Vidhan Sabha Session Highlights: ਵਿਧਾਨ ਸਭਾ ਸੈਸ਼ਨ ਮੁਲਤਵੀ, 'ਆਪ' ਸਰਕਾਰ ਦਾ 3 ਮਹੀਨਿਆਂ ਦਾ ਬਜਟ ਪਾਸ
Vidhan Sabha Session Highlights: ਭਗਵੰਤ ਮਾਨ ਸਰਕਾਰ (Bhagwant Mann) ਦੇ ਪਹਿਲੇ ਵਿਧਾਨ ਸਭਾ ਸੈਸ਼ਨ ਦਾ ਅੱਜ ਤੀਜਾ ਤੇ ਆਖਰੀ ਦਿਨ ਹੈ। ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਅਗਵਾਈ ਵਾਲੀ (AAP) ਆਮ ਆਦਮੀ ਪਾਰਟੀ (ਆਪ) ਸਰਕਾਰ ਦੇ 10 ਮੰਤਰੀ ਅੱਜ ਅਹੁਦਾ ਸੰਭਾਲਣਗੇ। ਇਸ ਦੇ ਲਈ ਕੱਲ੍ਹ ਸਾਰੇ ਮੰਤਰੀਆਂ ਨੂੰ ਵਿਭਾਗ ਅਲਾਟ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਅੱਜ ਵਿਧਾਨ ਸਭਾ ਸੈਸ਼ਨ ਦੇ ਤੀਜੇ ਤੇ ਆਖਰੀ ਦਿਨ ਵਿਚ ਸਭ ਤੋਂ ਪਹਿਲਾਂ ਰਾਜਪਾਲ ਬੀਐਲ ਪੁਰੋਹਿਤ ਦੇ ਸੰਬੋਧਨ 'ਤੇ ਚਰਚਾ ਹੋਵੇਗੀ।
ਰਾਜਪਾਲ ਨੇ ਕੱਲ੍ਹ ਹੀ ਵਿਧਾਨ ਸਭਾ ਵਿੱਚ ਮਾਨ ਸਰਕਾਰ ਦੇ ਰੋਡਮੈਪ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸਰਕਾਰ ਦੇ ਨਵੇਂ ਵਿੱਤ ਮੰਤਰੀ ਹਰਪਾਲ ਚੀਮਾ ਵੋਟ ਆਨ ਅਕਾਊਂਟ ਪੇਸ਼ ਕਰਨਗੇ ਜਿਸ ਵਿੱਚ ਮਾਨ ਸਰਕਾਰ ਅਗਲੇ ਕੁਝ ਮਹੀਨਿਆਂ ਤੱਕ ਖਰਚਾ ਚਲਾਉਣ ਲਈ ਵਿਧਾਨ ਸਭਾ ਤੋਂ ਮਨਜ਼ੂਰੀ ਲਵੇਗੀ। ਸਦਨ ਦੀ ਸ਼ੁਰੂਆਤ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Petrol Diesel Price Hike: 137 ਦਿਨਾਂ ਬਾਅਦ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਇਸ ਦੇ ਨਾਲ ਹੀ ਪੰਜਾਬ ਸਿਵਲ ਸਕੱਤਰੇਤ ਵਿੱਚ ਦਫ਼ਤਰ ਵੀ ਅਲਾਟ ਕਰ ਦਿੱਤੇ ਗਏ ਹਨ। ਸਾਰੇ ਮੰਤਰੀਆਂ ਨੂੰ ਉਨ੍ਹਾਂ ਦੇ ਦਫ਼ਤਰੀ ਕੰਮਾਂ ਲਈ ਸਟਾਫ਼ ਵੀ ਉਪਲਬਧ ਕਰਵਾਇਆ ਗਿਆ ਹੈ। ਪੰਜਾਬ ਸਰਕਾਰ ਵਿੱਚ ਇਸ ਵਾਰ ਸਾਰੇ 10 ਵਿਧਾਇਕ ਪਹਿਲੀ ਵਾਰ ਮੰਤਰੀ ਬਣੇ ਹਨ। ਇਸ ਦੇ ਨਾਲ ਹੀ 8 ਅਜਿਹੇ ਮੰਤਰੀ ਹਨ, ਜੋ ਪਹਿਲੀ ਵਾਰ ਵਿਧਾਇਕ ਚੁਣ ਕੇ ਆਏ ਹਨ।
ਮੰਤਰੀਆਂ ਨੂੰ ਅਲਾਟ ਹੋਏ ਕਮਰੇ-----
