ਟੈਂਕੀ 'ਤੇ ਚੜ੍ਹੇ ਮੀਟਰ ਰੀਡਰ, ਸਪੀਕਰ ਕੁਲਤਾਰ ਸੰਧਵਾਂ ਦੇ ਘਰ ਬਾਹਰ 4 ਮਹੀਨਿਆਂ ਤੋਂ ਦੇ ਰਹੇ ਨੇ ਧਰਨਾ
ਫ਼ਰੀਦਕੋਟ : ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਸੰਧਵਾਂ ਵਿਖੇ ਪੰਜਾਬ ਵਿਧਾਨ ਸਭ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਬਾਹਰ PSPCL ਵਿਚ ਆਊਟ ਸੋਰਸ ਬੇਸ 'ਤੇ ਕੰਮ ਕਰ ਰਹੇ ਮੀਟਰ ਰੀਡਰ ਕਰੀਬ 4 ਮਹੀਨਿਆਂ ਤੋਂ ਧਰਨਾ ਦੇ ਰਹੇ ਹਨ। ਮੀਟਰ ਰੀਡਰਾਂ ਵੱਲੋਂ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਅੱਜ 4 ਮੀਟਰ ਰੀਡਰ ਹੱਥਾਂ ਵਿਚ ਪੈਟਰੋਲ ਦੀਆਂ ਬੋਤਲਾਂ ਫੜ੍ਹ ਕੇ ਪਿੰਡ ਦੀ ਪਾਣੀ ਵਾਲੀ ਟੈਂਕੀ 'ਤੇ ਚੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਮਿਲੀ ਜਾਣਕਾਰੀ ਦੇ ਮੁਤਾਬਿਕ ਦੂਜੇ ਪਾਸੇ ਪ੍ਰਦਸ਼ਨਕਾਰੀਆਂ ਦੇ ਸਾਥੀਆਂ ਨੇ ਟੈਂਕੀ ਦੇ ਹੇਠਾਂ ਮੋਰਚਾ ਸੰਭਾਲਿਆ ਹੋਇਆ ਹੈ। ਗੱਲਬਾਤ ਕਰਦਿਆਂ ਮੀਟਰ ਰੀਡਰਾਂ ਨੇ ਦੱਸਿਆ ਕਿ ਕਾਂਗਰਸ ਸਰਕਾਰ ਮੌਕੇ ਜਦ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਗਿਆ ਸੀ ਤਾਂ ਕੁਲਤਾਰ ਸਿੰਘ ਸੰਧਵਾਂ ਨੇ ਉਹਨਾਂ ਦੇ ਧਰਨੇ ਵਿਚ ਸ਼ਾਮਲ ਹੋ ਕੇ ਇਹ ਵਾਅਦਾ ਕੀਤਾ ਸੀ ਕਿ ਪੰਜਾਬ ਵਿਚ ਆਮ ਆਦਮੀਂ ਪਾਰਟੀ ਦੀ ਸਰਕਾਰ ਬਨਣ 'ਤੇ ਮੀਟਰ ਰੀਡਰਾਂ ਨੂੰ ਕੰਪਨੀਆਂ ਦੀ ਬਿਜਾਏ ਮਹਿਕਮੇਂ ਅੰਦਰ ਲਿਆ ਜਾਵੇਗਾ ਅਤੇ ਮਹਿਕਮੇਂ ਅਤੇ ਮੀਟਰ ਰੀਡਰਾਂ ਦੀ ਹੁੰਦੀ ਆਰਥਿਕ ਲੁੱਟ ਰੋਕੀ ਜਾਵੇਗੀ। ਉਹਨਾਂ ਕਿਹਾ ਕਿ ਕਰੀਬ 6 ਮਹੀਨੇ ਸਰਕਾਰ ਬਣੀ ਨੂੰ ਹੋ ਗਏ ਹਨ ਪਰ ਪੰਜਾਬ ਸਰਕਾਰ ਦੇ ਕੰਨ 'ਤੇ ਜੂੰਅ ਤੱਕ ਨਹੀਂ ਸਰਕ ਰਹੀ। ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੇ ਫੜਿਆ ਜ਼ੋਰ, ਥਾਂ-ਥਾਂ ਨਿਕਲੀਆਂ ਰੈਲੀਆਂ ਉਹਨਾਂ ਕਿਹਾ ਬੀਤੇ ਦਿਨੀ ਬਿਜਲੀ ਮੰਤਰੀ ਸਾਹਿਬ ਨਾਲ ਹੋਈਆ ਮੀਟਿੰਗਾਂ ਵਿਚ ਵੀ ਮੰਤਰੀ ਸਾਹਿਬ ਕੰਪਨੀਆਂ ਦਾ ਹੀ ਪੱਖ ਪੂਰਦੇ ਰਹੇ। ਉਹਨਾਂ ਕਿਹਾ ਕਿ ਅਸੀਂ ਪੱਕੇ ਹੋਣ ਦੀ ਮੰਗ ਨਹੀਂ ਕਰ ਰਹੇ ਸਾਡੀ ਮੰਗ ਹੈ ਕਿ ਠੇਕੇਦਾਰ ਕੰਪਨੀਆਂ ਜੋ ਇਕ ਮੀਟਰ ਦੀ ਰੀਡਿੰਗ ਦਾ ਮਹਿਕੇ ਤੋਂ ਕਰੀਬ 9 ਰੁਪਏ ਚਾਰਜ ਕਰਦੀਆਂ ਹਨ ਅਤੇ ਅੱਗੇ ਮੀਟਰ ਰੀਡਰਾਂ ਨੂੰ ਮਹਿਜ 2 ਰੁਪਏ ਦਿੰਦੀਆਂ ਹਨ ਅਤੇ ਕਰੀਬ 5 ਤੋਂ 6 ਰੁਪਏ ਦੀ ਸਰਕਾਰੀ ਲੁੱਟ ਕਰਦੀਆਂ ਹਨ। ਉਹਨਾਂ ਕਿਹਾ ਕਿ ਅਸੀਂ ਇਹੀ ਲੁੱਟ ਬੰਦ ਕਰਵਾਉਣਾ ਚਹਾਉਂਦੇ ਹਾਂ ਅਤੇ ਮੰਗ ਕਰ ਰਹੇ ਹਾਂ ਕਿ ਮਹਿਕਾਂ ਸਾਨੂੰ ਡਾਇਰੈਕਟ ਠੇਕੇ ਤੇ ਜਾਂ ਡੇਲੀ ਬੇਸ ਤੇ ਆਪਣੇ ਅੰਡਰ ਲੈ ਕੇ ਕੰਮ ਕਰਵਾਵੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਜਲਦ ਨਾਂ ਮੰਨੀਆ ਤਾਂ ਰੋਜਾਨਾਂ ਟੈਂਕੀ ਉਪਰ ਸਾਥੀਆਂ ਦੀ ਗਿਣਤੀ ਵਧਦੀ ਜਾਵੇਗੀ ਅਤੇ ਇਸ ਦੌਰਾਨ ਨਿਕਲਣ ਵਾਲੇ ਕਿਸੇ ਵੀ ਸਿੱਟੇ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਪ੍ਰਦਰਸ਼ਨ ਸਥਾਨ 'ਤੇ ਜਾਇਜਾ ਲੈਣ ਪਹੁੰਚੇ ਤਹਿਸੀਲਦਾਰ ਕੋਟਕਪੂਰਾ ਪਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਮੀਟਰ ਰੀਡਰਾਂ ਵੱਲੋਂ ਬੀਤੇ ਕਈ ਦਿਨਾਂ ਤੋਂ ਸੰਧਵਾਂ ਵਿਖੇ ਧਰਨਾ ਲਗਾਇਆ ਹੋਇਆ ਅਤੇ ਅੱਜ ਇਹ ਪਾਣੀ ਵਾਲੀ ਟੈਂਕੀ ਤੇ ਚੜ੍ਹੇ ਹਨ। ਉਹ ਮੌਕੇ 'ਤੇ ਪਹੁੰਚੇ ਹਨ ਅਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੀ ਜੋ ਵੀ ਮੰਗਾਂ ਨੇ ਉਹਨਾਂ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਅਤੇ ਇਸ ਮਸਲੇ ਨੂੰ ਜਲਦ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। -PTC News