Wed, Nov 13, 2024
Whatsapp

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੰਦੀ ਛੋੜ ਦਿਵਸ 'ਤੇ ਸਿੱਖ ਪੰਥ ਦੇ ਨਾਮ ਸੰਦੇਸ਼

Reported by:  PTC News Desk  Edited by:  Jasmeet Singh -- October 24th 2022 05:57 PM -- Updated: October 24th 2022 06:04 PM
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੰਦੀ ਛੋੜ ਦਿਵਸ 'ਤੇ ਸਿੱਖ ਪੰਥ ਦੇ ਨਾਮ ਸੰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੰਦੀ ਛੋੜ ਦਿਵਸ 'ਤੇ ਸਿੱਖ ਪੰਥ ਦੇ ਨਾਮ ਸੰਦੇਸ਼

ਸੰਸਾਰ ਭਰ ਵਿਚ ਵਸਦੇ ਗੁਰੂ ਨਾਨਕ ਨਾਮ ਲੇਵਾ ਅਤੇ ਨਿਰਮਲ ਬੁੱਧ ਖਾਲਸਾ ਜੀਓ !

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹ ਮੀਰੀ-ਪੀਰੀ ਦੇ ਸਿਧਾਂਤ ਅਤੇ ਇਸ ਨੂੰ ਪ੍ਰਕਾਸ਼ਮਾਨ ਕਰਨ ਵਾਲੀ ਸੰਸਥਾ ਦੇ ਸੰਸਥਾਪਕ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਅੱਜ ਸੰਸਾਰ ਭਰ ਵਿਚ ਬੰਦੀ ਛੋੜ ਦਿਵਸ ਮਨਾ ਰਹੇ ਸਿੱਖ ਪੰਥ ਨੂੰ ਵਧਾਈਆਂ ਦਿੰਦਾ ਹਾਂ। ਅਜਿਹੇ ਜੋੜ-ਮੇਲ,ਸਾਨੂੰ ਆਪਣਾ ਆਤਮ ਚਿੰਤਨ ਕਰਨ ਅਤੇ ਅਗਲੇਰੇ ਪੰਥਕ ਸਫ਼ਰ ਲਈ ਦਰਪੇਸ਼ ਔਕੜਾਂ ਅਤੇ ਸੰਕਟਾਂ ਦਾ ਸਾਹਮਣਾ ਕਰਨ ਅਤੇ ਨਵੀਆਂ ਸੰਭਾਵਨਾਵਾਂ ਤਲਾਸ਼ਣ ਦੇ ਮੌਕੇ ਹੁੰਦੇ ਹਨ। ਖਾਲਸਾ ਜੀ, ਅੱਜ ਸਿੱਖ ਪੰਥ ਦੇ ਵਾਰਸਾਂ ਸਾਹਮਣੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਖੜ੍ਹੀਆਂ ਹਨ ਜਿਵੇਂ ਪਤਿਤਪੁਣਾ, ਨਸ਼ੇ, ਭਾਰਤ ਵਿਚ ਘੱਟ ਰਹੀ ਸਿੱਖ ਅਬਾਦੀ ਅਤੇ ਸਿੱਖ ਨੌਜਵਾਨਾਂ ਦੇ ਪ੍ਰਵਾਸ ਦਾ ਰੁਝਾਨ ਆਉਣ ਵਾਲੇ ਸਮੇਂ ਅੰਦਰ ਆਉਣ ਵਾਲੇ ਸੰਕਟ ਪ੍ਰਤੀ ਸਕਤ ਹੈ।