30 ਤੋਂ ਵੱਧ ਪਰਿਵਾਰਾਂ ਦਾ 200 ਕਿੱਲਾ ਜ਼ਮੀਨ ਉੱਤੇ ਹੱਕ ਦਾ ਦਾਅਵਾ; ਕਿਸਾਨ ਅਤੇ ਜ਼ਿਲ੍ਹਾ ਆਹਮੋ ਸਾਹਮਣੇ
ਗੁਰਦਸਪੁਰ, 23 ਮਾਰਚ 2022: ਵਿਧਾਨ ਸਭਾ ਹਲਕਾ ਕਾਹਨੂੰਵਾਨ ਦੀਨਾਨਗਰ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਕੁਝ ਪਿੰਡਾਂ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੁਝ ਪਿੰਡਾਂ ਦੇ ਨਾਲ ਲੱਗਦੀ ਦਰਿਆ ਬਿਆਸ ਕੋਲ ਜੰਗਲਾਤ ਵਿਭਾਗ ਦੀ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਦੇ ਕਿਸਾਨਾਂ ਅਤੇ ਹੁਸ਼ਿਆਰਪੁਰ ਦੇ ਪ੍ਰਸ਼ਾਸਨ ਵਿੱਚ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ।
ਇਹ ਵੀ ਪੜ੍ਹੋ: ਵਿਆਜ 'ਤੇ 20 ਹਜ਼ਾਰ ਰੁਪਏ ਲੈ ਕੇ ਭਰਿਆ ਡਰਾਈਵਰ ਨੇ ਆਪਣਾ ਚਲਾਨ, ਜਾਣੋ ਪੂਰੀ ਕਹਾਣੀ
ਅੱਜ ਜਦੋਂ ਪਿੰਡ ਜਗਤਪੁਰ ਥਾਣਾ ਪੁਰਾਣਾਸ਼ਾਲਾ ਨੇੜੇ ਵੇਖਿਆ ਗਿਆ ਤਾਂ ਵੱਡੀ ਗਿਣਤੀ ਵਿਚ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਇਕੱਠੇ ਹੋਏ ਸਨ। ਇਨ੍ਹਾਂ ਕਿਸਾਨਾਂ ਵੱਲੋਂ ਆਪਣੇ ਟਰੈਕਟਰਾਂ ਨਾਲ ਕਥਿਤ ਤੌਰ ਤੇ ਕੁਝ ਜ਼ਮੀਨ ਉੱਪਰ ਖੇਤ ਵਾਹੇ ਜਾ ਰਹੇ ਸਨ। ਇਸ ਦੌਰਾਨ ਥਾਣਾ ਮੁਕੇਰੀਆਂ ਦੀ ਪੁਲਿਸ ਐਸਐਚਓ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਵੀ ਉੱਥੇ ਪਹੁੰਚੀ। ਇਸ ਮੌਕੇ ਵੇਖਿਆ ਗਿਆ ਕਿ ਵੱਡੀ ਗਿਣਤੀ ਵਿਚ ਕਿਸਾਨ ਟਰੈਕਟਰਾਂ ਨਾਲ ਜ਼ਮੀਨ ਵਾਹ ਰਹੇ ਸਨ।
ਇਸ ਤੋਂ ਇਲਾਵਾ ਜੰਗਲ ਦੇ ਵੱਡੇ ਰਕਬੇ ਵਿੱਚ ਅੱਗ ਵੀ ਲੱਗੀ ਹੋਈ ਸੀ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਕੁਝ ਟਰੈਕਟਰਾਂ ਨੂੰ ਤਿੱਤਰ ਬਿੱਤਰ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਪੁਲਿਸ ਦੇ ਇਸ ਐਕਸ਼ਨ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਗੁਰਪ੍ਰਤਾਪ ਸਿੰਘ, ਬਲਵਿੰਦਰ ਸਿੰਘ, ਨਿਰਮਲ ਸਿੰਘ, ਬੀਬੀ ਦਵਿੰਦਰ ਕੌਰ ਅਤੇ ਉਨ੍ਹਾਂ ਦੇ ਸਾਥੀਆਂ ਵਿੱਚ ਪੁਲਿਸ ਨਾਲ ਵੱਡੇ ਪੱਧਰ 'ਤੇ ਤੂੰ-ਤੂੰ, ਮੈਂ-ਮੈਂ ਅਤੇ ਤਲਖੀ ਵੀ ਦੇਖਣ ਨੂੰ ਮਿਲੀ।
