ਮੁਹਾਲੀ 'ਚ ਝੂਲਾ ਟੁੱਟਣ ਦੇ ਮਾਮਲੇ 'ਚ ਪ੍ਰਬੰਧਕਾਂ ਦੀ ਗਲਤੀ ਆਈ ਸਾਹਮਣੇ, ਬਿਨਾਂ NOC ਤੋਂ ਚੱਲ ਰਹੇ ਸੀ ਝੂਲਾ
Mohali Carnival Swing Case: ਮੁਹਾਲੀ ਫੇਜ਼-8 ਦੁਸਹਿਰਾ ਗਰਾਊਂਡ ਵਿੱਚ 50 ਫੁੱਟ ਦੀ ਉਚਾਈ ਤੋਂ ਝੂਲਾ ਟੁੱਟਣ ਦੇ ਮਾਮਲੇ 'ਚ ਜਾਂਚ ਦੌਰਾਨ ਪ੍ਰਬੰਧਕਾਂ ਦੀ ਗਲਤੀ ਸਾਹਮਣੇ ਆਈ ਹੈ। ਪ੍ਰਬੰਧਕਾਂ ਨੇ ਮੇਲਾ ਕਰਵਾਉਣ ਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ। ਪ੍ਰਬੰਧਕਾਂ ਕੋਲ ਝੂਲੇ ਦੀ ਸੁਰੱਖਿਆ ਸਬੰਧੀ ਐਨਓਸੀ ਨਹੀਂ ਸੀ। ਭਾਵੇਂ ਉਨ੍ਹਾਂ ਨੇ ਜੁਲਾਈ ਵਿੱਚ ਲੋਕ ਨਿਰਮਾਣ ਵਿਭਾਗ ਤੋਂ ਇਸ ਦੀ ਇਜਾਜ਼ਤ ਮੰਗੀ ਸੀ ਪਰ ਸਬੰਧਤ ਵਿਭਾਗ ਨੇ ਅਗਸਤ ਵਿੱਚ ਉਨ੍ਹਾਂ ਨੂੰ ਜਵਾਬ ਦਿੱਤਾ ਸੀ ਕਿ ਵਿਭਾਗ ਦਾ ਮਕੈਨੀਕਲ ਵਿੰਗ ਭੰਗ ਕਰ ਦਿੱਤਾ ਗਿਆ ਸੀ। ਇਸ ਲਈ ਉਹ ਇਜਾਜ਼ਤ ਨਹੀਂ ਦੇ ਸਕਦਾ ਸੀ। ਇਸ ਦੇ ਨਾਲ ਹੀ ਪ੍ਰਬੰਧਕਾਂ ਨੇ ਸੁਰੱਖਿਆ ਐਨਓਸੀ ਲਏ ਬਿਨਾਂ ਝੂਲੇ ਲਗਾ ਦਿੱਤੇ। ਹਾਲਾਂਕਿ ਮੇਲਾ ਪ੍ਰਬੰਧਕਾਂ ਵੱਲੋਂ ਬਾਕੀ ਸਾਰੀਆਂ ਮਨਜ਼ੂਰੀਆਂ ਲਈਆਂ ਗਈਆਂ ਸਨ। ਮੇਲੇ ਦੇ ਪ੍ਰਬੰਧਕਾਂ ਨੇ 6 ਅਗਸਤ ਤੋਂ 11 ਸਤੰਬਰ ਤੱਕ ਮੇਲਾ ਕਰਵਾਉਣ ਦੀ ਇਜਾਜ਼ਤ ਲਈ ਸੀ। ਦੁਸਹਿਰਾ ਗਰਾਊਂਡ ਵਿੱਚ ਮੇਲਾ ਚੱਲ ਰਿਹਾ ਸੀ। 4 ਸਤੰਬਰ ਦੀ ਰਾਤ ਨੂੰ ਝੂਲਾ 50 ਫੁੱਟ ਦੀ ਉਚਾਈ ਤੋਂ ਡਿੱਗ ਗਿਆ। ਘੱਟੋ-ਘੱਟ 16 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਘਟਨਾ ਤੋਂ ਤੁਰੰਤ ਬਾਅਦ ਡੀਸੀ ਅਮਿਤ ਤਲਵਾੜ ਨੇ ਵਧੀਕ ਡਿਪਟੀ ਕਮਿਸ਼ਨਰ (ਏਡੀਸੀ) ਅਮਨਿੰਦਰ ਕੌਰ ਬਰਾੜ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਜਾਂਚ ਟੀਮ ਦਾ ਗਠਨ ਕੀਤਾ ਸੀ। ਜਾਂਚ ਰਿਪੋਰਟ ਵਿੱਚ ਪਾਇਆ ਗਿਆ ਕਿ ਮੇਲੇ ਦੇ ਪ੍ਰਬੰਧਕਾਂ ਨੇ ਝੂਲੇ ਲਗਾਉਣ ਦੀ ਮਨਜ਼ੂਰੀ ਲਈ ਸੀ ਪਰ ਇਹ ਇਜਾਜ਼ਤ ਇਸ ਸ਼ਰਤ ’ਤੇ ਦਿੱਤੀ ਗਈ ਸੀ ਕਿ ਪ੍ਰਬੰਧਕ ਸਬੰਧਤ ਵਿਭਾਗ ਤੋਂ ਐਨਓਸੀ ਲੈਣਗੇ। ਇਹ ਵੀ ਪੜ੍ਹੋ : ਰਾਜੋਆਣਾ ਦੀ ਭੈਣ ਵੱਲੋਂ ਸਰਕਾਰ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਫ਼ੈਸਲਾ ਸੁਣਾਉਣ ਦੀ ਅਪੀਲ ਰਿਪੋਰਟ ਵਿੱਚ ਇਹ ਵੀ ਪਾਇਆ ਗਿਆ ਕਿ ਪ੍ਰਬੰਧਕ ਨੇ ਜੁਲਾਈ ਵਿੱਚ ਪੀਡਬਲਯੂਡੀ ਤੋਂ ਐਨਓਸੀ ਲਈ ਅਰਜ਼ੀ ਦਿੱਤੀ ਸੀ ਪਰ ਉਥੋਂ ਐਨਓਸੀ ਨਹੀਂ ਮਿਲੀ। ਇਸ ਤੋਂ ਇਲਾਵਾ ਝੂਲੇ ਦਾ ਕੁਝ ਹਿੱਸਾ ਟੁੱਟ ਗਿਆ। ਜਿਸ ਕਾਰਨ ਇਹ ਘਟਨਾ ਵਾਪਰੀ। ਇਸ ਮਾਮਲੇ ਵਿੱਚ ਮੇਲਾ ਕਰਵਾਉਣ ਵਾਲੇ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਸੀ। ਝੂਲਾ ਡਿੱਗਣ ਤੋਂ ਬਾਅਦ ਪ੍ਰਸ਼ਾਸਨ ਹੁਣ ਇਸ ਸਬੰਧੀ ਪਹਿਲਾਂ ਤੋਂ ਤੈਅ ਸ਼ਰਤਾਂ ਵਿੱਚ ਕੁਝ ਬਦਲਾਅ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਅਨੁਸਾਰ ਆਰਜ਼ੀ ਝੂਲਿਆਂ ਆਦਿ ਲਈ ਕੋਈ ਇਜਾਜ਼ਤ ਨਹੀਂ ਦਿੱਤੀ ਜਾਵੇਗੀ। (ਅੰਕੁਸ਼ ਮਹਾਜਨ ਦੀ ਰਿਪੋਰਟ ) -PTC News