ਸਭ ਤੋਂ ਅਹਿਮ ਵਿੱਤ ਮੰਤਰਾਲਾ ਹਰਪਾਲ ਚੀਮਾ ਨੂੰ ਦਿੱਤਾ ਗਿਆ ਹੈ। 'ਆਪ' ਸਰਕਾਰ ਲਈ ਚੁਣੌਤੀ ਸਿੱਖਿਆ ਵਿਭਾਗ, ਯੂਥ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਅਤੇ ਸਿਹਤ ਮੰਤਰਾਲਾ ਡਾਕਟਰ ਵਿਜੇ ਸਿੰਗਲਾ ਨੂੰ ਸੌਂਪਿਆ ਗਿਆ ਹੈ। ਹਰਭਜਨ ਸਿੰਘ ਈ.ਟੀ.ਓ ਕੋਲ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਹੋਵੇਗਾ। ਡਾ: ਬਲਜੀਤ ਕੌਰ ਨੂੰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰਾਲਾ ਦਿੱਤਾ ਗਿਆ।
ਲਾਲਚੰਦ ਕਟਾਰੂਚੱਕ ਨੂੰ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਬਣਾਇਆ ਗਿਆ ਹੈ ਜਦਕਿ ਲਾਲਜੀਤ ਭੁੱਲਰ ਸੂਬੇ ਦੇ ਨਵੇਂ ਟਰਾਂਸਪੋਰਟ ਮੰਤਰੀ ਹੋਣਗੇ। ਦੱਸਣਯੋਗ ਹੈ ਕਿ ਬੀਤੇ ਦਿਨੀ ਵਿਧਾਨ ਸਭਾ ਦੇ ਦੂਜੇ ਦਿਨ ਯਾਨੀ ਸੋਮਵਾਰ ਨੂੰ ਕੁਲਤਾਰ ਸਿੰਘ ਸਧਵਾਂ ਨੂੰ ਸਰਬਸੰਮਤੀ ਨਾਲ ਸਪੀਕਰ ਚੁਣ ਲਿਆ ਗਿਆ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦਾ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਵਿਰੋਧੀ ਪਾਰਟੀਆਂ ਨੇ ਸਦਨ ਦੀ ਕਾਰਵਾਈ ਸਾਲ ਵਿੱਚ 125 ਦਿਨ ਚਲਾਉਣ ਦੀ ਮੰਗ ਕੀਤੀ।
Vidhan Sabha Session Highlights:
ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਐਲਾਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ 35 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਇਸ ਸੰਬੰਧੀ ਉਨ੍ਹਾਂ ਨੇ ਦੱਸਿਆ ਕਿ ਗਰੁੱਪ-ਸੀ. ਤੇ ਗਰੁੱਪ-ਡੀ ਦੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ ਅਤੇ ਇਹ ਕਾਨੂੰਨ ਅਗਲੇ ਸੈਸ਼ਨ 'ਚ ਲਿਆਂਦਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਦਿਨ-ਰਾਤ ਇਕ ਕੀਤਾ ਹੋਇਆ ਹੈ ਤਾਂ ਜੋ ਅਸੀਂ ਲੋਕ ਪੱਖੀ ਫ਼ੈਸਲੇ ਲੈ ਸਕੀਏ।
11.56 AM: ਵਿਧਾਨ ਸਭਾ ਵਿੱਚ 2022-23 ਦੇ 3 ਮਹੀਨਿਆਂ ਦਾ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਅਪਰੈਲ ਤੋਂ ਜੂਨ ਤੱਕ 37,120 ਕਰੋੜ 23 ਲੱਖ 76 ਹਜ਼ਾਰ ਰੁਪਏ ਦੀ ਲੇਖਾ ਗਰਾਂਟ ਹੈ। ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਤੋਂ ਬਾਅਦ ਸਪੀਕਰ ਕੁਲਤਾਰ ਸਧਵਾਂ ਨੇ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ।
