ਟਿੱਲਾ ਬਾਬਾ ਫਰੀਦ ਜੀ ਵਿਖੇ ਨਤਮਸਤਕ ਹੋਏ ਵਿਧਾਇਕ ਅਮੋਲਕ ਸਿੰਘ
ਫ਼ਰੀਦਕੋਟ : ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਫਲਤਾ ਮਿਲਣ ਉਤੇ ਬਾਬਾ ਫਰੀਦ ਜੀ ਦਾ ਸ਼ੁਕਰਾਨਾ ਕਰਨ ਲਈ ਵਿਧਾਨ ਸਭਾ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਆਪਣੀ ਪਤਨੀ ਅਤੇ ਸਾਥੀਆਂ ਸਮੇਤ ਸਵੇਰੇ 5.30 ਵਜੇ ਕੋਟਕਪੂਰਾ ਦੇ ਬੱਤੀਆ ਵਾਲਾ ਚੌਕ ਤੋਂ ਚੱਲ ਕੇ ਕਰੀਬ ਪੌਣੇ ਅੱਠ ਵਜੇ ਟਿੱਲਾ ਬਾਬਾ ਫ਼ਰੀਦ ਜੀ ਫ਼ਰੀਦਕੋਟ ਵਿਖੇ ਪਹੁੰਚੇ ਤੇ ਬਾਬਾ ਫ਼ਰੀਦ ਜੀ ਦੇ ਪਵਿੱਤਰ ਸਥਾਨ ਉਤੇ ਨਤਮਸਤਕ ਹੋਏ। ਇਸ ਮੌਕੇ ਟਿੱਲਾ ਬਾਬਾ ਫਰੀਦ ਜੀ ਦੇ ਸੇਵਾਦਾਰ ਮਹੀਪਇੰਦਰ ਸਿੰਘ ਸੇਖੋਂ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਕਿਹਾ ਗਿਆ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਨਾਲ ਆਏ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਧਰਮਜੀਤ ਸਿੰਘ ਰਾਮੇਆਣਾ ਨੇ ਕਿਹਾ ਕਿ ਉਹ ਅੱਜ ਟਿੱਲਾ ਬਾਬਾ ਫਰੀਦ ਜੀ ਵਿਖੇ ਸ਼ੁਕਰਾਨੇ ਵਜੋਂ ਨਤਮਸਤਕ ਹੋਣ ਲਈ ਆਏ ਹਨ ਅਤੇ ਨਾਲ ਹੀ ਅਰਦਾਸ ਵੀ ਕਰਨ ਆਏ ਹਨ ਕਿ ਬਾਬਾ ਫਰੀਦ ਜੀ ਉਨ੍ਹਾਂ ਦੇ ਸਿਰ ਉਤੇ ਆਪਣਾ ਅਸ਼ੀਰਵਾਦ ਹਮੇਸ਼ਾ ਬਣਾਈ ਰੱਖਣ ਤੇ ਹਾਊਮੇਂ ਹੰਕਾਰ ਤੋਂ ਬਚਾ ਕੇ ਹਮੇਸ਼ਾ ਮਨੁੱਖਤਾ ਦੇ ਭਲੇ ਲਈ ਕੰਮ ਕਰਨ ਦਾ ਬਲ ਬਖਸ਼ਣ। ਇਸ ਮੌਕੇ ਗੱਲਬਾਤ ਕਰਦਿਆ ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਉਹ ਅੱਜ ਬਾਬਾ ਫਰੀਦ ਜੀ ਦੀ ਮੁਕੱਦਸ ਧਰਤੀ ਉਤੇ ਸਿਜਦਾ ਕਰਨ ਅਤੇ ਚੋਣਾਂ ਵਿਚ ਫਤਿਹ ਬਖਸ਼ਸ ਕਰਨ ਲਈ ਬਾਬਾ ਫਰੀਦ ਜੀ ਦਾ ਸ਼ੁਕਰਾਨਾ ਕਰਨ ਲਈ ਇਥੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਬਾਬਾ ਫ਼ਰੀਦ ਜੀ ਦੀ ਕ੍ਰਿਪਾ ਸਦਕਾ ਹੀ ਉਨ੍ਹਾਂ ਨੂੰ ਜਿੱਤ ਨਸੀਬ ਹੋਈ ਹੈ ਅਤੇ ਉਹ ਬਾਬਾ ਫਰੀਦ ਜੀ ਤੋਂ ਆਸ਼ੀਰਵਾਦ ਲੈਣ ਆਏ ਹਨ ਕਿ ਉਹ ਲੋਕਾਂ ਦੀ ਨਿਰਸਵਾਰਥ ਸੇਵਾ ਕਰ ਸਕਣ ਤੇ ਇਲਾਕੇ ਦੇ ਲੋਕਾਂ ਦੀ ਖ਼ੁਸ਼ਹਾਲੀ ਲਈ ਕੰਮ ਕਰ ਸਕਣਗੇ। ਇਸ ਮੌਕੇ ਟਿੱਲਾ ਬਾਬਾ ਫ਼ਰੀਦ ਜੀ ਦੇ ਸੇਵਾਦਾਰ ਮਹੀਪਇੰਦਰ ਸਿੰਘ ਸੇਖੋਂ ਨੇ ਕਿਹਾ ਕਿ ਅਮੋਲਕ ਸਿੰਘ 1947 ਤੋਂ ਲੈ ਕੇ ਹੁਣ ਤੱਕ ਪਹਿਲੇ ਵਿਧਾਇਕ ਹਨ ਜਿਹੜੇ ਇੰਨੀ ਦੂਰ ਤੋਂ ਪੈਦਲ ਚੱਲ ਕੇ ਸ਼ੁਕਰਾਨਾ ਕਰਨ ਲਈ ਆਏ ਹਨ। ਉਨ੍ਹਾਂ ਨੇ ਕਿਹਾ ਕਿ ਨਵੀਂ ਬਣੀ ਸਰਕਾਰ ਤੇ ਨਵੇਂ ਵਿਧਾਇਕਾਂ ਤੋਂ ਸੂਬੇ ਦੇ ਲੋਕਾਂ ਨੂੰ ਵੱਡੀਆ ਆਸਾਂ ਹਨ ਤੇ ਆਸ ਹੈ ਕਿ ਇਹ ਸਭ ਖਰੇ ਉਤਰਨਗੇ। ਰਿਪੋਰਟ-ਅਮਨਦੀਪ ਸਿੰਘ ਇਹ ਵੀ ਪੜ੍ਹੋ : ਯੂਕਰੇਨ ਤੋਂ ਪਰਤੇ ਮੈਡੀਕਲ ਦੇ ਵਿਦਿਆਰਥੀਆਂ ਨੇ ਪੜ੍ਹਾਈ ਪੂਰੀ ਕਰਵਾਉਣ ਦੀ ਕੀਤੀ ਮੰਗ