ਚੰਡੀਗੜ੍ਹ ਦੇ ਸਕੂਲਾਂ 'ਚ ਲਗਾਤਾਰ ਫੈਲ ਰਹੀ 'HFMD' ਬਿਮਾਰੀ, ਪ੍ਰੀ ਪ੍ਰਾਇਮਰੀ ਕਲਾਸਾਂ ਹੋਈਆਂ ਆਨਲਾਈਨ
ਚੰਡੀਗੜ੍ਹ:ਚੰਡੀਗੜ੍ਹ ਦੇ ਸਕੂਲਾਂ ਵਿੱਚ 'HFMD' ਬਿਮਾਰੀ ਲਗਾਤਾਰ ਫੈਲ ਰਹੀ ਹੈ। ਹੁਣ ਤੱਕ ਚੰਡੀਗੜ੍ਹ ਦੇ ਕਈ ਸਕੂਲਾਂ ਦੇ ਬੱਚੇ ਇਸ ਬਿਮਾਰੀ ਦੀ ਚਪੇਟ ਵਿਚ ਆ ਚੁੱਕੇ ਹਨ। ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਹੁਣ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਕਲਾਸਾਂ ਆਨਲਾਈਨ ਮੋਡ ਵਿਚ ਲਈਆਂ ਜਾ ਰਹੀਆਂ ਹਨ। ਇਹ ਬਿਮਾਰੀ ਜਿਆਦਾਤਰ ਛੋਟੇ ਬੱਚਿਆਂ ਵਿੱਚ ਪਾਈ ਜਾ ਰਹੀ ਹੈ।
ਇਸ ਦੌਰਾਨ ਸੇਂਟ ਕਬੀਰ ਪਬਲਿਕ ਸਕੂਲ ਸੈਕਟਰ 26 ਅਤੇ ਦਿੱਲੀ ਪਬਲਿਕ ਸਕੂਲ (ਡੀਪੀਐਸ) ਤੋਂ ਬਾਅਦ ਅੱਜ ਚੰਡੀਗੜ੍ਹ ਦੇ ਸੈਕਟਰ 32 ਦੇ 'St. Saupins School' ਵਿੱਚ ਪੜ੍ਹਦੇ ਇੱਕ ਛੋਟੇ ਬੱਚੇ ਵਿੱਚ 'HFMD' ਬਿਮਾਰੀ ਦੇ ਲੱਛਣ ਪਾਏ ਗਏ ਹਨ। ਇਸ ਕਰਕੇ ਪ੍ਰੀ ਪ੍ਰਾਇਮਰੀ ਕਲਾਸਾਂ ਦੀਆਂ ਔਫਲਾਈਨ ਕਲਾਸਾਂ ਸੋਮਵਾਰ ਤੱਕ ਨਹੀਂ ਹੋਣਗੀਆਂ ਜਦਕਿ ਨਰਸਰੀ ਸੈਕਸ਼ਨ ਬੀ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਸਕੂਲ ਦੀ ਤਰਫੋਂ ਸਾਰੇ ਮਾਪਿਆਂ ਨੂੰ ਤੁਰੰਤ ਨੋਟਿਸ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ: MiG-21 Plane Crash: ਮਿਗ-21 ਲੜਾਕੂ ਜਹਾਜ਼ ਹੋਇਆ ਕਰੈਸ਼, ਦੋਵੇਂ ਪਾਇਲਟਾਂ ਦੀ ਹੋਈ ਮੌਤ