ਪੰਜਾਬ ਦੀ ਧਰਤੀ 'ਤੇ ਕੁਝ ਅਖੌਤੀ ਨਕਲੀ ਪਾਸਟਰਾਂ ਵਲੋਂ ਇਸਾਈਅਤ ਦੀ ਆੜ ਵਿਚ ਪਾਖੰਡਵਾਦ ਫੈਲਾ ਕੇ ਭੋਲੇ-ਭਾਲੇ ਸਿੱਖਾਂ ਦਾ ਸਰੀਰਕ, ਆਰਥਿਕ ਅਤੇ ਮਾਨਸਿਕ ਸੋਸ਼ਣ ਕਰਦਿਆਂ, ਕਰਵਾਇਆ ਜਾ ਰਿਹਾ ਧਰਮ ਪਰਿਵਰਤਨ ਤੇ ਇਸ ਮਸਲੇ 'ਤੇ ਸਰਕਾਰ ਦੀ ਖਾਮੋਸ਼ੀ, ਸਾਡੇ ਲਈ ਚਿੰਤਾ ਦਾ ਵਿਸ਼ਾ ਹੈ।ਲੰਬੇ ਸਮੇਂ ਤੋਂ ਜੇਲ੍ਹਾਂ ਵਿਚ ਬੈਠੇ ਸਾਡੇ ਸੰਘਰਸ਼ੀ ਯੋਧੇ ਆਪਣੇ ਘਰ ਪਰਤਣ ਦੀ ਉਡੀਕ ਕਰ ਰਹੇ ਹਨ ਅਤੇ ਅਸੀਂ ਦੇਸ਼/ਵਿਦੇਸ਼ ਅੰਦਰ ਗੁਰਦੁਆਰਿਆਂ ਦੇ ਪ੍ਰਬੰਧਾਂ 'ਤੇ ਕਾਬਜ਼ ਹੋਣ ਲਈ ਲੜਾਈਆਂ ਲੜ ਰਹੇ ਹਾਂ। ਇਹ ਲੜਾਈਆਂ ਵਕਤ ਅਤੇ ਧਨ ਦੀ ਬਰਬਾਦੀ ਤੋਂ ਇਲਾਵਾ ਸਾਡੇ ਅੰਦਰ ਧੜੇਬੰਦੀਆਂ ਤੇ ਨਫਰਤ ਪੈਦਾ ਕਰ ਰਹੀਆਂ ਹਨ।ਸਿੱਖ ਬੰਦੀਆਂ ਨੂੰ ਰਿਹਾਅ ਕਰਾਉਣ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ, ਤੌਰ 'ਤੇ ਪ੍ਰਵਾਸੀ ਸਿੱਖ, ਭਾਰਤ ਸਰਕਾਰ ਦੇ ਬੰਦ ਕੰਨ ਖੋਲ੍ਹਣ ਲਈ ਰੋਸ ਪ੍ਰਦਰਸ਼ਨਾਂ ਤੋਂ ਇਲਾਵਾ ਆਪਣੀਆਂ ਸਰਕਾਰਾਂ ਰਾਹੀਂ ਬੰਦੀ ਸਿੱਖਾਂ ਨੂੰ ਰਿਹਾਅ ਕਰਾਉਣ ਲਈ ਯਤਨ ਕਰਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਧਾਰਮਿਕ, ਵਿਦਿਅਕ ਤੇ ਮਾਨਵ ਭਲਾਈ ਦੇ ਕਾਰਜ ਸਮਾਜ ਨੂੰ ਸ਼ਕਤੀਵਰ ਬਣਾਉਣ ਵਾਲੇ ਹਨ ਤੇ ਇਨ੍ਹਾਂ ਨੂੰ ਹੋਰ ਨਿਗਰ ਬਣਾਉਣ ਲਈ ਉਪਰਾਲੇ ਹੋਣੇ ਚਾਹੀਦੇ ਹਨ, ਪਰ ਸਾਜ਼ਿਸ਼ਾਂ ਅਤੇ ਆਪਸੀ ਰਾਜਸੀ ਵਖਰੇਵਿਆਂ ਦੇ ਕਰਕੇ ਸਰਕਾਰ ਵੱਲੋਂ ਇਸ ਦੀ ਅਖੰਡਤਾ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਦੀ ਸਰਕਾਰੀ ਕੋਸ਼ਿਸ਼ ਨਾਲ ਪੰਥ ਕਮਜੋਰ ਨਾ ਹੋਵੇ, ਇਸ ਲਈ ਸਭ ਪੰਥਕ ਧਿਰਾਂ ਨੂੰ ਪੰਥ ਅਤੇ ਪੰਥਕ ਸੰਸਥਾਵਾਂ ਦੀ ਮਜ਼ਬੂਤੀ ਲਈ ਇਕੱਠੇ ਰਹਿਣ ਦੀ ਲੋੜ ਹੈ। ਪੰਥਕ ਏਕਤਾ ਦੇ ਪੱਖ ਤੋਂ ਕੇਵਲ ਰਾਜਸੀ ਏਕਤਾ ਹੀ ਮਹੱਤਵਪੂਰਨ ਨਹੀਂ ਹੈ, ਪੰਥ ਦੀਆਂ ਸਭ ਧਿਰਾਂ ਨੂੰ ਇੱਕ ਨਿਊਨਤਮ ਕਾਰਜਕਰਮ ਮਿੱਥ ਕੇ ਸਿੱਖ ਕੌਮ ਨੂੰ ਅੱਗੇ ਲਿਜਾਣ ਲਈ ਉਸਾਰੂ ਕੰਮ/ਪ੍ਰੋਜੈਕਟ ਆਰੰਭਣੇ ਚਾਹੀਦੇ ਹਨ।ਸਭ ਪੰਥਕ ਧਿਰਾਂ, ਗੁਰੂ ਹੁਕਮ ਵਿਚ ਬੱਝ ਕੇ, ਗੁਰੂ ਦੇ ਭਉ-ਭਾਵਨੀ ਵਿਚ ਵਿਚਰਨ[ਸੋਸ਼ਲ ਮੀਡੀਆ ਦੀ ਨਜਾਇਜ਼ ਵਰਤੋਂ ਕਰਕੇ ਇਕ ਦੂਜੇ 'ਤੇ ਦੁਸ਼ਣਬਾਜ਼ੀ ਨਾ ਕਰਨ ਤਾਂ ਹੀ ਕੋਈ ਭਲੇ ਦਾ ਕੰਮ ਸੰਭਵ ਹੈ। ਬਿਬੇਕਹੀਣਤਾ ਧਾਰਨ ਕਰਦਿਆਂ ਕੇਵਲ ਜਜ਼ਬਾਤੀ ਰੌਂਅ ਵਿਚ ਵਹਿਣਾ ਤੇ ਰਹਿਣਾ ਹਮੇਸ਼ਾਂ ਨੁਕਸਾਨਦਾਇਕ ਹੈ। ਨਸ਼ਿਆਂ ਦੇ ਮਾਰੂ ਹਮਲਿਆਂ ਨੂੰ ਰੋਕਣ ਵਿੱਚ ਸਰਕਾਰਾਂ ਪੂਰੀ ਤਰ੍ਹਾਂ ਅਸਫਲ ਰਹੀਆਂ ਹਨ।ਨਸ਼ਿਆਂ ਦੀ ਵਰਤੋਂ ਅਤੇ ਵਪਾਰ ਦੇ ਸੰਗਠਿਤ ਢਾਂਚੇ ਨੂੰ ਢਾਹੁਣ ਵਿਚ ਦਿਖ ਰਹੀ ਅਸਫਲਤਾ ਨੂੰ ਸੋਧਣ ਤੇ ਹੱਲ ਕਰਨ ਲਈ, ਪਿੰਡ-ਪਿੰਡ ਕਮੇਟੀਆਂ ਤੇ ਜਥੇ ਬਣਾਉਣ ਦੀ ਲੋੜ ਹੈ।ਕੇਂਦਰ ਤੇ ਪੰਜਾਬ ਸਰਕਾਰ ਆਪਣੇ ਸਭ ਸਾਧਨ ਅਤੇ ਸ਼ਕਤੀ ਵਰਤ ਕੇ ਵੀ, ਨਸ਼ਿਆਂ ਦੇ ਵਪਾਰ-ਵਰਤੋਂ ਨੂੰ ਰੋਕਣ ਵਿੱਚ ਸਫਲ ਕਿਉਂ ਨਹੀਂ ਹੋ ਰਹੀਆਂ? ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ।ਜਾਤ-ਪਾਤ ਦੀ ਵੰਡ ਸਦੀਆਂ ਤੋਂ ਸਮਾਜ 'ਤੇ ਬੁਰਾ ਪ੍ਰਭਾਵ ਪਾ ਰਹੀ ਹੈ ਜਿਸ ਨੂੰ ਗੁਰੂ ਸਾਹਿਬਾਨ ਨੇ 239 ਸਾਲ ਦੀ ਘਾਲਣਾ ਨਾਲ ਦੂਰ ਕਰਨ ਦਾ ਰਾਹ ਦਿਖਾਇਆ।ਅੰਮ੍ਰਿਤਧਾਰੀ, ਸੰਗਤ ਤੇ ਪੰਗਤ ਦੇ ਵਿਸ਼ਵਾਸੀ ਸਿੱਖਾਂ ਨੂੰ ਤਾਂ ਜਾਤ-ਪਾਤ ਦੇ ਕੋਹੜ ਨੂੰ ਆਪਣੇ ਪਿੰਡਾਂ-ਕਸਬਿਆਂ ਵਿਚੋਂ ਦੂਰ ਕਰਨ ਲਈ, ਮਾਨਵੀ ਕਦਰਾਂ-ਕੀਮਤਾਂ ਦੇ ਧਾਰਨੀ ਬਣਨਾ ਚਾਹੀਦਾ ਹੈ।