ਮੂਸੇਵਾਲਾ ਕਤਲ ਕਾਂਡ: ਸਚਿਨ ਥਾਪਨ ਨੂੰ ਅਗਲੇ ਹਫ਼ਤੇ ਲਿਆਂਦਾ ਜਾਵੇਗਾ ਭਾਰਤ
ਚੰਡੀਗੜ੍ਹ: ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਸਚਿਨ ਥਾਪਨ ਨੂੰ ਅਜ਼ਰਬਾਈਜਾਨ ਤੋਂ ਭਾਰਤ ਵਾਪਸ ਲਿਆਉਣ ਲਈ ਕੇਂਦਰ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਪੁਲਿਸ ਦੇ ਅਧਿਕਾਰੀਆਂ ਅਨੁਸਾਰ ਥਾਪਨ ਨੂੰ ਵਾਪਸ ਲਿਆਉਣ ਲਈ ਪੁਲਿਸ ਦੀ ਟੀਮ ਅਜ਼ਰਬਾਈਜਾਨ ਜਾ ਸਕਦੀ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਜਲਦੀ ਹੀ ਥਾਪਨ ਨੂੰ ਪੰਜਾਬ ਲਿਆਂਦਾ ਜਾਵੇਗਾ। ਇਹ ਜਾਣਕਾਰੀ ਕੁਝ ਦਿਨ ਪਹਿਲਾਂ ਵਿਦੇਸ਼ ਮੰਤਰਾਲੇ ਨੂੰ ਮਿਲੀ ਸੀ। ਬੀਤੇ ਦਿਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਕੀਨੀਆ ਅਤੇ ਅਜ਼ਰਬਾਈਜਾਨ ਤੋਂ ਦੋ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।
Sidhu Moosewala murder case: MEA" />
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਅੱਗੇ ਦੱਸਿਆ ਕਿ ਉਹ ਅਗਲੇ ਕਦਮਾਂ ਲਈ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨਾਲ ਸੰਪਰਕ ਵਿੱਚ ਹਨ। ਮਾਨਸਾ ਪੁਲਿਸ ਵੱਲੋਂ ਸਚਿਨ ਨਾਲ ਸਬੰਧਿਤ ਦਸਤਾਵੇਜ਼ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਜਮਾ ਕਰਵਾਏ ਗਏ ਹਨ। ਵਿਦੇਸ਼ ਮੰਤਰਾਲੇ ਕੋਲ ਵੀ ਜਰੂਰੀ ਲੋੜੀਂਦੀ ਕਾਰਵਾਈ ਪੂਰੀ ਕੀਤੀ ਗਈ ਹੈ। ਸਚਿਨ ਥਾਪਨ ਦਾ ਅਪਰਾਧਿਕ ਰਿਕਾਰਡ, ਚਲਾਨ ਦੀ ਕਾਪੀ ਅਤੇ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਭੂਮਿਕਾ ਦੇ ਦਸਤਾਵੇਜ਼ ਸੌਂਪੇ ਗਏ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ 'ਤੇ ਆਪਰੇਸ਼ਨ ਚਲਾ ਕੇ ਥਾਪਨ ਦੇ ਟਿਕਾਣੇ ਦਾ ਪਤਾ ਲਗਾਇਆ ਗਿਆ। ਜਾਂਚ 'ਚ ਸਾਹਮਣੇ ਆਇਆ ਕਿ ਉਹ ਫਰਜ਼ੀ ਪਾਸਪੋਰਟ 'ਤੇ ਦੁਬਈ ਗਿਆ ਸੀ। ਦੁਬਈ ਤੋਂ ਅਜ਼ਰਬਾਈਜਾਨ ਤੱਕ ਦਾ ਪਤਾ ਲਗਾਇਆ ਗਿਆ। ਕੇਂਦਰੀ ਏਜੰਸੀਆਂ ਦਾ ਪੂਰਾ ਸਹਿਯੋਗ ਹੈ।
ਜ਼ਿਕਰਯੋਗ ਹੈ ਕਿ ਸਚਿਨ ਥਾਪਨ ਨੂੰ ਅਜ਼ਰਬਾਈਜਾਨ 'ਚ ਹਿਰਾਸਤ 'ਚ ਲਿਆ ਗਿਆ ਹੈ, ਜਦਕਿ ਇਕ ਹੋਰ ਮੁੱਖ ਮੁਲਜ਼ਮ ਅਨਮੋਲ ਬਿਸ਼ਨੋਈ ਨੂੰ ਕੀਨੀਆ 'ਚ ਹਿਰਾਸਤ 'ਚ ਲਿਆ ਗਿਆ ਹੈ। 29 ਮਈ ਨੂੰ ਕਤਲ ਤੋਂ ਪਹਿਲਾਂ ਲਾਰੈਂਸ ਦਾ ਭਰਾ ਅਨਮੋਲ ਅਤੇ ਭਤੀਜਾ ਸਚਿਨ ਥਾਪਨ ਵਿਦੇਸ਼ ਭੱਜ ਗਏ ਸਨ।