ਇਸ ਦੇ ਨਾਲ ਹੀ ਮਾਨਵ ਮੰਗਲ ਸਮਾਰਟ ਵਰਲਡ ਸਕੂਲ, ਜ਼ੀਰਕਪੁਰ ਵੱਲੋਂ ਸਾਰੇ ਮਾਪਿਆਂ ਨੂੰ ਵੀ ਐਡਵਾਈਜ਼ਰੀ ਭੇਜੀ ਗਈ ਹੈ। ਦੱਸ ਦੇਈਏ ਕਿ ਚੰਡੀਗੜ੍ਹ ਦੇ ਤਿੰਨ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਵਿੱਚ ਹੁਣ ਤੱਕ ਇਹ ਬਿਮਾਰੀ ਪਾਈ ਗਈ ਹੈ। ਇਸ ਦੌਰਾਨ, ਚੰਡੀਗੜ੍ਹ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਅਜੇ ਤੱਕ ਉਨ੍ਹਾਂ ਵਾਇਰਸਾਂ ਲਈ ਕੋਈ ਵੈਕਸੀਨ ਨਹੀਂ ਹੈ। ਇਸ ਬਿਮਾਰੀ ਦਾ ਕੋਈ ਖਾਸ ਇਲਾਜ ਨਹੀਂ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਬਿਮਾਰੀ ਬਾਰੇ ਐਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਸਥਿਤੀ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।
ਚੰਡੀਗੜ੍ਹ ਸਿਹਤ ਵਿਭਾਗ ਨੇ ਕਿਹਾ ਹੈ ਕਿ HFMD ਇੱਕ ਛੂਤ ਦੀ ਬਿਮਾਰੀ ਹੈ ਜੋ ਕਈ ਕਿਸਮ ਦੇ ਵਾਇਰਸਾਂ ਕਾਰਨ ਹੁੰਦੀ ਹੈ। ਛੋਟੇ ਬੱਚੇ ਅਤੇ ਪੰਜ ਸਾਲ ਤੋਂ ਵੱਧ ਉਮਰ ਦੇ ਬੱਚੇ ਜ਼ਿਆਦਾ ਸੰਕਰਮਿਤ ਹੁੰਦੇ ਹਨ। ਹਾਲਾਂਕਿ ਵੱਡੀ ਉਮਰ ਦੇ ਬੱਚਿਆਂ ਅਤੇ ਵੱਡਿਆਂ ਨੂੰ ਵੀ ਇਹ ਬਿਮਾਰੀ ਹੋ ਸਕਦੀ ਹੈ। ਪ੍ਰਸ਼ਾਸਨ ਦੇ ਸਲਾਹਕਾਰ ਧਰਮਪਾਲ ਨੇ ਸਿਹਤ ਵਿਭਾਗ ਨੂੰ ਚੰਡੀਗੜ੍ਹ ਦੇ ਸਕੂਲਾਂ ਨੂੰ ਐਡਵਾਈਜ਼ਰੀ ਜਾਰੀ ਕਰਨ ਲਈ ਕਿਹਾ ਹੈ।
ਪ੍ਰਸ਼ਾਸਨ ਨੇ ਕਿਹਾ ਹੈ ਕਿ ਇਹ ਵਾਇਰਲ ਇਨਫੈਕਸ਼ਨ ਹੈ। ਅਜਿਹਾ ਅਕਸਰ ਗਰਮੀਆਂ ਵਿੱਚ ਹੁੰਦਾ ਹੈ। ਇਹ ਬਿਮਾਰੀ ਬਹੁਤ ਵੱਡੀ ਨਹੀਂ ਹੁੰਦੀ ਅਤੇ ਆਮ ਤੌਰ 'ਤੇ ਇੱਕ ਹਫ਼ਤੇ ਤੱਕ ਰਹਿੰਦੀ ਹੈ। ਬੁਖਾਰ ਅਤੇ ਗਲੇ ਵਿੱਚ ਖਰਾਸ਼ ਵਰਗੇ ਲੱਛਣ ਦੇਖਣ 'ਤੇ ਇਲਾਜ ਦਿੱਤਾ ਜਾਂਦਾ ਹੈ। ਇਹ ਬਹੁਤ ਤੇਜ਼ੀ ਨਾਲ ਫੈਲਣ ਵਾਲੀ ਛੂਤ ਬਿਮਾਰੀ ਹੈ।
-PTC News