ਸਿੱਖ ਬੱਚਿਆਂ ਵਿਚ ਪੜ੍ਹਨ ਦੀ ਘਟਦੀ ਰੁਚੀ ਚਿੰਤਾ ਦਾ ਵਿਸ਼ਾ ਹੈ, ਇਸ ਲਈ ਪੰਥਕ ਸੰਸਥਾਵਾਂ ਇਨ੍ਹਾਂ ਬੱਚਿਆਂ ਨੂੰ ਉਤਸ਼ਾਹਤ ਕਰਨ ਤਾਂ ਜੋ ਉਹ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਭਾਗ ਲੈ ਕੇ ਦੇਸ਼ ਵਿਦੇਸ਼ ਅੰਦਰ ਪ੍ਰਸ਼ਾਸ਼ਨ, ਫੌਜ, ਸੁਰੱਖਿਆ ਸੈਨਾਵਾਂ, ਵਿਦੇਸ਼ ਸੇਵਾਵਾਂ ਤੇ ਹੋਰ ਉੱਚ ਨੌਕਰੀਆਂ ਵਿਚ ਸ਼ਾਮਲ ਹੋ ਕੇ ਕੌਮ ਦਾ ਮਾਣ ਬਣਨ। ਲੋੜਵੰਦ ਬੱਚੇ ਬੱਚੀਆਂ ਨੂੰ ਉੱਚ ਵਿਦਿਆ ਲਈ ਹਰ ਹੀਲ ਪੰਥਕ ਜ਼ਿੰਮੇਵਾਰੀ ਜਾਣ ਕੇ ਸਹਾਇਤਾ ਦੇਣ ਦੀ ਲੋੜ ਹੈ ਜਿਹੜੇ ਕੇਵਲ ਪੈਸੇ ਦੀ ਘਾਟ ਕਰਕੇ, ਉੱਚ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ।ਪੜ੍ਹੇ ਲਿਖੇ ਨੌਜਵਾਨਾਂ ਨੂੰ ਨਵੇਂ ਕਾਰੋਬਾਰ ਅਤੇ ਹੋਰ ਵਪਾਰਕ, ਪ੍ਰਬੰਧਕ ਖੇਤਰ ਵਿਚ ਵੀ ਸੇਧ ਦੇਣ ਅਤੇ ਉਤਸ਼ਾਹਤ ਕਰਨ ਦੀ ਲੋੜ ਹੈ। ਸਾਰੀ ਮਨੁੱਖਤਾ ਅਨੇਕ ਤਰ੍ਹਾਂ ਦੇ ਮਾਰੂ ਹਥਿਆਰਾਂ, ਬੇਲੋੜੇ ਜੰਗਾਂ ਯੁੱਧਾਂ ਅਤੇ ਵਿਨਾਸ਼ ਦੇ ਹਾਲਾਤ ਨਾਲ ਜੂਝ ਰਹੀ ਹੈ। ਮਨੁੱਖ ਜੀਵਨ ਦੀ ਗ੍ਰਿਫਤ ਵਿਚ ਉਲਝਦਾ ਜਾ ਰਿਹਾ ਹੈ।ਰੂਸ ਅਤੇ ਯੂਕਰੇਨ ਵਿਚਕਾਰ ਪਿਛਲੇ 8 ਮਹੀਨਿਆਂ ਤੋਂ ਚਲਦੀ ਆ ਰਹੀ ਮਾਰੂ ਜੰਗ ਦੇ ਹੁਣ ਪ੍ਰਮਾਣੂ ਜੰਗ ਵਿਚ ਬਦਲਣ ਦਾ ਖਤਰਾ ਸਿਰ 'ਤੇ ਮੰਡਰਾ ਰਿਹਾ ਹੈ।ਵਿਸ਼ਵ ਵਿਚ ਫੈਲੇ ਸਿੱਖ ਦਾਨਿਸ਼ਵਰਾਂ ਅਤੇ ਸੰਸਥਾਵਾਂ ਨੂੰ ਅਜਿਹੀ ਸਥਿਤੀ ਵਿਚ ਵਿਸ਼ਵ ਨੂੰ ਬਚਾਉਣ ਅਤੇ ਸਿਰਜਾਣਤਮਕ ਕਾਰਜ ਕਰਨ ਲਈ ਆਪਣੀ ਬਣਦੀ ਭੂਮਿਕਾ ਨਿਭਾਉਣੀ ਹੋਏਗੀ। ਅਜਿਹੀ ਹਾਲਤ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਸਾਰੀ ਮਾਨਵਜਾਤੀ ਨੂੰ ਉਸਾਰੂ ਅਤੇ ਸਾਕਾਰਾਤਮਕ-ਕਲਿਆਣਕਾਰੀ ਦਿਸ਼ਾ ਦੇਣ ਦੇ ਸਮਰੱਥ ਹੈ। ਵਾਤਾਵਰਨ ਇਕ ਵਿਸ਼ਵ-ਵਿਆਪੀ ਸਮੱਸਿਆ ਹੈ,ਇਸ ਦੇ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਮੌਸਮਾਂ ਦੀ ਹੇਰ-ਫੇਰ ਦਾ ਬੁਰਾ ਪ੍ਰਭਾਵ ਪੈਣ ਦੇ ਸੰਕੇਤ ਮਿਲ ਰਹੇ ਹਨ।