ਮਹਿੰਦਰ ਸਿੰਘ ਆਹਲੀ ਬਣੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਦੇ ਨਿੱਜੀ ਸਕੱਤਰ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ ਨੂੰ ਆਪਣੇ ਨਿੱਜੀ ਸਕੱਤਰ ਵਜੋਂ ਜ਼ੁੰਮੇਵਾਰੀ ਸੌਂਪੀ ਹੈ। ਇਸ ਤੋਂ ਪਹਿਲਾਂ ਅਵਤਾਰ ਸਿੰਘ ਸੈਂਪਲਾ ਨਿੱਜੀ ਸਕੱਤਰ ਵਜੋਂ ਕਾਰਜਸ਼ੀਲ ਸਨ, ਜੋ 31 ਜਨਵਰੀ 2020 ਨੂੰ ਸੇਵਾ ਮੁਕਤ ਹੋ ਰਹੇ ਹਨ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿੰਦਰ ਸਿੰਘ ਆਹਲੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਨਿੱਜੀ ਸਕੱਤਰ ਨਿਯੁਕਤ ਕੀਤਾ ਹੈ, ਜੋ ਆਪਣੀਆਂ ਪਹਿਲੀਆਂ ਜ਼ੁੰਮੇਵਾਰੀਆਂ ਦੇ ਨਾਲ-ਨਾਲ ਇਹ ਸੇਵਾ ਵੀ ਨਿਭਾਉਣਗੇ।
ਹੋਰ ਪੜ੍ਹੋ:ਸ਼੍ਰੋਮਣੀ ਕਮੇਟੀ ਵੱਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਪਿਰਤ ਕਾਨ੍ਹਪੁਰ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਆਯੋਜਿਤ
ਦੱਸਣਯੋਗ ਹੈ ਕਿ ਆਹਲੀ ਧਰਮ ਪ੍ਰਚਾਰ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਸੈਕਸ਼ਨ-85 ਅਧੀਨ ਆਉਂਦੇ ਗੁਰਦੁਆਰਾ ਸਾਹਿਬਾਨ ਦੇ ਸਕੱਤਰ ਵਜੋਂ ਕੰਮ ਕਰ ਰਹੇ ਹਨ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱੱਤਰ ਨਿਯੁਕਤ ਹੋਏ ਸ. ਮਹਿੰਦਰ ਸਿੰਘ ਆਹਲੀ ਨੇ ਭਾਈ ਲੌਂਗੋਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਿਲੀ ਜ਼ੁੰਮੇਵਾਰੀ ਨੂੰ ਸਭ ਦੇ ਸਹਿਯੋਗ ਅਤੇ ਗੁਰੂ ਸਾਹਿਬ ਦੀ ਭੈਅ-ਭਾਵਨੀ ਵਿਚ ਰਹਿੰਦਿਆਂ ਨਿਭਾਉਣਗੇ। ਆਹਲੀ ਨੂੰ ਨਿੱਜੀ ਸਕੱਤਰ ਬਣਨ ’ਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਅਧਿਕਾਰੀਆਂ ਨੇ ਮੁਬਾਰਕਬਾਦ ਦਿੱਤੀ ਹੈ।
-PTC News