ਲਾਰੈਂਸ ਨੇ ਉਹਨਾਂ ਨੂੰ ਫਰਜ਼ੀ ਪਾਸਪੋਰਟ ਬਣਾ ਕੇ ਫਰਾਰ ਕਰ ਦਿੱਤਾ ਸੀ। ਦੋਵੇਂ ਪਹਿਲਾਂ ਨੇਪਾਲ ਗਏ ਸਨ। ਉਸ ਤੋਂ ਬਾਅਦ ਕੈਨੇਡਾ ਅਤੇ ਦੁਬਈ ਗਏ। ਉਥੋਂ ਸਚਿਨ ਥਾਪਨ ਅਜ਼ਰਬਾਈਜਾਨ ਚਲਾ ਗਿਆ ਅਤੇ ਉਥੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਅਨਮੋਲ ਉਥੋਂ ਭੱਜ ਕੇ ਕੀਨੀਆ ਚਲਾ ਗਿਆ, ਉਹ ਵੀ ਉਥੇ ਫੜਿਆ ਗਿਆ ਹੈ। ਦੋਵਾਂ ਕੋਲ ਫਰਜ਼ੀ ਨਾਵਾਂ ਅਤੇ ਪਤਿਆਂ ਨਾਲ ਬਣੇ ਪਾਸਪੋਰਟ ਸਨ।
ਕੌਣ ਹੈ ਸਚਿਨ ਬਿਸ਼ਨੋਈ
ਸਚਿਨ ਬਿਸ਼ਨੋਈ ਦਾ ਸਬੰਧ ਲਾਰੇਂਸ ਬਿਸ਼ਨੋਈ ਨਾਲ ਦੱਸਿਆ ਜਾਂਦਾ ਹੈ। ਉਹ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਦਾ ਪ੍ਰਸ਼ੰਸਕ ਵੀ ਦੱਸਦਾ ਹੈ ਅਤੇ ਇਹ ਵੀ ਕਹਿੰਦਾ ਹੈ ਕਿ ਲਾਰੈਂਸ ਉਸ ਦਾ ਮਾਮਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਖੁੱਲ੍ਹੇਆਮ ਕਬੂਲ ਕੀਤਾ ਹੈ ਕਿ ਇਹ ਕੰਮ ਉਸ ਨੇ ਹੀ ਕੀਤਾ ਹੈ। ਉਸ ਨੇ ਇੱਕ ਟੀਵੀ ਚੈਨਲ ਨੂੰ ਫੋਨ ਕਰਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਉਸ ਨੇ ਫੇਸਬੁੱਕ 'ਤੇ ਹੱਥ 'ਚ ਬੰਦੂਕ ਲੈ ਕੇ ਇਕ ਤਸਵੀਰ ਵੀ ਸਾਂਝੀ ਕੀਤੀ ਸੀ ਅਤੇ ਕਿਹਾ ਸੀ ਕਿ ਇਹ ਕਤਲ ਉਸ ਨੇ ਹੀ ਕੀਤਾ ਹੈ। ਉਹ ਦੇਸ਼ ਤੋਂ ਬਾਹਰੋਂ ਲਾਰੈਂਸ ਬਿਸ਼ਨੋਈ ਦੇ ਗੈਂਗ ਦੀ ਮਦਦ ਕਰਦਾ ਹੈ। ਉਸਦਾ ਅਸਲ ਨਾਮ ਸਚਿਨ ਥਾਪਨ ਹੈ ਪਰ ਉਹ ਆਪਣੇ ਆਪ ਨੂੰ ਲਾਰੈਂਸ ਨਾਲ ਜੋੜਨ ਲਈ ਸਚਿਨ ਬਿਸ਼ਨੋਈ ਨਾਮ ਦੀ ਵਰਤੋਂ ਵੀ ਕਰਦਾ ਹੈ।
ਇਹ ਵੀ ਪੜ੍ਹੋ: Asia Cup 2022 ਦੇ ਸੁਪਰ 4 ਪੜਾਅ ਦਾ ਆਖ਼ਰੀ ਸ਼ਡਿਊਲ ਜਾਰੀ, ਭਲਕੇ ਹੋਵੇਗਾ ਭਾਰਤ- ਪਾਕਿਸਤਾਨ ਦਾ ਮੈਚ
ਮੂਸੇਵਾਲਾ ਕਤਲ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਖੁਲਾਸਾ ਕੀਤਾ ਸੀ ਕਿ ਲਾਰੈਂਸ, ਗੋਲਡੀ ਬਰਾੜ ਅਤੇ ਸਚਿਨ ਥਾਪਨ ਅਤੇ ਅਨਮੋਨ ਨੇ ਮਿਲ ਕੇ ਮੂਸੇਵਾਲਾ ਦੇ ਕਤਲ ਦੀ ਯੋਜਨਾ ਬਣਾਈ ਸੀ ਪਰ ਕਤਲ ਕਰਨ ਤੋਂ ਪਹਿਲਾਂ ਲਾਰੈਂਸ ਨੇ ਸਚਿਨ ਅਤੇ ਅਨਮੋਲ ਦਾ ਜਾਅਲੀ ਪਾਸਪੋਰਟ ਬਣਾ ਕੇ ਵਿਦੇਸ਼ ਭੇਜ ਦਿੱਤਾ ਸੀ। ਜਾਅਲੀ ਪਾਸਪੋਰਟ ਦੇ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਖ਼ਿਲਾਫ਼ ਸਟੇਟ ਕਰਾਈਮ ਪੰਜਾਬ ਵਿੱਚ ਵੀ ਕੇਸ ਦਰਜ ਕੀਤਾ ਗਿਆ ਸੀ ਜਿਸ 'ਚ ਲਾਰੇਂਸ ਤੋਂ ਪੁਲਸ ਰਿਮਾਂਡ 'ਤੇ ਪੁੱਛਗਿੱਛ ਕੀਤੀ ਗਈ ਹੈ।
-PTC News