ਗੈਂਗਸਟਰ ਦੀਪਕ ਟੀਨੂੰ ਨੂੰ ਲੈ ਕੇ ਮੰਤਰੀ ਕੁਲਦੀਪ ਧਾਲੀਵਾਲ ਦਾ ਵੱਡਾ ਬਿਆਨ, ਕਿਹਾ- ਇਹੋ ਜਿਹੀ ਛੋਟੀ-ਮੋਟੀ ਘਟਨਾ ਹੁੰਦੀ ਰਹਿੰਦੀ ਹੈ
ਮੋਗਾ: ਗੈਂਗਸਟਰ ਦੀਪਕ ਟੀਨੂੰ ਪੁਲਿਸ ਹਿਰਾਸਤ ਵਿਚੋਂ ਫਰਾਰ ਹੋ ਗਿਆ ਹੈ ਇਸ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਵੱਡਾ ਬਿਆਨ ਸਾਹਮਣੇ ਆਇਆ ਹੈ। ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਇਹੋ ਜਿਹੀ ਛੋਟੀ ਮੋਟੀ ਘਟਨਾ ਹੁੰਦੀ ਰਹਿੰਦੀ ਹੈ। ਮੰਤਰੀ ਨੇ ਇਹ ਗੱਲ ਕਹਿ ਕੇ ਨਾਲ ਹੀ ਯੂ ਟਰਨ ਲੈਦੇ ਹੋਏ ਕਿਹਾ ਹੈ ਕਿ ਮੇਰਾ ਕਹਿਣ ਦਾ ਮਤਲਬ ਸੀ ਕਿ ਪੰਜਾਬ ਵਿੱਚ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਪਰ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਨਹੀਂ ਦੇਵਾਂਗੇ ਅਤੇ ਫਰਾਰ ਹੋਏ ਗੈਂਗਸਟਰ ਨੂੰ ਲੈ ਕੇ ਜਾਂਚ ਕੀਤੀ ਜਾਵੇਗੀ ਜੋ ਵੀ ਮੁਲਜ਼ਮ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਮੰਤਰੀ ਧਾਲੀਵਾਲ ਦਾ ਕਹਿਣਾ ਹੈ ਕਿ ਕੋਈ ਵੀ ਪੁਲਿਸ ਕਰਮਚਾਰੀ ਮੁਲਜ਼ਮ ਹੋਇਆ ਉਸ ਖਿਲਾਫ਼ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਗ੍ਰਿਫ਼ਤਾਰ ਲਾਰੈਂਸ ਬਿਸ਼ਨੋਈ ਗੈਂਗ ਦਾ ਗੈਂਗਸਟਰ ਦੀਪਕ ਟੀਨੂੰ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਉਹ ਮਾਨਸਾ ਪੁਲਿਸ ਦੀ ਹਿਰਾਸਤ ਵਿੱਚੋਂ ਰਾਤ ਤਿੰਨ ਵਜੇ ਫਰਾਰ ਹੋਇਆ ਹੈ। ਦੀਪਕ ਨੂੰ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ। ਗੈਂਗਸਟਰ ਦੇ ਫਰਾਰ ਹੋਣ ਮਗਰੋਂ ਪੂਰੇ ਪੰਜਾਬ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਗੈਂਗਸਟਰ ਦੀਪਕ ਵੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਪਲਾਨਿੰਗ ਵਿੱਚ ਸ਼ਾਮਲ ਸੀ। CIA ਸਟਾਫ ਮਾਨਸਾ ਦੀ ਟੀਮ ਦੀਪਕ ਨੂੰ ਕਪੂਰਥਲਾ ਤੋਂ ਪੁੱਛਗਿੱਛ ਲਈ ਰਿਮਾਂਡ 'ਤੇ ਮਾਨਸਾ ਲੈ ਕੇ ਗਈ ਸੀ। ਗੈਂਗਸਟਰ ਦੀਪਕ ਕੁਮਾਰ ਉਰਫ ਟੀਨੂੰ ਹਰਿਆਣਾ ਦੇ ਭਿਵਾਨੀ ਦਾ ਰਹਿਣ ਵਾਲਾ ਹੈ। ਟੀਨੂੰ ਦੇ ਪਿਤਾ ਪੇਂਟਰ ਹਨ। ਦੀਪਕ ਕੁਮਾਰ ਉਰਫ ਟੀਨੂੰ ਖਿਲਾਫ ਹਰਿਆਣਾ, ਪੰਜਾਬ, ਚੰਡੀਗੜ੍ਹ, ਰਾਜਸਥਾਨ, ਦਿੱਲੀ ਵਿਚ ਕਤਲ, ਕਤਲ ਦੀ ਕੋਸ਼ਿਸ਼ ਸਮੇਤ 35 ਤੋਂ ਵੱਧ ਕੇਸ ਦਰਜ ਹਨ। ਰਿਪੋਰਟਰ-ਸਰਬਜੀਤ ਇਹ ਵੀ ਪੜ੍ਹੋ:ਹੈਰੋਇਨ ਦੀ ਵੱਡੀ ਖੇਪ ਬਰਾਮਦ -PTC News