ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਆਪਣੀ ਪਹਿਲੀ ਫਿਲਮ ਨੂੰ ਲੈ ਕੇ ਵਿਵਾਦਾਂ 'ਚ ਘਿਰੀ
ਚੰਡੀਗੜ੍ਹ : ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਆਪਣੀ ਪਹਿਲੀ ਪੰਜਾਬੀ ਫਿਲਮ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਈ ਹੈ। ਅਦਕਾਰਾ ਉਪਾਸਨਾ ਸਿੰਘ ਨੇ ਹਰਨਾਜ਼ ਕੌਰ ਸੰਧੂ ਖ਼ਿਲਾਫ਼ ਫਿਲਮ ਦੇ ਕਰਾਰ ਅਨੁਸਾਰ ਪ੍ਰਚਾਰ ਵਿੱਚ ਸਹਿਯੋਗ ਨਾ ਕਰਨ ਲਈ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਕੇਸ ਦਰਜ ਕਰਵਾਇਆ ਹੈ। ਜਾਣਕਾਰੀ ਅਨੁਸਾਰ ਹਿੰਦੀ ਤੇ ਪੰਜਾਬੀ ਦੀ ਮਕਬੂਲ ਅਦਾਕਾਰਾ ਉਪਾਸਨਾ ਸਿੰਘ ਨੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਹਰਨਾਜ਼ ਕੌਰ ਸੰਧੂ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਹੈ। ਅਦਾਕਾਰ ਨੇ ਮਿਸ ਯੂਨੀਵਰਸ ਉਤੇ ਗੰਭੀਰ ਦੋਸ਼ ਲਗਾਏ ਹਨ। ਉਪਾਸਨਾ ਸਿੰਘ ਨੇ ਆਪਣੇ ਵਕੀਲ ਕਰਨ ਸੱਚਦੇਵਾ ਤੇ ਇਰਵਿਨੀਤ ਕੌਰ ਜ਼ਰੀਏ ਸਿਵਲ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਦਿਆਂ ਅਦਾਲਤ ਨੂੰ ਦੱਸਿਆ ਆ ਕਿ ਹਰਨਾਜ਼ ਕੌਰ ਸੰਧੂ ਉਨ੍ਹਾਂ ਦੀ 19 ਅਗਸਤ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ “ਬਾਈ ਜੀ ਕੁੱਟਣਗੇ' ਦੀ ਹੀਰੋਇਨ ਹੈ। ਮਿਸ ਯੂਨੀਵਰਸ ਬਣਨ ਤੋਂ ਬਾਅਦ ਹੁਣ ਉਹ ਇਸ ਫ਼ਿਲਮ ਦੇ ਪ੍ਰਚਾਰ ਵਿੱਚ ਕਿਸੇ ਕਿਸਮ ਦਾ ਕੋਈ ਸਹਿਯੋਗ ਨਹੀਂ ਕਰ ਰਹੀ ਅਤੇ ਨਾ ਹੀ ਲਿਖਤੀ ਕਰਾਰ ਮੁਤਾਬਕ ਫ਼ਿਲਮ ਦੀ ਪ੍ਰੋਮੋਸ਼ਨ ਲਈ ਵਕਤ ਦੇ ਰਹੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਹਰਨਾਜ਼ ਕੌਰ ਸੰਧੂ ਦਾ ਇਸ ਫ਼ਿਲਮ ਨੂੰ ਬਣਾਉਣ ਵਾਲੀ ਕੰਪਨੀ “ਸੰਤੋਸ਼ ਇੰਟਰਟੇਨਮੈਂਟ ਸਟੂਡੀਓ' ਨਾਲ ਬਾਕਾਇਦਾ ਕਾਨੂੰਨੀ ਐਗਰੀਮੈਂਟ ਹੋਇਆ ਸੀ, ਜਿਸ ਮੁਤਾਬਕ ਹਰਨਾਜ਼ ਸੰਧੂ ਨੇ ਫ਼ਿਲਮ ਦੇ ਪ੍ਰੋਮੋਸ਼ਨ ਪਲੈਨ ਮੁਤਾਬਕ ਕੁਝ ਦਿਨ ਫ਼ਿਲਮ ਦੀ ਪ੍ਰੋਮੋਸ਼ਨ ਐਕਟੀਵਿਟੀ ਲਈ ਦੇਣੇ ਸਨ। ਹੁਣ ਉਹ ਇਸ ਫ਼ਿਲਮ ਤੋਂ ਬਿਲਕੁਲ ਕਿਨਾਰਾ ਕਰ ਰਹੀ ਹੈ। ਉਪਾਸਨਾ ਸਿੰਘ ਮੁਤਾਬਕ ਉਨ੍ਹਾਂ ਨੇ ਇਹ ਫਿਲਮ “ਸੰਤੋਸ਼ ਇੰਟਰਟੇਨਮੈਂਟ ਸਟੂਡੀਓ' ਦੇ ਬੈਨਰ ਹੇਠਾਂ ਬਣਾਈ ਹੈ। ਇਸ ਫ਼ਿਲਮ ਉਪਰ ਕਰੋੜਾਂ ਰੁਪਏ ਦੀ ਲਾਗਤ ਆਈ ਹੈ। ਹਰਨਾਜ਼ ਸੰਧੂ ਇਸ ਫ਼ਿਲਮ ਦੀ ਹੀਰੋਇਨ ਹੈ। ਪਟੀਸ਼ਨ ਮੁਤਾਬਕ ਉਹ ਹਰਨਾਜ਼ ਕੌਰ ਸੰਧੂ ਨੂੰ ਫਿਲਮ ਦੀ ਪ੍ਰੋਮੋਸ਼ਨ ਸਬੰਧੀ ਈਮੇਲ ਵੀ ਕਰ ਚੁੱਕੇ ਹਨ। ਬਹੁਤ ਵਾਰ ਫ਼ੋਨ ਵੀ ਕਰ ਚੁੱਕੇ ਹਨ ਪਰ ਉਹ ਨਾ ਤਾਂ ਫ਼ੋਨ ਉਤੇ ਗੱਲ ਕਰ ਰਹੀ ਹੈ ਤੇ ਨਾ ਹੀ ਕਿਸੇ ਈਮੇਲ ਦਾ ਜਵਾਬ ਦੇ ਰਹੀ ਹੈ। ਫ਼ਿਲਮ ਦੇ ਨਿਰਦੇਸ਼ਕ ਸਮੀਪਕੰਗ ਵੀ ਕਈ ਵਾਰ ਮਿਸ ਸੰਧੂ ਨੂੰ ਫੋਨ ਕਰ ਚੁੱਕੇ ਹਨ ਪਰ ਉਹ ਫ਼ਿਲਮ ਦੀ ਟੀਮ ਦੇ ਕਿਸੇ ਮੈਂਬਰ ਦੇ ਫ਼ੋਨ ਦਾ ਜਵਾਬ ਨਹੀਂ ਦੇ ਰਹੀ ਹੈ। ਫ਼ਿਲਮ ਦੀ ਮੁੱਖ ਹੀਰੋਇਨ ਮਿਸ ਸੰਧੂ ਦਾ ਇਹ ਵਤੀਰਾ ਬੇਹੱਦ ਖ਼ਰਾਬ ਹੈ। ਜ਼ਿਕਰਯੋਗ ਹੈ ਕਿ ਸੰਧੂ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ। ਹਰ ਕਲਾਕਾਰ ਲਈ ਉਸਦੀ ਪਹਿਲੀ ਫ਼ਿਲਮ ਬੇਹੱਦ ਅਹਿਮ ਤੇ ਯਾਦਗਾਰੀ ਹੁੰਦੀ ਹੈ ਪਰ ਮਿਸ ਸੰਧੂ ਪੰਜਾਬੀ ਹੋਣ ਦੇ ਬਾਵਜੂਦ ਵੀ ਆਪਣੀ ਮਾਂ ਬੋਲੀ ਪੰਜਾਬੀ ਦੀ ਇਸ ਫ਼ਿਲਮ ਨੂੰ ਪ੍ਰੋਮੋਟ ਨਹੀਂ ਕਰ ਰਹੀ ਹੈ। ਉਸ ਨੇ ਹੁਣ ਤੱਕ ਆਪਣੇ ਸ਼ੋਸ਼ਲ ਮੀਡੀਆ 'ਤੇ ਫ਼ਿਲਮ ਸਬੰਧੀ ਇਕ ਵੀ ਪੋਸਟ ਸਾਂਝੀ ਨਹੀਂ ਕੀਤੀ। ਇਸ ਤੋਂ ਇੰਜ ਲੱਗ ਰਿਹਾ ਹੈ ਕਿ ਉਹ ਕਿਸੇ ਪੰਜਾਬੀ ਫ਼ਿਲਮ ਦਾ ਹਿੱਸਾ ਬਣਨ ਉਤੇ ਛੋਟਾ ਮਹਿਸੂਸ ਕਰ ਰਹੀ ਹੈ। ਜਦਕਿ ਭਾਰਤੀ ਸਿਨੇਮਾ ਦੇ ਵੱਡੇ-ਵੱਡੇ ਨਾਮੀਂ ਚਿਹਰਿਆਂ ਨੇ ਆਪਣੀ ਸ਼ੁਰੂਆਤ ਹੀ ਪੰਜਾਬੀ ਸਿਨੇਮਾ ਤੋਂ ਕੀਤੀ ਸੀ। ਹਰਨਾਜ਼ ਕੌਰ ਸੰਧੂ ਨੇ ਫ਼ਿਲਮ ਦੀ ਸਾਰੀ ਟੀਮ ਨੂੰ ਠੇਸ ਪਹੁੰਚਾਈ ਹੈ। ਇਹ ਫ਼ਿਲਮ ਉਸ ਨੇ ਮਿਸ ਯੂਨੀਵਰਸ ਬਣਨ ਤੋਂ ਪਹਿਲਾਂ ਸਾਈਨ ਕੀਤੀ ਸੀ। ਉਸਦੇ ਖ਼ਿਤਾਬ ਜਿੱਤਣ ਤੋਂ ਪਹਿਲਾਂ ਇਹ ਫ਼ਿਲਮ ਮੁਕੰਮਲ ਹੋ ਗਈ ਸੀ। ਇਹ ਖਿਤਾਬ ਜਿੱਤਣ ਤੋਂ ਬਾਅਦ ਉਸਦੇ ਵਤੀਰੇ ਵਿੱਚ ਇਕ ਦਮ ਬਦਲਾਅ ਆ ਗਿਆ। ਉਸ ਨੇ ਫ਼ਿਲਮ ਪ੍ਰਤੀ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਭੁਲਾ ਦਿੱਤੀਆਂ। ਇਸ ਫ਼ਿਲਮ ਦੀ ਰਿਲੀਜ਼ ਡੇਟ ਪਹਿਲਾਂ 27-05-2022 ਸੀ। ਹਰਨਾਜ਼ ਸੰਧੂ ਵੱਲੋਂ ਪ੍ਰੋਮੋਸ਼ਨ ਲਈ ਕੋਈ ਜਵਾਬ ਨਾ ਦੇਣ ਕਰ ਕੇ ਇਹ ਤਾਰੀਕ 19-08 2022 ਕੀਤੀ ਗਈ ਪਰ ਅਜੇ ਤੱਕ ਵੀ ਉਸ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ। ਉਪਾਸਨਾ ਸਿੰਘ ਨੇ ਦੱਸਿਆ ਕਿ ਹਰਨਾਜ਼ ਕੌਰ ਸੰਧੂ ਨੇ ਸਭ ਦਾ ਭਰੋਸਾ ਤੋੜਨ ਦੇ ਨਾਲ-ਨਾਲ ਕਾਨੂੰਨੀ ਐਗਰੀਮੈਂਟ ਦੀ ਵੀ ਉਲੰਘਣਾ ਕੀਤੀ ਹੈ ਜੋ ਕਿ ਗਲਤ ਹੈ। ਉਪਾਸਨਾ ਸਿੰਘ ਨੇ ਕਿਹਾ ਆਪਣੇ 25 ਸਾਲਾਂ ਤੋਂ ਵੱਧ ਦੇ ਕਰੀਅਰ ਵਿੱਚ ਪਹਿਲੀ ਵਾਰ ਦੇਖਿਆ ਹੈ ਕਿ ਕੋਈ ਹੀਰੋਇਨ ਆਪਣੀ ਪਹਿਲੀ ਫ਼ਿਲਮ ਨੂੰ ਲੈ ਕੇ ਹੀ ਇਹੋ ਜਿਹਾ ਵਤੀਰਾ ਅਪਣਾ ਰਹੀ ਹੋਵੇ। ਹਰਨਾਜ਼ ਸੰਧੂ ਵੱਲੋਂ ਵਾਰ-ਵਾਰ ਸੰਪਰਕ ਕਰਨ ਉਤੇ ਵੀ ਕੋਈ ਰਿਪਲਾਈ ਨਾ ਕਰਨ ਉਤੇ ਹੀ ਆਖਰ ਉਨ੍ਹਾਂ ਮਾਣਯੋਗ ਅਦਾਲਤ ਵੱਲ ਰੁਖ ਕੀਤਾ ਹੈ। ਇਹ ਵੀ ਪੜ੍ਹੋ : ਪਸ਼ੂਆਂ 'ਚ ਫੈਲੀ ਲੰਪੀ ਪਾਕਸ ਬਿਮਾਰੀ ਕਾਰਨ ਪਸ਼ੂ ਪਾਲਕਾਂ ਦੀ ਚਿੰਤਾ ਵਧੀ