ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਈਨਿੰਗ ਮਾਫੀਆ ਨੂੰ ਨੱਥ ਪਾਉਣ ਦਾ ਕੀਤਾ ਵਾਅਦਾ, ਜਾਣੋ ਹੋਰ ਕੀ ਕਿਹਾ
ਚੰਡੀਗੜ੍ਹ: ਪੰਜਾਬ ਦੇ ਨਵੇਂ ਕਾਨੂੰਨ ਤੇ ਸੈਰ ਸਪਾਟਾ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਈਨਿੰਗ ਵਿਭਾਗ ਵੀ ਅਲਾਟ ਕਰ ਦਿੱਤਾ ਗਿਆ ਹੈ ਅਤੇ ਸੂਬੇ ਵਿੱਚੋਂ ਮਾਈਨਿੰਗ ਮਾਫੀਆ ਦਾ ਸਫਾਇਆ ਕਰਨਾ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਹੈ। ਮੰਤਰੀ ਹਰਜੋਤ ਸਿੰਘ ਬੈਂਸ ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਜੇਲ੍ਹਾਂ ਅਤੇ ਕਾਨੂੰਨੀ ਅਤੇ ਵਿਧਾਨਕ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਬੈਂਸ ਨੇ ਕਿਹਾ ਕਿ ਪੰਜਾਬ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਭਰੋਸਾ ਕਰਕੇ ਆਮ ਆਦਮੀ ਪਾਰਟੀ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਮਾਫੀਆ ਦਾ ਖਾਤਮਾ ਕਰਨਾ ਹੀ ਸਾਡੀ ਮੁੱਖ ਤਰਜੀਹ ਹੈ। ਇਹ ਕਹਿੰਦਿਆਂ ਕਿ ਉਨ੍ਹਾਂ ਨੂੰ ਕਾਨੂੰਨ, ਸੈਰ-ਸਪਾਟਾ, ਮਾਈਨਿੰਗ ਅਤੇ ਜੇਲ੍ਹਾਂ ਦੇ ਅਹਿਮ ਵਿਭਾਗ ਸੌਂਪੇ ਗਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸੂਬੇ 'ਚ ਮਾਈਨਿੰਗ ਮਾਫੀਆ ਬਹੁਤ ਪ੍ਰਮੁੱਖ ਹੈ, ਇਸ ਲਈ ਅਸੀਂ 101 ਫੀਸਦੀ ਇਮਾਨਦਾਰੀ ਨਾਲ ਮਾਫੀਆ ਦਾ ਖਾਤਮਾ ਕਰਨ ਲਈ ਤਿਆਰ ਹਾਂ ਅਤੇ ਉਨ੍ਹਾਂ ਨੇ ਕਿਹਾ ਹੈ ਕਿ 3 ਮਹੀਨਿਆਂ ਦੇ ਅੰਦਰ-ਅੰਦਰ ਨਵੀਂ ਮਾਈਨਿੰਗ ਨੀਤੀ ਨੂੰ ਮੇਜ਼ 'ਤੇ ਲਿਆਵਾਂਗਾ। ਅਰਵਿੰਦ ਕੇਜਰੀਵਾਲ ਨੇ ਸੂਬੇ ਨੂੰ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ਦੀ ਨਿਰਪੱਖ ਜਾਂਚ ਦਾ ਵਾਅਦਾ ਕੀਤਾ ਸੀ ਅਤੇ ਇਲਜ਼ਾਮ ਲਗਾਇਆ ਸੀ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਹਿਲੀ ਸੂਚਨਾ ਰਿਪੋਰਟ ਤੋਂ ਬਿਨਾਂ ਜਾਂਚ ਕਰਵਾ ਕੇ ਆਪਣੇ ਆਪ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਉੱਥੇ ਹੀ ਲਾਲਜੀਤ ਭੁੱਲਰ ਨੇ ਟਰਾਂਸਪੋਰਟ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਸਿਸਟਮ ਨੂੰ ਬਦਲਣ ਦੀ ਪੂਰੀ ਵਾਹ ਲਗਾਉਣ ਦੀ ਗੱਲ ਕਹੀ ਹੈ। ਇਹ ਵੀ ਪੜ੍ਹੋ:ਸਰਕਾਰ ਵੱਲੋਂ ਛੁੱਟੀ ਦੇ ਐਲਾਨ ਮਗਰੋਂ ਪੰਜਵੀਂ ਜਮਾਤ ਦਾ ਪੇਪਰ ਹੋਇਆ ਮੁਲਤਵੀ -PTC News