ਇਸ ਮੌਕੇ ਕਿਸਾਨ ਨਿਰਮਲ ਸਿੰਘ, ਬਲਵਿੰਦਰ ਸਿੰਘ, ਗੁਰਪ੍ਰਤਾਪ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਕਿ ਦਰਿਆ ਬਿਆਸ ਨਾਲ ਲੱਗਦੇ ਪਿੰਡ ਮਹਿਤਾਬਪੁਰ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜਗਤਪੁਰ ਅਤੇ ਹੋਰ ਨੇੜਲੇ 6 ਪਿੰਡਾਂ ਦੇ ਕਿਸਾਨਾਂ ਦਾ ਦੇਸ਼ ਦੀ ਵੰਡ ਤੋਂ ਜ਼ਮੀਨ ਉੱਤੇ ਕਬਜ਼ਾ ਸੀ। ਇਨ੍ਹਾਂ ਕਿਸਾਨ ਆਗੂਆਂ ਨੇ ਦੱਸਿਆ ਕਿ ਸਾਲ 2018 ਦੇ ਵਿਚ ਪੰਜਾਬ ਸਰਕਾਰ ਦੇ ਤਤਕਾਲੀ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਵਿੱਚ ਜੰਗਲਾਤ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਇਸ ਜ਼ਮੀਨ ਉੱਤੇ ਕਬਜ਼ਾ ਕਰਕੇ ਰੁੱਖ ਲਗਾ ਦਿੱਤੇ ਗਏ ਸਨ।
ਇਸ ਮੌਕੇ ਪੀੜਤ ਕਿਸਾਨ ਨਿਰਮਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਕਿ ਇਸ ਜ਼ਮੀਨ ਉਪਰ ਲਗਪਗ 30 ਤੋਂ ਵੱਧ ਪਰਿਵਾਰਾਂ ਦਾ ਕਬਜ਼ਾ ਹੈ। ਇਨ੍ਹਾਂ ਪਰਿਵਾਰਾਂ ਕੋਲ ਦੋ ਤੋਂ ਪੰਜ ਏਕੜ ਤੱਕ ਜ਼ਮੀਨ ਜੋ ਕਿ ਸਰਕਾਰ ਨੇ ਖੋਹ ਲਈ ਸੀ। ਇਸ ਕਰਕੇ ਇਹ ਪਰਿਵਾਰ ਭੁੱਖੇ ਮਰਨ ਦੀ ਨੌਬਤ ਤਕ ਜਾ ਪਹੁੰਚੇ ਹਨ। ਇਸ ਮੌਕੇ ਕਿਸਾਨ ਆਗੂ ਬੀਬੀ ਦਵਿੰਦਰ ਕੌਰ ਨੇ ਦੱਸਿਆ ਕਿ ਐਸਡੀਐਮ ਮੁਕੇਰੀਆਂ ਅਤੇ ਡੀਐਸਪੀ ਮੁਕੇਰੀਆਂ ਵੱਲੋਂ ਮੌਕੇ ਦੇ ਹਾਲਾਤ ਵੇਖਣ ਲਈ ਕਿਸਾਨਾਂ ਨਾਲ ਇਕਰਾਰ ਕੀਤਾ ਗਿਆ ਸੀ ਪਰ ਇਨ੍ਹਾਂ ਅਧਿਕਾਰੀਆਂ ਨੇ ਮੌਕਾ ਵੇਖਣ ਦੀ ਥਾਂ ਥਾਣਾ ਮੁਕੇਰੀਆਂ ਦੇ ਮੁਖੀ ਨੂੰ ਕਿਸਾਨਾਂ ਉੱਪਰ ਜਬਰ ਜ਼ੁਲਮ ਕਰਨ ਲਈ ਭੇਜ ਦਿੱਤਾ ਹੈ।