11.48 AM: ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੂੰ ਪੁੱਛਿਆ ਕਿ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਕਦੋਂ ਹੈ ਤਾਂ ਰਾਜਾ ਵੜਿੰਗ ਇਹ ਨਹੀਂ ਦੱਸ ਸਕੇ।
11.36 AM: ਵਿਧਾਨ ਸਭਾ ਵਿਚ ਅੱਜ ਤਿੰਨ ਮਹੀਨਿਆਂ ਦਾ ਬਜਟ ਪੇਸ਼ ਕੀਤਾ ਗਿਆ ਹੈ। ਅਪ੍ਰੈਲ, ਮਈ ਤੇ ਜੂਨ ਦਾ ਬਜਟ ਪਾਸ ਕੀਤਾ ਗਿਆ ਹੈ। ਤਿੰਨ ਮਹੀਨਿਆਂ ਲਈ 37 ਹਜ਼ਾਰ ਕਰੋੜ ਦਾ ਬਜਟ ਪਾਸ ਹੋਇਆ ਹੈ। ਵਿਧਾਨ ਸਭਾ ਵਿਚ 'ਵੋਟ ਆਨ ਅਕਾਊਂਟ'' ਬਿਲ ਵੀ ਪਾਸ ਕੀਤਾ ਗਿਆ ਹੈ। ਉੱਥੇ ਹੀ ਵਿਧਾਨ ਸਭਾ ਦੀ ਕਾਰਵਾਈ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ।
11.15 AM: ਵਿਧਾਨ ਸਭਾ ਕੰਪਲੈਕਸ ‘ਚ ਸ਼ਹੀਦ ਭਗਤ ਸਿੰਘ ਦਾ ਬੁੱਤ ਲੱਗੇਗਾ
10.56 AM: ਇਸ ਦੇ ਨਾਲ ਹੀ ਕੱਲ੍ਹ 23 ਮਾਰਚ ਨੂੰ ਪੂਰੇ ਪੰਜਾਬ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਛੁੱਟੀ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਕੀਤੀ ਗਈ ਹੈ। ਇਹ ਐਲਾਨ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ।
10.54 AM: ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਗਾਉਣ ਦੀ ਮੰਗ ਕੀਤੀ ਹੈ।
10.30 AM: ਸੀ.ਐਮ.ਭਗਵੰਤ ਮਾਨ ਨੇ ਪ੍ਰਸਤਾਵ ਦਿੱਤਾ ਕਿ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਵਿਧਾਨ ਸਭਾ ਕੰਪਲੈਕਸ ਵਿੱਚ ਸ਼ਰਧਾਂਜਲੀ ਦਿੱਤੀ ਜਾਵੇ।
10.15 AM: ਵਿਧਾਨ ਸਭ ਦੇ ਪਹਿਲੇ ਸੈਸ਼ਨ ਦਾ ਅੱਜ ਆਖ਼ਰੀ ਦਿਨ ਹੈ। ਸੈਸ਼ਨ ਦੀ ਸ਼ੁਰੂਆਤ ਦੌਰਾਨ ਪਹਿਲਾਂ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ।
10.00 AM: ਪੰਜਾਬ ਦੇ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਚੰਡੀਗੜ੍ਹ ਵਿਖੇ ਕਾਨੂੰਨ ਤੇ ਸੈਰ ਸਪਾਟਾ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ। "ਮੈਨੂੰ ਮਾਈਨਿੰਗ ਵਿਭਾਗ ਵੀ ਅਲਾਟ ਕੀਤਾ ਗਿਆ ਹੈ। ਸੂਬੇ ਵਿੱਚੋਂ ਮਾਈਨਿੰਗ ਮਾਫੀਆ ਨੂੰ ਖ਼ਤਮ ਕਰਨਾ ਅਤੇ ਇੱਕ ਇਮਾਨਦਾਰ ਮਾਈਨਿੰਗ ਨੀਤੀ ਨੂੰ ਲਾਗੂ ਕਰਨਾ ਸਾਡੀ ਤਰਜੀਹ ਹੈ।"
-PTC News