ਸਿੱਧੂ ਮੂਸੇਵਾਲਾ ਕਤਲਕਾਂਡ ਦੇ ਸ਼ਾਰਪ ਸ਼ੂਟਰਾਂ ਕੋਲੋਂ ਜੇਲ੍ਹ 'ਚੋਂ ਮੋਬਾਇਲ ਬਰਾਮਦ
ਗੋਇੰਦਵਾਲ ਸਾਹਿਬ : ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ ਵਿਚ ਬੰਦ 6 ਸ਼ਾਰਪ ਸ਼ੂਟਰਾਂ ਕੋਲੋਂ ਮੋਬਾਈਲ ਬਰਾਮਦ ਹੋਏ ਹਨ। ਦਰਅਸਲ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਦੀ ਅਚਨਚੇਤੀ ਚੈਕਿੰਗ ਕੀਤੀ ਗਈ ਸੀ। ਇਸ ਦੌਰਾਨ ਗੈਂਗਸਟਰਾਂ ਕੋਲੋਂ 2 ਮੋਬਾਈਲ ਫੋਨ ਤੇ 1 ਸਿਮ ਬਰਾਮਦ ਹੋਏ ਹਨ। ਇਨ੍ਹਾਂ ਸ਼ੂਟਰਾਂ ਕੋਲੋਂ ਮੋਬਾਈਲ ਫ਼ੋਨ ਤੇ ਇਕ ਸਿਮ ਕਾਰਡ ਮਿਲਣ ਤੋਂ ਬਾਅਦ ਜੇਲ੍ਹ ਦੇ ਪੁਖ਼ਤਾ ਸੁਰੱਖਿਆ ਪ੍ਰਬੰਧਾਂ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਏ ਹਨ ਕਿ ਅਜਿਹੇ ਸ਼ੂਟਰਾਂ ਕੋਲ ਮੋਬਾਇਲ ਫ਼ੋਨ ਤੇ ਸਿਮ ਕਾਰਡ ਕਿਵੇਂ ਪੁੱਜ ਗਏ। ਫਿਲਹਾਲ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੇ ਬਿਆਨਾਂ ਉਤੇ ਕਾਰਵਾਈ ਕਰਦੇ ਹੋਏ 6 ਸ਼ੂਟਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦੇ ਸਹਾਇਕ ਸੁਪਰਡੈਂਟ ਕਰਨਲ ਸਿੰਘ ਨੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੂੰ ਲਿਖਤੀ ਪੱਤਰ ਭੇਜ ਕੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਵਾਰਡ ਨੰਬਰ 3 ਦੀ ਕੋਠੀ ਦੀ ਤਲਾਸ਼ੀ ਲਈ ਗਈ। ਚੈਕਿੰਗ ਦੌਰਾਨ ਇਸ ਸੈੱਲ 'ਚ ਬੰਦ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਨਾਮਜ਼ਦ ਸ਼ੂਟਰ ਪ੍ਰਿਆਵਰਤ ਫ਼ੌਜੀ, ਕਸ਼ਿਸ਼, ਦੀਪਕ ਟੀਨੂੰ, ਅੰਕਿਤ ਸੇਰਸਾ, ਕੇਸ਼ਵ ਕੁਮਾਰ ਅਤੇ ਸਚਿਨ ਭਿਵਾਨੀ ਕੋਲੋਂ ਮੋਬਾਈਲ ਬਰਾਮਦ ਕੀਤੇ ਗਏ ਹਨ। ਇਹ ਵੀ ਪੜ੍ਹੋ : ਸ਼ਾਰਪ ਸ਼ੂਟਰਾਂ ਵੱਲੋਂ ਸਲਮਾਨ ਖਾਨ ਨੂੰ ਮਾਰਨ ਦੀ ਸਾਜਿਸ਼ ਦੇ ਖੁਲਾਸੇ ਮਗਰੋਂ ਪੰਜਾਬ ਪਹੁੰਚੀ ਮੁੰਬਈ ਪੁਲਿਸ ਇਸ ਸਬੰਧੀ ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅਜਿਹੇ ਖ਼ਤਰਨਾਕ ਸ਼ੂਟਰਾਂ ਕੋਲ ਮੋਬਾਈਲ ਫੋਨ ਕਿਵੇਂ ਪਹੁੰਚਿਆ ਇਸ ਬਾਰੇ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਨ੍ਹਾਂ ਸ਼ੂਟਰਾਂ ਕੋਲੋਂ ਮਿਲੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂਚ ਕੀਤੀ ਜਾਵੇਗੀ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਜੇਲ੍ਹ 'ਚ ਬੰਦ ਕੈਦੀਆਂ ਕੋਲੋਂ ਮੋਬਾਈਲ ਫ਼ੋਨ ਬਰਾਮਦ ਹੋ ਹਨ। ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ 'ਚ ਪਾਬੰਦੀਸ਼ੁਦਾ ਪਦਾਰਥ ਮਿਲਣ ਦੇ ਮਾਮਲੇ ਆਮ ਹਨ ਪਰ ਜੇਲ੍ਹ 'ਚ ਅਜਿਹੇ ਖ਼ਤਰਨਾਕ ਅਪਰਾਧੀਆਂ ਤੋਂ ਮੋਬਾਈਲ ਫ਼ੋਨ ਮਿਲਣਾ ਕਾਫੀ ਚਿੰਤਾ ਦਾ ਵਿਸ਼ਾ ਹੈ। -PTC News