Wed, Nov 13, 2024
Whatsapp

ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਰਵਾਈ ਪੰਜਾਬ 'ਚ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ

Reported by:  PTC News Desk  Edited by:  Pardeep Singh -- October 01st 2022 05:35 PM
ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਰਵਾਈ ਪੰਜਾਬ 'ਚ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ

ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਰਵਾਈ ਪੰਜਾਬ 'ਚ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ

ਰਾਜਪੁਰਾ: ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਅਤੇ ਉਪਭੋਗਤਾ ਮਾਮਲੇ ਮੰਤਰੀ  ਲਾਲ ਚੰਦ ਕਟਾਰੂਚੱਕ ਨੇ ਰਾਜ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਅੱਜ ਰਾਜਪੁਰਾ ਦੀ ਅਨਾਜ ਮੰਡੀ ਤੋਂ ਕਰਵਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੀ ਖਰੀਦ ਮੌਕੇ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦੇਵੇਗੀ। ਇਸ ਮੌਕੇ ਰਾਜਪੁਰਾ ਤੋਂ ਵਿਧਾਇਕ ਨੀਨਾ ਮਿੱਤਲ, ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ, ਐਮ.ਡੀ. ਪਨਸਪ ਅੰਮ੍ਰਿਤ ਕੌਰ ਗਿੱਲ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੀ ਮੌਜੂਦ ਸਨ। ਇਸ ਮੌਕੇ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਫ਼ਸਲ ਦਾ ਇੱਕ ਇੱਕ ਦਾਣਾ ਖਰੀਦਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਖਰੀਦ ਕੀਤੇ ਝੋਨੇ ਦੀ 24 ਘੰਟੇ ਵਿੱਚ ਅਦਾਇਗੀ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਲਾਲ ਚੰਦ ਕਟਾਰੂਚੱਕ ਕਿਹਾ ਕਿ ਭਾਰਤ ਸਰਕਾਰ ਵੱਲੋਂ ਸਰਕਾਰੀ ਖਰੀਦ ਏਜੰਸੀਆਂ ਲਈ ਕੁੱਲ 184.45 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ ਜਦੋਂ ਕਿ ਸੂਬਾ ਸਰਕਾਰ ਵੱਲੋਂ 191 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਦੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਫ਼ਸਲ ਨੂੰ ਸਾਂਭਣ ਲਈ ਪੰਜ ਲੱਖ ਗੱਟਿਆਂ ਦੀ ਜ਼ਰੂਰਤ ਹੈ ਤੇ ਸਰਕਾਰ ਕੋਲ ਸਵਾ ਪੰਜ ਲੱਖ ਗੱਟੇ ਪਹੁੰਚ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਆਰ.ਬੀ.ਆਈ ਵੱਲੋਂ ਅਕਤੂਬਰ ਮਹੀਨੇ ਲਈ 36,999 ਕਰੋੜ ਰੁਪਏ ਦੀ ਕੈਸ਼ ਕਰੈਡਿਟ ਲਿਮਟ ਪੰਜਾਬ ਸਰਕਾਰ ਕੋਲ ਆ ਚੁੱਕੀ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਮੌਜੂਦਾ ਸੀਜ਼ਨ ਦੌਰਾਨ ਪੰਜਾਬ ਮੰਡੀ ਬੋਰਡ ਵੱਲੋਂ 1804 ਪੱਕੀ ਮੰਡੀਆਂ ਤੇ 364 ਆਰਜ਼ੀ ਮੰਡੀਆਂ ਨੋਟੀਫਾਈ ਕੀਤੀਆਂ ਗਈਆਂ ਹਨ ਜਿਥੇ ਝੋਨੇ ਦੀ ਖਰੀਦ ਅਤੇ ਲਿਫ਼ਟਿੰਗ ਦੇ ਪੁਖ਼ਤਾ ਪ੍ਰਬੰਧ ਹਨ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ ਇਸ ਲਈ ਸ਼ਿਕਾਇਤ ਨਿਵਾਰਨ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ ਹੈ ਜਿਸ ਵਿੱਚ ਕਿਸਾਨਾਂ ਦੇ ਨੁਮਾਇੰਦੇ, ਆੜ੍ਹਤੀਆਂ ਦੇ ਨੁਮਾਇੰਦੇ ਅਤੇ ਸਰਕਾਰੀ ਅਧਿਕਾਰੀ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਸ਼ਿਕਾਇਤ ਨਿਵਾਰਨ ਕਮੇਟੀ ਤੱਕ ਪਹੁੰਚ ਕਰ ਸਕਦਾ ਹੈ। ਇੱਕ ਸਵਾਲ ਦੇ ਜਵਾਬ 'ਚ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਬਾਹਰਲੇ ਸੂਬਿਆਂ ਵਿਚੋਂ ਆਉਣ ਵਾਲੇ ਝੋਨੇ ਉਤੇ ਪੂਰੀ ਤਰ੍ਹਾਂ ਮਨਾਹੀ ਹੈ। ਉਨ੍ਹਾਂ ਕਿਹਾ ਕਿ ਜੋ ਮਿਲਰਜ਼ ਨੂੰ ਲੈਕੇ ਪਾਲਿਸੀ ਬਣੀ ਹੈ ਉਸ ਪਾਲਿਸੀ ਅਨੁਸਾਰ ਬਾਹਰੋਂ ਇੱਕ ਵੀ ਦਾਣਾ ਆਉਣ ਦੀ ਗੁੰਜਾਇਸ਼ ਨਹੀਂ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਬਾਰਡਰ ਸੀਲ ਕੀਤੇ ਗਏ ਹਨ ਤੇ ਨਾਕੇ ਵੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ ਹੀ ਮੰਡੀਆਂ ਵਿੱਚ ਝੋਨਾ ਖਰੀਦਿਆਂ ਜਾਵੇਗਾ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤਾਂ 'ਚ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਤੇ ਆਪਣੀ ਫ਼ਸਲ ਸੁਕਾ ਕੇ ਹੀ ਮੰਡੀਆਂ 'ਚ ਲਿਆਉਣ। ਉਨ੍ਹਾਂ ਦੱਸਿਆ ਕਿ ਮੰਡੀਆਂ 'ਚ ਕਿਸਾਨਾਂ ਅਤੇ ਮਜ਼ਦੂਰਾਂ ਲਈ ਲੋੜੀਂਦੀਆਂ ਸਹੂਲਤਾਂ ਦੇ ਪ੍ਰਬੰਧ ਪੁਖ਼ਤਾ ਕੀਤੇ ਗਏ ਹਨ। ਇਹ ਵੀ ਪੜ੍ਹੋ:'ਸਾਡਾ ਕਾਮ ਬੋਲਦਾ ਹੈ' ਪੰਜਾਬ ਸਰਕਾਰ ਇਸ ਵਾਹਿਆਤ ਸਰਕਾਰੀ ਵਿਗਿਆਪਨ 'ਤੇ ਤੁਰੰਤ ਰੋਕ ਲਾਵੇ : ਬੀਰ ਦਵਿੰਦਰ ਸਿੰਘ -PTC News


Top News view more...

Latest News view more...

PTC NETWORK