ਸੰਗਰੂਰ: ਪਿੰਡ ਚੂਲੜ ਖੁਰਦ ਤੋਂ ਮਾਨਸਾ ਦੇ ਇੱਕ ਪਿੰਡ ਵਿੱਚ ਆਏ ਵਿਅਕਤੀ ਨੇ ਆਪਣੇ ਇੱਕ ਹੋਰ ਰਿਸ਼ਤੇਦਾਰ ਦੀ ਮਦਦ ਨਾਲ 25 ਜੁਲਾਈ 2020 ਨੂੰ ਇੱਕ ਨਾਬਾਲਗ ਲੜਕੀ ਨੂੰ ਬੰਧਕ ਬਣਾਕੇ ਉਸਦੀ ਇੱਜ਼ਤ ਲੁੱਟ ਲਈ, ਜਿਸ ਤੇ ਵਧੀਕ ਸੈਸ਼ਨ ਜੱਜ ਮਾਨਸਾ ਦੀ ਅਦਾਲਤ ਨੇ ਮੁੱਖ ਦੋਸ਼ੀ ਨੂੰ ਉਮਰ ਕੈਦ ਅਤੇ ਮਦਦ ਕਰਨ ਵਾਲੇ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ। ਜਿਸ ਲਈ ਪੀੜਿਤ ਪਰਿਵਾਰ ਅਤੇ ਵਕੀਲ ਨੇ ਅਦਾਲਤ ਦਾ ਧੰਨਵਾਦ ਕਰਦਿਆਂ ਪਰਿਵਾਰ ਦੀ ਮੰਗ ਅਨੁਸਾਰ ਦੋਹਾਂ ਦੋਸ਼ੀਆਂ ਨੂੰ ਵਧੇਰੇ ਸਜਾ ਦਿਵਾਉਣ ਲਈ ਹਾਈਕੋਰਟ ਵਿੱਚ ਗੁਹਾਰ ਲਗਾਉਣ ਦੀ ਗੱਲ ਕਹੀ ਹੈ।
ਰਿਸ਼ਤੇਦਾਰ ਦੇ ਘਰ ਆਏ ਗੁਰਪ੍ਰੀਤ ਸਿੰਘ ਨੇ ਇੱਕ ਹੋਰ ਰਿਸ਼ਤੇਦਾਰ ਰਾਜਿੰਦਰ ਪਾਲ ਸਿੰਘ ਉਰਫ ਗੋਲੂ ਦੀ ਮੱਦਦ ਨਾਲ ਇੱਕ ਨਾਬਾਲਗ ਲੜਕੀ ਨੂੰ ਬੰਧਕ ਬਣਾਕੇ ਉਸਦੀ ਇੱਜਤ ਲੁੱਟ ਲਈ। ਲੜਕੀ ਨੂੰ ਥਾਣਾ ਭੀਖੀ ਦੀ ਪੁਲਿਸ ਨੇ 2-3 ਦਿਨ ਬਾਦ ਬਰਾਮਦ ਕੀਤਾ ਤੇ ਦੋਸ਼ੀਆਂ ਖਿਲਾਫ ਧਾਰਾ 363/366–ਏ/376/120 ਬੀ ਆਈ.ਪੀ.ਸੀ.ਸੈਕਸ਼ਨ-6 ਪੋਕਸੋ ਐਕਟ ਅਧੀਨ ਦਰਜ ਕੀਤਾ ਗਿਆ। ਸ਼ਿਕਾਇਤਕਰਤਾ ਦੇ ਵਕੀਲ ਲਖਵਿੰਦਰ ਸਿੰਘ ਨੇ ਦੱਸਿਆ ਕਿ 25 ਜੁਲਾਈ 2020 ਨੂੰ 2 ਵਿਅਕਤੀ ਇੱਕ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਗਏ ਤੇ ਉਸ ਨਾਲ ਬਲਾਤਕਾਰ ਕੀਤਾ।
ਜਿਸ ਸੰਬੰਧ ਵਿੱਚ ਭੀਖੀ ਪੁਲਿਸ ਨੇ ਦੋਹਾਂ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸਤੋਂ ਬਾਦ ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਚੱਲੀ ਤੇ ਕੱਲ ਸ਼ਾਮ ਮਾਣਯੋਗ ਵਧੀਕ ਸ਼ੈਸ਼ਨ ਜੱਜ ਮਾਨਸਾ ਮਨਜੋਤ ਕੌਰ ਦੀ ਅਦਾਲਤ ਨੇ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਉਮਰ ਕੈਦ ਅਤੇ ਦੂਸਰੇ ਦੋਸ਼ੀ ਰਾਜਿੰਦਰਪਾਲ ਨੂੰ 2 ਸਾਲ ਦੀ ਸਜਾ ਸੁਣਾਈ ਹੈ ਅਤੇ ਦੋਵਾਂ ਦੋਸ਼ੀਆਂ ਨੂੰ ਜੁਰਮਾਨਾ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਮਾਨਯੋਗ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਅਤੇ ਨਾਲ ਹੀ ਪਰਿਵਾਰ ਦੀ ਮੰਗ ਅਨੁਸਾਰ ਦੋਹਾਂ ਦੋਸ਼ੀਆਂ ਨੂੰ ਵਧੇਰੇ ਸਜਾ ਦਿਵਾਉਣ ਲਈ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਗੁਹਾਰ ਲਗਾਈ ਜਾਵੇਗੀ।
-PTC News