ਅੱਜ ਪੰਜਾਬ ਦਾ ਵਾਤਾਵਰਨ, ਹਵਾ-ਪਾਣੀ, ਖੁਰਾਕ ਅਤੇ ਹੋਰ ਖਾਦ ਪਦਾਰਥ ਬੜੀ ਨਾਜ਼ੁਕ ਸਥਿਤੀ ਤੱਕ ਪ੍ਰਦੂਸ਼ਿਤ ਹੋ ਰਹੇ ਹਨ।ਫਸਲਾਂ ਨੂੰ ਉਗਾਣ ਅਤੇ ਸਾਂਭ-ਸੰਭਾਲ ਵਿਚ ਆਉਣ ਵਾਲੀਆਂ ਔਕੜਾਂ ਕਾਰਨ ਵੀ ਧਰਤੀ ਹੇਠਲਾ ਪਾਣੀ ਅਤੇ ਹਵਾ ਪ੍ਰਦੂਸ਼ਿਤ ਹੋ ਰਹੇ ਹਨ।ਇਸ ਲਈ ਜਿਥੇ ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੋਏਗੀ, ਉਥੇ ਕਿਸਾਨਾਂ ਨੂੰ ਆਪਣੀ ਖੇਤੀ ਦੇ ਮਸਲੇ ਖੁਦ ਹਲ ਕਰਦਿਆਂ ਨਵੇਂ ਖੇਤੀ ਮਾਡਲ ਅਨੁਸਾਰ ਇਸ ਸਬੰਧੀ ਜਾਗਰੂਕ ਹੋਣਾ ਹੋਏਗਾ।ਇਸ ਖਿੱਤੇ ਵਿਚ ਸੇਵਾ ਕਰ ਰਹੀਆਂ ਸਿੱਖ ਸੰਸਥਾਵਾਂ ਅਤੇ ਵਾਤਾਵਰਨ ਪ੍ਰੇਮੀਆਂ ਵਾਂਗ ਸਭ ਸੰਪਰਦਾਵਾਂ, ਸਭਾ ਸੁਸਾਇਟੀਆਂ ਤੇ ਸਿੰਘ ਸਭਾਵਾਂ ਆਪੋ ਆਪਣੀ ਸੰਸਥਾ ਦੇ ਵਿੱਚ ਵਾਤਾਵਰਨ ਨੂੰ ਕੁਦਰਤੀ ਬਣਾਉਣ ਲਈ ਹੋਰ ਉਪਰਾਲੇ ਕਰਨ।ਗੁਰਦੁਆਰਾ ਸਾਹਿਬਾਨ ਵਿਚ ਸਾਫ਼ ਸਫਾਈ ਅਤੇ ਵਾਤਾਵਰਨ ਅਨੁਕੂਲ ਰੁੱਖ ਆਦਿਕ ਲਗਾਏ ਜਾਣ। ਬਿਬੇਕ, ਸੰਜਮ, ਦੂਰ-ਅੰਦੇਸ਼ੀ ਅਤੇ ਗੰਭੀਰ-ਈਮਾਨਦਾਰ ਉਪਰਾਲਿਆਂ ਨਾਲ ਹੀ ਹਰ ਦੀਵਾਲੀ ਤੇ ਬੰਦੀ ਛੋੜ ਦਿਵਸ ਵਧੇਰੇ ਖੁਸ਼ੀਆਂ ਭਰੇ ਹੋ ਸਕਦੇ ਹਨ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹ ੮ ਕੱਤਕ, ਸੰਮਤ ਠਾਕਸ਼ਾਹੀ ੫੫੪ (24 ਅਕਤੂਬਰ, 2022) ਗੁਰੂ-ਪੰਥ ਦਾ ਦਾਸ (ਹਰਪ੍ਰੀਤ ਸਿੰਘ) ਕਾਰਜਕਾਰੀ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ।

Top News view more...

Latest News view more...

PTC NETWORK