ਮੋਗਾ ਪੁਲਿਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ
ਮਲੌਟ : ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਮੁਸ਼ਕਲਾਂ ਘੱਟਣ ਦਾ ਨਾਮ ਨਹੀਂ ਲੈ ਰਹੀਆਂ ਹਨ। ਅੱਜ ਮਲੌਟ ਅਦਾਲਤ ਨੇ ਮੋਗਾ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਦੇ ਦਿੱਤਾ। ਸ੍ਰੀ ਮੁਕਤਸਰ ਦੇ ਰਹਿਣ ਵਾਲੇ ਰਣਜੀਤ ਰਾਣਾ ਕਤਲ ਕਾਂਡ ਵਿੱਚ ਮਲੌਟ ਥਾਣਾ ਸਦਰ ਦੀ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਦਾ ਲਿਆ ਗਿਆ ਪੁਲਿਸ ਰਿਮਾਂਡ ਅੱਜ ਖ਼ਤਮ ਹੋਣ ਉਤੇ ਗੈਂਗਸਟਰ ਨੂੰ ਮਲੌਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਮੋਗਾ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਮਿਲ ਗਿਆ ਹੈ। ਜ਼ਿਕਰਯੋਗ ਹੈ ਕਿ 20 ਅਕਤੂਬਰ 2020 ਨੂੰ ਮਲੌਟ ਦੇ ਨਜ਼ਦੀਕ ਪਿੰਡ ਔਲਖ ਵਿਖੇ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਰਣਜੀਤ ਸਿੰਘ ਰਾਣਾ ਦਾ ਕਤਲ ਹੋ ਗਿਆ ਸੀ ਜਿਸ ਵਿੱਚ ਰਣਜੀਤ ਰਾਣਾ ਦੀ ਪਤਨੀ ਦੇ ਬਿਆਨਾਂ ਉਤੇ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਸੀ। ਇਸ ਮਾਮਲੇ ਵਿੱਚ ਰਿਮਾਂਡ ਲੈਣ ਲਈ ਥਾਣਾ ਸਦਰ ਮਲੌਟ ਦੀ ਪੁਲਿਸ ਨੇ 21 ਜੁਲਾਈ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਲੌਟ ਦੀ ਅਦਾਲਤ ਵਿੱਚ ਪੇਸ਼ ਕੀਤਾ ਸੀ। ਇਸ ਦੌਰਾਨ ਅਦਾਲਤ ਨੇ ਮਲੌਟ ਪੁਲਿਸ ਨੂੰ 7 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਸੀ। ਲਾਰੈਂਸ ਬਿਸ਼ਨੋਈ ਦਾ ਰਿਮਾਂਡ ਖ਼ਤਮ ਹੋਣ ਉਤੇ ਫਿਰ 28 ਜੁਲਾਈ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕਰਨ ਉਤੇ ਮਲੌਟ ਪੁਲਿਸ ਨੂੰ 4 ਦਿਨ ਦਾ ਹੋਰ ਰਿਮਾਂਡ ਮਿਲ ਗਿਆ ਸੀ। ਅੱਜ ਲਾਰੈਂਸ ਦਾ ਰਿਮਾਂਡ ਖ਼ਤਮ ਹੋਣ ਉਤੇ ਮਲੌਟ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਸਾਰੇ ਪੱਖਾਂ ਦੀਆਂ ਦਲੀਲਾਂ ਨੂੰ ਸੁਣਿਆ। ਇਸ ਤੋਂ ਬਾਅਦ ਫ਼ਰੀਦਕੋਟ ਤੇ ਮੋਗਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਰਿਮਾਂਡ ਦੀ ਮੰਗ ਕੀਤੀ ਸੀ ਜਿਸ ਵਿੱਚ ਮਾਣਯੋਗ ਅਦਾਲਤ ਨੇ ਮੋਗਾ ਪੁਲਿਸ ਨੂੰ ਟਰਾਂਜ਼ਿਟ ਰਿਮਾਂਡ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਨੇ ਰਿਮਾਂਡ ਉਤੇ ਲਿਆਂਦਾ ਸੀ। ਪੁਲਿਸ ਨੇ ਸਿੱਧੂ ਕਤਲ ਕਾਂਡ ਸਬੰਧੀ ਬਿਸ਼ਨੋਈ ਤੋਂ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਸੀ। ਇਹ ਵੀ ਪੜ੍ਹੋ : ਬਹਿਬਲ ਕਲਾਂ ਇਨਸਾਫ਼ ਮੋਰਚੇ ਨੇ ਸਰਕਾਰ ਨੂੰ 15 ਦਿਨ ਦਾ ਦਿੱਤਾ ਅਲਟੀਮੇਟਮ, ਤੁਸੀਂ ਜਿਵੇਂ ਇਨਸਾਫ਼ ਚਾਹੁੰਦੇ ਹੋ, ਉਸੇ ਤਰ੍ਹਾਂ ਮਿਲੇਗਾ: ਸੰਧਵਾਂ