਟੇ 5 ਸਾਲਾ ਮਾਸੂਮ ਦਾ ਕਤਲ ਕਰਕੇ ਲਾਸ਼ ਨੂੰ ਪਿੰਡ ਭਨੋਹੜ ਦੇ ਛੱਪੜ ਵਿੱਚ ਸੁੱਟ ਦਿੱਤਾ। ਮੌਕੇ ’ਤੇ ਥਾਣਾ ਦਾਖਾ ਦੀ ਪੁਲਿਸ ਨੇ ਲਾਸ਼ ਨੂੰ ਕਢਵਾਇਆ ਤੇ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ। ਥਾਣਾ ਦਾਖਾ ਦੇ ਮੁਖੀ ਅਜੀਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਇਤਲਾਹ ਮਿਲੀ ਕਿ ਪਿੰਡ ਭਨੋਹੜ ਵਿਖੇ ਇੱਕ ਔਰਤ ਨੂੰ ਲੋਕਾਂ ਨੇ ਜਬਰੀ ਬੰਨਿਆ ਹੋਇਆ। ਉਸਨੂੰ ਛੁਡਵਾਉਣ ਲਈ ਜਦੋਂ ਮੌਕੇ 'ਤੇ ਮੁਲਾਜਮ ਪੁੱਜੇ ਤਾਂ ਮਾਮਲਾ ਕੁਝ ਹੋਰ ਹੀ ਨਿਕਲ ਕੇ ਸਾਹਮਣੇ ਆਇਆ। ਪਿੰਡ ਹਸਨਪੁਰ ਦੇ ਸਰਪੰਚ ਗੁਰਚਰਨ ਸਿੰਘ ਨੇ ਦੱਸਿਆ ਕਿ ਪਿੰਡ ਅੰਦਰ ਰਹਿ ਰਹੇ ਪ੍ਰਵਾਸੀ ਮਜ਼ਦੂਰ ਸ਼ਾਮ ਲਾਲ ਜੋ ਪਿੰਡ ਅੰਦਰ ਸਾਈਕਲ ਰਿਪੇਅਰ ਦੀ ਦੁਕਾਨ ਕਰਦਾ ਹੈ, ਉਸਦਾ 5 ਸਾਲਾ ਬੇਟਾ ਕਾਲੂ ਕੱਲ ਤੋਂ ਗੁੰਮ ਹੈ। ਜਿਸਦੀ ਕਾਫੀ ਪਿੰਡ ਵਾਸੀਆਂ ਨੇ ਇੱਧਰ-ਉੱਧਰ ਭਾਲ ਕੀਤੀ ਪਰ ਕੁੱਝ ਥਹੁ ਪਤਾ ਹੱਥ ਨਾ ਲੱਗਾ। ਉੱਧਰ ਪਿੰਡ ਵਾਸੀਆਂ ਨੇ ਪਿੰਡ ਭਨੋਹੜ ਤੇ ਹਸਨਪੁਰ ਵਿਖੇ ਘਰਾਂ ਅੰਦਰ ਲੱਗੇ ਸੀਸੀਟੀਵੀ ਕੈਮਰਿਆ ਨੂੰ ਖੰਗਾਲਿਆ ਤਾਂ ਬਬੀਤਾ ਆਪਣੇ ਪੁੱਤਰ ਕਾਲੂ ਨੂੰ ਲੈ ਕੇ ਜਾ ਰਹੀ ਸੀਹੈ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਇਸ ਔਰਤ ਦੇ ਪਹਿਲਾ ਵੀ ਦੋ ਬੱਚੇ ਲਾਪਤਾ ਹਨ। ਜਿਸ ਤੋਂ ਬਾਅਦ ਲੋਕਾਂ ਨੂੰ ਸ਼ੱਕ ਹੋਇਆ ਤੇ ਉਨ੍ਹਾਂ ਉਸ ਔਰਤ ਨੂੰ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਜਦੋਂ ਪੁੱਛਗਿੱਛ ਕੀਤੀ ਤਾਂ ਉਹ ਟਾਲ-ਮਟੋਲ ਕਰਨ ਲੱਗੀ ਜਦੋਂ ਪੁਲਿਸ ਨੇ ਥੋੜ੍ਹਾ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਪੁਲਿਸ ਕੋਲ ਉਕਤ ਔਰਤ ਮੰਨੀ ਕਿ ੳਸਨੇ ਆਪਣੇ ਪੁੱਤਰ ਨੂੰ ਮਾਰ ਕੇ ਲਾਸ਼ ਨੂੰ ਬੋਰੀ ਵਿੱਚ ਪਾ ਕੇ ਛੱਪੜ ਵਿੱਚ ਸੁੱਟ ਦਿੱਤਾ। ਪੁਲਿਸ ਨੇ ਜਦ ਛੱਪੜ ਕੋਲ ਜਾ ਕੇ ਦੇਖਿਆ ਤਾਂ ਇੱਕ ਬੋਰੀ ਛੱਪੜ ਵਿੱਚ ਤੈਰ ਰਹੀ ਸੀ, ਜੇ.ਸੀ.ਬੀ ਮਸ਼ੀਨ ਨਾਲ ਜਦੋਂ ਬੋਰੀ ਨੂੰ ਬਾਹਰ ਕੱਢਿਆ ਤਾਂ ਉਸ ਵਿੱਚੋਂ ਕਾਲੂ ਦੀ ਲਾਸ਼ ਨਿਕਲੀ। ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੁਲਿਸ ਨੇ ਉਕਤ ਔਰਤ ਖਿਲਾਫ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਇਸ ਦਰਮਿਆਨ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਿੰਟੂ ਵੀ ਘਟਨਾ ਸਥਲ 'ਤੇ ਪਹੁੰਚੇ ਤੇ ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਔਰਤ ਨੂੰ ਹੈਪੂਟੇਸਟ ਦੀ ਬਿਮਾਰੀ ਸੀ, ਜਿਸਦੀ ਦਵਾਈ ਲੁਧਿਆਣਾ ਦੇ ਇੱਕ ਹਸਪਤਾਲ ਤੋਂ ਚੱਲ ਰਹੀ ਸੀ, ਡੇਢ ਕੁ ਸਾਲ ਤੋਂ ਇਸਦੇ ਪਤੀ ਸ਼ਾਮ ਲਾਲ ਨੇ ਦਵਾਈ ਵਗੈਰਾ ਨਹੀਂ ਲੈ ਕੇ ਦਿੱਤੀ ਜਿਸ ਕਰਕੇ ਅਜਿਹੀ ਘਟਨਾਂ ਨੂੰ ਅੰਜ਼ਾਮ ਦਿੱਤਾ। -PTC News