ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦਾ ਜੀਵਨ ਦਰਸ਼ਨ
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ: ਪੰਦਰ੍ਹਵੀਂ ਸਦੀ ਦਾ ਭਾਰਤ ਧਾਰਮਿਕ ਕੱਟੜਤਾ, ਸਮਾਜਿਕ ਨਾਬਰਾਬਰਤਾ ਅਤੇ ਰਾਜਨੀਤਕ ਫਿਰਕਾਪ੍ਰਸਤੀ ਦਾ ਸੇਕ ਹੰਢਾ ਰਿਹਾ ਸੀ। ਨੈਤਿਕ ਕਦਰਾਂ-ਕੀਮਤਾਂ ਦੀ ਘਾਟ ਅਤੇ ਪਾਤਾਲ ਛੂੰਹਦੀ ਵਹਿਮਪ੍ਰਸਤੀ, ਭਾਰਤੀ ਸਭਿਆਚਾਰ ਅਤੇ ਸਮਾਜਿਕ ਸਾਂਝ ਨੂੰ ਦਿਨ ਬ ਦਿਨ ਖੋਖਲਾ ਕਰ ਰਹੀ ਸੀ। ਅਜਿਹੀ ਸਥਿਤੀ ਵਿੱਚ ਜਗਤ ਨੂੰ ਗਿਆਨ ਦੇ ਨਾਲ ਪ੍ਰਕਾਸ਼ਮਾਨ ਕਰਨ ਵਾਲੀ ਨਾਨਕ ਬਾਣੀ, ਦੂਸਰੇ ਨਾਨਕ ਨੂਰ, ਸ੍ਰੀ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਸ੍ਰੀ ਖਡੂਰ ਦੀ ਪਾਵਨ ਨਗਰੀ ਵਿੱਚ ਸਮੁੱਚੀ ਮਾਨਵਤਾ ਨੂੰ ਜੀਵਨ ਦੀ ਰੋਸ਼ਨੀ ਪ੍ਰਦਾਨ ਕਰ ਰਹੀ ਸੀ। ਇਹ ਵੀ ਪੜ੍ਹੋ: ਸਰਹਿੰਦ ਫਤਿਹ ਦਿਵਸ 'ਤੇ ਵਿਸ਼ੇਸ਼: ਸੂਰਬੀਰ ਤੇ ਅਣਖੀ ਯੋਧਾ 'ਬਾਬਾ ਬੰਦਾ ਸਿੰਘ ਬਹਾਦਰ' ਅਸਲ ਵਿੱਚ ਗਿਆਨ ਹਮੇਸ਼ਾਂ ਹੀ ਜਿੰਦਗੀ ਨੂੰ ਮਕਸਦ ਪ੍ਰਦਾਨ ਕਰਨ ਦੀ ਪ੍ਰੇਰਨਾ ਦਿੰਦਾ ਹੈ, ਜੇਕਰ ਗਿਆਨ ਅਜਿਹਾ ਕਾਰਜ ਨਹੀਂ ਕਰਦਾ ਤਾਂ ਨਿਸ਼ਚੇ ਹੀ ਮਨੁੱਖ ਅਜਿਹੀ ਜਾਣਕਾਰੀ ਨੂੰ ਗਿਆਨ ਸਮਝਣ ਦਾ ਭੁਲੇਖਾ ਪਾਲ ਬੈਠਦਾ ਹੈ। ਸੰਨ 1541 ਈ: ਦੀ ਸਵੇਰ, ਪਿੰਡ ਬਾਸਰਕੇ ਦੇ ਵਸਨੀਕ, ਭਾਈ ਤੇਜਭਾਨ ਜੀ ਦੇ ਸਪੁੱਤਰ, ਭਾਈ (ਗੁਰੂ) ਅਮਰਦਾਸ ਜੀ ਦੇ ਜੀਵਨ ਵਿੱਚ ਇਕ ਨਵਾਂ ਚਾਨਣ ਲੈ ਕੇ ਆਈ। ਸੰਗ ਨਾਲ ਤੀਰਥ ਯਾਤਰਾ ਤੋਂ ਪਰਤੇ ਭਾਈ (ਗੁਰੂ) ਅਮਰਦਾਸ ਜੀ ਦਾ ਹਿਰਦਾ 'ਨਿਗੁਰੇ ਦਾ ਨਾਉਂ ਬੁਰਾ' ਹੋਣ ਦੀ ਪੀੜਾ ਨੂੰ ਪਾਲ ਬੈਠਾ। ਤਦ ਅਚਾਨਕ ਕੰਨੀਂ ਮਿੱਠੇ ਬੋਲ ਪਏ। ਇਹ ਬੋਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਉਚਾਰੀ ਬਾਣੀ ਦੇ ਸਨ ਜਿਸ ਨੂੰ ਬੀਬੀ ਅਮਰੋ ਜੀ ਆਪਣੇ ਕੰਠ 'ਤੋਂ ਦੋਹਰਾ ਰਹੇ ਸਨ। ਬੀਬੀ ਅਮਰੋ ਜੀ, ਅਸਲ ਵਿੱਚ, ਭਾਈ (ਗੁਰੂ) ਅਮਰਦਾਸ ਜੀ ਦੇ ਛੋਟੇ ਭਰਾ, ਭਾਈ ਮਾਣਕ ਚੰਦ ਦੇ ਪੁੱਤਰ ਨਾਲ ਵਿਆਹੀ ਸੀ, ਜੋ ਰਿਸ਼ਤੇ ਵਿਚ ਭਾਈ (ਗੁਰੂ) ਅਮਰਦਾਸ ਜੀ ਦੀ ਭਤੀਜ ਨੂੰਹ ਲਗਦੀ ਸੀ। ਇਹਨਾਂ ਬੋਲਾਂ ਨੇ ਭਾਈ (ਗੁਰੂ) ਅਮਰਦਾਸ ਜੀ ਨੂੰ ਧਰਵਾਸ ਦਿੱਤਾ। ਐਸਾ ਟਿਕਾਅ ਜੋ ਤੀਰਥਾਂ ਦੇ ਰਟਨ ਨਾਲ ਵੀ ਨਹੀਂ ਸੀ ਮਿਲਿਆ। ਉਸ ਪਲ ਤੋਂ ਹੀ ਝੋਰਾ, ਪਛਤਾਵਾ ਸਭ ਲਹਿ ਗਿਆ ਅਤੇ ਚਾਲੇ ਪਾ ਦਿੱਤੇ ਖਡੂਰ ਦੇ ਰਾਹਾਂ ਵੱਲ ਨੂੰ। ਖਡੂਰ ਪਹੁੰਚੇ ਤਾਂ ਸੀਸ ਗੁਰੂ ਚਰਨਾਂ ਪੁਰ ਟਿਕਾ ਦਿੱਤਾ। ਕੁੜਮਾਚਾਰੀ ਦੀ ਲੱਜ-ਲਾਜ ਵੀ ਵਗਾਹ ਮਾਰੀ। ਗੁਰੂ ਭਗਤੀ ਦੀ ਘਾਲ-ਕਮਾਈ ਆਪਣਾ ਨਿਤ ਨੇਮ ਬਣਾ ਲਿਆ। ਬਿਰਧ ਅਵਸਥਾ ਵਿਚ ਵੀ, ਰੋਜ਼ ਬਿਆਸ ਤੋਂ ਗਾਗਰ ਪਾਣੀ ਦੀ ਗੁਰੂ ਸਾਹਿਬ ਜੀ ਦੇ ਇਸ਼ਨਾਨ ਲਈ ਭਰ, ਸੀਸ ਪੁਰ ਟਿਕਾ ਕੇ ਲਿਆਉਣੀ। ਰੁੱਤਾਂ ਬੀਤੀਆਂ, ਸਿਆੜ ਆਏ, ਅਨੇਕ ਝੱਖੜ ਝੁੱਲੇ, ਸ਼ਰੀਕਾਂ ਦੀਆਂ ਬੇਰੁਖੀਆਂ ਨੂੰ ਵੀ ਸਹਿਣ ਕੀਤਾ, 'ਅਮਰੂ ਨਿਥਾਵੇਂ' ਵੀ ਅਖਵਾਏ, ਪਰ ਨੇਮ ਨਹੀਂ ਹਾਰਿਆ। ਆਖ਼ਰ ਸੇਵਾ ਘਾਲਣਾ ਤੇ ਪ੍ਰੇਮਾ ਭਗਤੀ ਪ੍ਰਵਾਨ ਹੋਈ। ਨਿਮਾਣਿਆਂ ਦੇ ਮਾਣ ਅਤੇ ਨਿਥਾਵਿਆਂ ਦੇ ਥਾਵ ਬਣੇ। ਜਦ ਗੁਰਦੇਵ ਪਿਤਾ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਲਾਵੇ ਵਿੱਚ ਲਿਆ ਤਾਂ ਚੇਤ ਮਹੀਨੇ ਦੀ ਮਿੱਠੀ ਰੁੱਤ, ਸਾਲ 1552 ਈ ਸੀ। ਭੱਟਾਂ ਨੇ ਉਸਤਤਿ ਪ੍ਰਤੱਖ ਕੀਤੀ - "ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ" (ਸਵੱਈਏ ਮਹਲੇ ਤੀਜੇ ਕੇ) ਫਿਰ ਦੂਸਰੇ ਗੁਰਦੇਵ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਦੀ ਜਿੰਮਵਾਰੀ ਸੌਂਪਣਾ ਕੀਤੀ। ਗੁਰਿਆਈ ਦੀ ਜਿੰਮੇਵਾਰੀ ਸੰਭਾਲਦਿਆਂ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਖਡੂਰ ਸਾਹਿਬ ਵਾਸ ਦੌਰਾਨ ਗੋਇੰਦਵਾਲ ਨਗਰ ਵਸਾਇਆ। ਇਲਾਕੇ ਵਿੱਚ ਪਾਣੀ ਦੀ ਘਾਟ ਨੂੰ ਪੂਰਾ ਕਰਨ ਹਿੱਤ ਬਾਉਲੀ ਦਾ ਨਿਰਮਾਣ ਕਰਵਾਇਆ। ਲੰਗਰ ਸੇਵਾ ਨੂੰ ਪੰਗਤ ਦੀ ਰੂਪ ਰੇਖਾ ਦਿੱਤੀ। ਸਤੀ ਪ੍ਰਥਾ ਅਤੇ ਪਰਦੇ /ਘੁੰਡ ਪ੍ਰਥਾ 'ਤੇ ਪਾਬੰਦੀ ਲਗਾ ਨਾਰੀ ਸਨਮਾਨ ਨੂੰ ਹੋਰ ਉਚੇਰਾ ਕੀਤਾ। ਧਰਮ ਪ੍ਰਸਾਰ ਹਿਤ 22 ਕੇਂਦਰ, ਮੰਜੀ ਸੰਸਥਾ ਦੇ ਰੂਪ ਵਿਚ ਅਤੇ 52 ਪੀਹੜੇ ਕਾਇਮ ਕੀਤੇ। 17 ਰਾਗਾਂ ਵਿਚ ਬਾਣੀ ਉਚਾਰਦਿਆਂ ਮਨੁੱਖਤਾ ਨੂੰ ਰੂਹਾਨੀਅਤ ਨਾਲ ਭਰਪੂਰ ਕੀਤਾ। ਇਹ ਵੀ ਪੜ੍ਹੋ: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਤੀਸਰੇ ਗੁਰਦੇਵ ਨੇ ਪਹਿਲੇ ਅਤੇ ਦੂਸਰੇ ਗੁਰਦੇਵ ਦੀ ਬਾਣੀ ਇੱਕਤਰ ਕਰਦਿਆਂ, ਆਪਣੇ ਸਪੁੱਤਰ ਬਾਬਾ ਮੋਹਨ ਜੀ ਦੇ ਪੁੱਤਰ ਸਹੰਸਰਾਮ ਪਾਸੋਂ ਪੋਥੀਆਂ ਦੇ ਰੂਪ (ਗੋਇੰਦਵਾਲ ਦੀਆਂ ਪੋਥੀਆਂ) ਵਿਚ ਸੰਭਾਲੀਆਂ। ਅੱਜ ਵੀ ਜਦੋਂ ਪ੍ਰਾਣੀ ਗੁਰੂ ਸਾਹਿਬ ਜੀ ਦੀ ਦਰਸ਼ਨਧਾਰਾ ਨਾਲ ਜੁੜਦਾ ਹੈ ਤਾਂ ਅਰਸ਼ੀ ਪ੍ਰੇਮ ਅਤੇ ਗਹਿਨ ਅਨੁਭਵ ਦੀ ਪਰੰਪਰਾ ਦਾ ਸਾਖਿਆਤਕਾਰ ਹੋ ਨਿੱਬੜਦਾ ਹੈ। -PTC News