ਰੈਡ ਕਰਾਸ 'ਤੇ ਵਸੂਲੇ ਜਾ ਰਹੇ ਸਨ ਜ਼ਿਆਦਾ ਪੈਸੇ, ਸਿਹਤ ਮੰਤਰੀ ਜੌੜਾਮਾਜਰਾ ਨੇ ਡੀਸੀ ਨੂੰ ਜਾਂਚ ਦੇ ਦਿੱਤੇ ਆਦੇਸ਼
ਬਠਿੰਡਾ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਅਚਨਚੇਤ ਚੈਕਿੰਗ ਕੀਤੀ। ਹਸਪਤਾਲ ਦੇ ਕੰਪਲੈਕਸ ਵਿੱਚ ਦਾਖ਼ਲ ਹੁੰਦੇ ਹੀ ਜੌੜਾਮਾਜਰਾ ਨੇ ਰੈਡ ਕਰਾਸ ਦੀ ਬਣੀ ਦੁਕਾਨ ਦੀ ਚੈਕਿੰਗ ਕੀਤੀ ਜਿਥੇ ਲੋਕਾਂ ਕੋਲੋਂ ਰੈਡ ਕਰਾਸ ਵੱਲੋਂ ਜ਼ਿਆਦਾ ਪੈਸੇ ਵਸੂਲੇ ਜਾ ਰਹੇ ਸਨ। ਸਿਹਤ ਮੰਤਰੀ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਇਸ ਸਬੰਧੀ ਜਾਂਚ ਕਰ ਕੇ ਜਲਦ ਹੀ ਰਿਪੋਰਟ ਸੌਂਪਣ ਦੇ ਆਦੇਸ਼ ਦਿੱਤੇ। ਇਸ ਤੋਂ ਬਾਅਦ ਸਿਹਤ ਮੰਤਰੀ ਸਰਕਾਰੀ ਹਸਪਤਾਲ ਵਿੱਚ ਬਣੀ ਕੰਟੀਨ ਵਿੱਚ ਪੁੱਜੇ ਤੇ ਉਥੇ ਬਾਰੀਕੀ ਨਾਲ ਜਾਇਜ਼ਾ ਲਿਆ। ਉਨ੍ਹਾਂ ਨੇ ਸਰਕਾਰੀ ਹਸਪਤਾਲ ਵਿੱਚ ਸਫ਼ਾਈ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਹਸਪਤਾਲ ਦੇ ਬਾਹਰ ਗੇਟ ਉਤੇ ਸੜਕ ਮੂਹਰੇ ਜਮ੍ਹਾਂ ਹੋਏ ਪਾਣੀ ਨੂੰ ਲੈ ਕੇ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਇਸ ਦਾ ਜਲਦੀ ਹੱਲ ਕਰਵਾਇਆ ਜਾਵੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚੇਤਨ ਸਿੰਘ ਜੌੜੇਮਾਜਰਾ ਨੇ ਕਿਹਾ ਕਿ ਹਸਪਤਾਲ ਵਿੱਚ ਚੈਕਿੰਗ ਲਈ ਆਇਆ ਹਾਂ ਇਥੇ ਲੋਕਾਂ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਡਾਕਟਰ ਵੀ ਸਿਹਤ ਸਹੂਲਤਾਂ ਸਬੰਧੀ ਪੂਰਾ ਧਿਆਨ ਰੱਖ ਰਹੇ ਹਨ। ਸਿਹਤ ਸਹੂਲਤਾਂ ਨੂੰ ਲੈ ਕੇ ਉਨ੍ਹਾਂ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਦੀ ਕਮੀ ਜ਼ਰੂਰ ਚੱਲ ਰਹੀ ਉਸ ਨੂੰ ਜਲਦ ਪੂਰਾ ਕਰ ਲਿਆ ਜਾਵੇਗਾ। ਸਰਕਾਰੀ ਹਸਪਤਾਲ ਵਿੱਚ ਇਕ ਡਰਾਈਵਰ ਖ਼ਿਲਾਫ਼ ਤੇਲ ਚੋਰੀ ਦਾ ਮਾਮਲਾ ਦਰਜ ਹੋਇਆ ਸੀ। ਇਸ ਸਬੰਧੀ ਸਿਹਤ ਮੰਤਰੀ ਨੇ ਕਿਹਾ ਕਿ ਜੇ ਉਹ ਗਲਤ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਨਾਭਾ ਦੇ ਸਿਵਲ ਹਸਪਤਾਲ ਦਾ ਦੌਰਾ ਕਰ ਕੇ ਹਸਪਤਾਲ 'ਚ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਸਬੰਧੀ ਬਾਰੀਕੀ ਨਾਲ ਸਮੀਖਿਆ ਕੀਤੀ ਸੀ। ਇਸ ਮੌਕੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸਿਹਤ ਸਹੂਲਤਾਂ ਦੇ ਖੇਤਰ 'ਚ ਵੱਡੇ ਪੱਧਰ ਉਤੇ ਸੁਧਾਰ ਲਿਆਉਣ ਲਈ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ ਤੇ ਸਿਹਤ ਪਾਲਿਸੀ ਲਿਆਉਣ ਤੋਂ ਪਹਿਲਾਂ ਉਨ੍ਹਾਂ ਵੱਲੋਂ ਸਿਵਲ ਹਸਪਤਾਲਾਂ ਤੇ ਸਬ ਡਵੀਜ਼ਨ ਪੱਧਰ ਦੇ ਹਸਪਤਾਲਾਂ ਆਦਿ ਦਾ ਦੌਰਾ ਕਰ ਕੇ ਜ਼ਮੀਨੀ ਪੱਧਰ ਜਾਣਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਦੀ ਸਹੂਲਤ ਅਨੁਸਾਰ ਅਗਲੇ ਕਦਮ ਚੁੱਕੇ ਜਾਣ। ਇਹ ਵੀ ਪੜ੍ਹੋ : ਪਰਾਲੀ ਦਾ ਪ੍ਰਦੂਸ਼ਣ : ਕਿਸਾਨ ਸਬਸਿਡੀ ਵਾਲੀ ਮਸ਼ੀਨਰੀ ਲਈ ਆਨਲਾਈਨ ਕਰ ਸਕਣਗੇ ਅਪਲਾਈ