ਇਸ ਮੌਕੇ ਹਾਲਾਤਾਂ ਉੱਤੇ ਨੇੜਿਓਂ ਨਜ਼ਰ ਰੱਖਣ ਵਾਲੇ ਪੱਤਰਕਾਰਾਂ ਦੇ ਕੈਮਰੇ ਵੀ ਪੁਲਿਸ ਨੇ ਖੋਹਣ ਦਾ ਯਤਨ ਕੀਤਾ। ਇਸ ਮੌਕੇ ਪੁਲਿਸ ਏਐਸਆਈ ਬਲਵੰਤ ਸਿੰਘ ਨੇ ਵੀਡੀਓ ਸ਼ੂਟ ਕਰਦੇ ਇਕ ਕੈਮਰਾਮੈਨ ਤੋਂ ਧੱਕੇ ਨਾਲ ਕੈਮਰਾ ਖੋਹਣ ਦੀ ਕੋਸ਼ਿਸ ਕੀਤੀ। ਇਸ ਮੌਕੇ ਕਿਸਾਨਾਂ ਅਤੇ ਔਰਤਾਂ ਨੇ ਪੁਲਿਸ ਦੀ ਪੱਤਰਕਾਰਾਂ ਨਾਲ ਅਤੇ ਮੀਡੀਆ ਨਾਲ ਕੀਤੀ ਧੱਕੇਸ਼ਾਹੀ ਦੀ ਵੀ ਜੰਮ ਕੇ ਨਿੰਦਿਆ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਸੰਬੰਧੀ ਜਦੋਂ ਪੁਲਿਸ ਅਧਿਕਾਰੀ ਹਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਲ 2018 ਤੋਂ ਲਗਪਗ 200 ਏਕੜ ਰਕਬੇ ਤੋਂ ਵੱਧ ਜ਼ਮੀਨ ਉਪਰ ਜੰਗਲਾਤ ਵਿਭਾਗ ਨੇ ਰੁੱਖ ਲਗਾਏ ਹੋਏ ਹਨ ਪਰ ਹੁਣ ਕੁਝ ਲੋਕਾਂ ਵੱਲੋਂ ਇਨ੍ਹਾਂ ਰੁੱਖਾਂ ਨੂੰ ਉਜਾੜ ਕੇ ਇਸ ਜ਼ਮੀਨ ਉੱਤੇ ਕਬਜ਼ਾ ਕੀਤਾ ਜਾ ਰਿਹਾ ਹੈ। ਜਿਸ ਦੌਰਾਨ ਵੱਡੀ ਗਿਣਤੀ ਵਿੱਚ ਰੁੱਖਾਂ ਨੂੰ ਅੱਗ ਦੇ ਹਵਾਲੇ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਵੀ ਲੋਕਾਂ ਨੇ ਕਾਨੂੰਨ ਹੱਥ ਵਿਚ ਲਿਆ ਹੈ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਖਿਲਾਫ਼ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ 'ਤੇ ਆਈ ਸ਼ਿਕਾਇਤ
ਦੂਸਰੇ ਪਾਸੇ ਕਿਸਾਨ ਆਗੂ ਗੁਰਪ੍ਰਤਾਪ ਸਿੰਘ, ਸਵਿੰਦਰ ਸਿੰਘ ਚੁਤਾਲਾ ਅਤੇ ਨਿਰਮਲ ਸਿੰਘ ਆਦਿ ਦਾ ਕਹਿਣਾ ਹੈ ਕਿ ਉਹ ਆਪਣੇ ਹੱਕਾਂ ਲਈ ਜੂਝਦੇ ਰਹਿਣਗੇ। ਉਨ੍ਹਾਂ ਕਿਹਾ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਕਿਸਾਨਾਂ ਉੱਪਰ ਜੋ ਵੀ ਜ਼ੁਲਮ ਕਰ ਸਕਦੀ ਹੈ ਜੋ ਪਰਚੇ ਮੁਕੱਦਮੇ ਹੋਣਗੇ ਕਿਸਾਨ ਉਨ੍ਹਾਂ ਦਾ ਹਰ ਹਾਲਤ ਵਿੱਚ ਟਾਕਰਾ ਕਰਨ ਲਈ ਤਿਆਰ ਬਰ ਤਿਆਰ ਹਨ।
- ਰਿਪੋਰਟਰ ਰਵੀ ਬਕਸ਼ ਦੇ ਸਹਿਯੋਗ ਨਾਲ
-PTC News