ਪਠਾਨਕੋਟ 'ਚ ਮੁੜ ਲੱਗੇ ਸੰਸਦ ਮੈਂਬਰ ਸੰਨੀ ਦਿਓਲ ਦੇ ਗੁੰਮਸ਼ੁਦਗੀ ਦੇ ਪੋਸਟਰ
ਪਠਾਨਕੋਟ, 7 ਅਕਤੂਬਰ: 'ਆਪ' ਵਲੰਟੀਅਰਾਂ ਵੱਲੋਂ ਪਠਾਨਕੋਟ ਰੇਲਵੇ ਸਟੇਸ਼ਨ 'ਤੇ ਲਾਪਤਾ ਸਾਂਸਦ ਸੰਨੀ ਦਿਓਲ ਦੇ ਪੋਸਟਰ ਲਾਏ ਗਏ ਹਨ। ਪੋਸਟਰ 'ਤੇ ਲਿਖਿਆ 'ਲਾਪਤਾ, ਸੰਨੀ ਦਿਓਲ (ਐਮ ਪੀ ਗੁਰਦਾਸਪੁਰ) ਦੀ ਭਾਲ ਕਰੋ'। ਸਟੇਸ਼ਨ ਦੀਆਂ 7 ਥਾਵਾਂ 'ਤੇ ਇਹ ਪੋਸਟਰ ਲਗਾ ਕੇ 'ਆਪ' ਵਲੰਟੀਅਰਾਂ ਨੇ ਆਪਣੇ ਗੁੱਸਾ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਜਨਤਾ ਨੇ ਉਨ੍ਹਾਂ ਨੂੰ ਜਿਤਾਇਆ ਪਰ ਜਿੱਤਣ ਤੋਂ ਬਾਅਦ ਉਹ ਆਪਣੇ ਕੰਮ ਵਿੱਚ ਹੀ ਰੁੱਝ ਗਏ ਹਨ। ਉਨ੍ਹਾਂ ਕਿਹਾ ਕਿ ਇਸ ਕਾਰਨ ਦਿਓਲ ਦਾ ਸੰਸਦੀ ਵਰਗ ਲਗਾਤਾਰ ਪਛੜਦਾ ਜਾ ਰਿਹਾ ਹੈ ਜਿਸ ਵੱਲ ਉਹ ਕੋਈ ਧਿਆਨ ਨਹੀਂ ਦਿੰਦੇ। ‘ਆਪ’ ਆਗੂਆਂ ਨੇ ਦੱਸਿਆ ਕਿ ਦੋ ਸਾਲਾਂ ਤੋਂ ਸੰਸਦ ਮੈਂਬਰ ਸੰਨੀ ਦਿਓਲ ਲੋਕਾਂ ਨੂੰ ਨਜ਼ਰ ਨਹੀਂ ਆ ਰਹੇ। ਉਹ ਕੋਵਿਡ ਤੋਂ ਪਹਿਲਾਂ ਪਠਾਨਕੋਟ ਆਏ ਸਨ ਇਸ ਤੋਂ ਬਾਅਦ ਕੋਵਿਡ ਆਇਆ ਅਤੇ ਉਹ ਆਪਣਾ ਹਲਕਾ ਭੁੱਲ ਗਏ। ਕੋਵਿਡ ਤੋਂ ਬਾਅਦ ਉਹ ਆਪਣੇ ਗਦਰ-ਪਾਰਟ 2 ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। 'ਆਪ' ਦਾ ਕਹਿਣਾ ਸੀ ਇਸ ਬਾਬਤ ਭਾਜਪਾ ਆਗੂਆਂ ਨੇ ਸੰਨੀ ਦੀ ਜਲਦ ਪਠਾਨਕੋਟ ਆਉਣ ਦੀ ਗੱਲ ਕਹੀ ਸੀ ਪਰ ਉਹ ਨਹੀਂ ਆਏ। ਪਠਾਨਕੋਟ ਨੂੰ ਹਿਮਾਚਲ ਨਾਲ ਜੋੜਨ ਵਾਲਾ ਚੱਕੀ ਪੁਲ ਰੁੜ੍ਹ ਗਿਆ, ਹਵਾਈ ਅੱਡੇ ਨੂੰ ਜਾਣ ਵਾਲੀ ਸੜਕ ਰੁੜ੍ਹ ਗਈ ਪਰ ਸੰਨੀ ਨਜ਼ਰ ਨਹੀਂ ਆਏ। ਹੁਣ ਗੁੱਸੇ 'ਚ ਆਕੇ ਲੋਕਾਂ ਨੇ ਸਿਟੀ ਸਟੇਸ਼ਨ 'ਤੇ ਸੰਨੀ ਦੇ ਲਾਪਤਾ ਹੋਣ ਦੇ ਪੋਸਟਰ ਲਗਾ ਕੇ ਆਪਣਾ ਰੋਸ ਜ਼ਾਹਿਰ ਕੀਤਾ ਹੈ। ਨੌਜਵਾਨਾਂ ਦਾ ਕਹਿਣਾ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਸੰਨੀ ਕਦੇ ਵੀ ਗੁਰਦਾਸਪੁਰ ਨਹੀਂ ਆਏ। ਉਹ ਆਪਣੇ ਆਪ ਨੂੰ ਪੰਜਾਬ ਦਾ ਪੁੱਤਰ ਅਖਵਾਉਂਦਾ ਹੈ ਪਰ ਉਨ੍ਹਾਂ ਨੇ ਕੋਈ ਵਿਕਾਸ ਕਾਰਜ ਨਹੀਂ ਕਰਵਾਇਆ ਨਾ ਹੀ ਕੋਈ ਫੰਡ ਅਲਾਟ ਕੀਤਾ। ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਇਤਿਹਾਸਕ ਫ਼ੈਸਲਾ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਨੋਟੀਫਿਕੇਸ਼ਨ ਕੀਤਾ ਜਾਰੀ ਅੰਤ 'ਚ ਵਿਰੋਧ ਕਰ ਰਹੇ ਨੌਜਵਾਨਾਂ ਦਾ ਕਹਿਣਾ ਸੀ ਕਿ ਜੇਕਰ ਉਹ ਸੰਨੀ ਦਿਓਲ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਉਨ੍ਹਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। -PTC News