ਪਿਸਤੌਲ ਦੀ ਨੋਕ 'ਤੇ ਨਕਾਬਪੋਸ਼ ਨੌਜਵਾਨਾਂ ਵੱਲੋਂ ਲੱਖਾਂ ਦੀ ਲੁੱਟ, ਵਾਰਦਾਤ CCTV 'ਚ ਕੈਦ
ਬਟਾਲਾ: ਪੰਜਾਬ ਵਿਚ ਲੁੱਟ ਖੋਹ ਦੀ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਇਸ ਦੇ ਚਲਦੇ ਅੱਜ ਤਾਜਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ ਜਿਥੇ ਦਿਨ ਦਿਹਾੜੇ ਇਕ ਸੁਨਿਆਰੇ ਦੀ ਦੁਕਾਨ ਤੇ ਹੁੰਡਾਈ ਵੈਰਨਾ ਗੱਡੀ 'ਚ ਸਵਾਰ ਹੋਕੇ ਆਏ ਤਿੰਨ ਨਕਾਬਪੋਸ਼ ਨੌਜਵਾਨਾਂ ਵੱਲੋਂ ਪਿਸਤੌਲ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।ਵਾਰਦਾਤ ਦੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਦੱਸ ਦੇਈਏ ਕਿ ਇਹ ਵਾਰਦਾਤ ਬਟਾਲਾ ਦੇ ਨਜਦੀਕ ਪਿੰਡ ਅਲੀਵਾਲ ਵਿਖੇ ਵਾਪਰੀ ਹੈ। ਜਾਣਕਾਰੀ ਮੁਤਾਬਿਕ ਲੁਟੇਰੇ ਪਿਸਤੌਲ ਦੀ ਨੋਕ 'ਤੇ 50 ਹਜ਼ਾਰ ਦੀ ਨਕਦੀ ਅਤੇ ਕਰੀਬ 6 ਤੋਲੇ ਸੋਨਾ (ਕਰੀਬ 3 ਲੱਖ ਰੁਪਏ ਦਾ ਸੋਨਾ) ਲੈਕੇ ਫਰਾਰ ਹੋ ਗਏ। ਬਟਾਲਾ ਦੇ ਨਜ਼ਦੀਕ ਪਿੰਡ ਅਲੀਵਾਲ ਸਥਿਤ ਦੀਪਕ ਜਵੈਲਰ ਦੇ ਮਾਲਿਕ ਰਵਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਉਹਨਾਂ ਦੀ ਦੁਕਾਨ ਤੇ ਦੋ ਨੌਜਵਾਨ ਆਏ ਅਤੇ ਉਹਨਾਂ ਚਾਂਦੀ ਦੀ ਚੇਨ ਦਿਖਾਉਣ ਦੀ ਮੰਗ ਕੀਤੀ ਅਤੇ ਜਦ ਉਹਨਾਂ ਨੂੰ ਚੇਨ ਦਿਖਾਈ ਤਾਂ ਅਚਾਨਕ ਦੋਵਾਂ ਨੌਜਵਾਨਾਂ ਨੇ ਪਿਸਤੌਲਾਂ ਕੱਢ ਉਹਨਾਂ 'ਤੇ ਤਾਣ ਦਿੱਤੀ। ਪਿਸਤੌਲ ਦੀ ਨੋਕ 'ਤੇ ਦੁਕਾਨ 'ਚ ਪਏ ਕਰੀਬ 6 ਤੋਲੇ ਸੋਨਾ ਅਤੇ ਗੱਲੇ 'ਚ ਪਏ 50 ਹਜ਼ਾਰ ਨਕਦੀ ਲੈ ਕੇ ਫਰਾਰ ਹੋ ਗਏ। ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਤੇ ਜਲਦ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ। -PTC News