ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸਿਮਰਨਜੀਤ ਸਿੰਘ ਮਾਨ ਨੂੰ ਭੇਜਿਆ ਸੰਦੇਸ਼
ਪਟਿਆਲਾ : ਪਟਿਆਲਾ ਜੇਲ੍ਹ 'ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ਸੰਦੇਸ਼ ਭੇਜਿਆ ਹੈ। ਆਪਣੇ ਸੰਦੇਸ਼ ਵਿਚ ਭਾਈ ਰਾਜੋਆਣਾ ਨੇ ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਉਨ੍ਹਾਂ ਦੀ ਭੈਣ ਬੀਬੀ ਕਮਲਦੀਪ ਕੌਰ ਦਾ ਸਾਥ ਦੇਣ ਦੀ ਅਪੀਲ ਕੀਤੀ ਤਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਕੌਮੀ ਕਾਰਜ ਦੀ ਆਵਾਜ਼ ਨੂੰ ਦਿੱਲੀ ਤੱਕ ਪਹੁੰਚਾਇਆ ਜਾ ਸਕੇ। ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਭੇਜਿਆ ਗਿਆ ਸੰਦੇਸ਼ : ਸਭ ਤੋਂ ਪਹਿਲਾਂ ਮੈਂ ਸਮੁੱਚੇ ਖ਼ਾਲਸਾ ਪੰਥ ਦੀ ਅਤੇ ਸਭ ਧਰਮਾਂ ਵਰਗਾਂ ਦੇ ਲੋਕਾਂ ਦੀ ਚੜ੍ਹਦੀ ਕਲਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ। ਖ਼ਾਲਸਾ ਜੀ ਜੂਨ 1984 ਅਤੇ ਨਵੰਬਰ 1984 ਨੂੰ ਦਿੱਲੀ ਦੇ ਤਖ਼ਤ ਉਤੇ ਬੈਠੇ ਉਸ ਸਮੇਂ ਦੇ ਕਾਂਗਰਸੀ ਹੁਕਮਰਾਨਾਂ ਨੇ ਜੋ ਜ਼ਖ਼ਮ ਸਿੱਖ ਮਾਨਸਿਕਤਾ ਨੂੰ ਦਿੱਤੇ ਉਨ੍ਹਾਂ ਦੀ ਪੀੜ ਅੱਜ 38 ਸਾਲਾਂ ਬਾਅਦ ਵੀ ਹਰ ਸੱਚਾ ਸਿੱਖ ਤੇ ਸੱਚ ਨੂੰ ਪਿਆਰ ਕਰਨ ਵਾਲਾ ਹਰ ਵਿਅਕਤੀ ਅੱਜ ਵੀ ਆਪਣੇ ਅੰਦਰ ਮਹਿਸੂਸ ਕਰਦਾ ਹੈ। ਕਿਵੇਂ ਸਾਡੇ ਧਾਰਮਿਕ ਅਸਥਾਨਾਂ ਨੂੰ ਟੈਂਕਾਂ ਤੋਪਾਂ ਨਾਲ ਢਹਿ ਢੇਰੀ ਕੀਤਾ ਗਿਆ, ਕਿਵੇਂ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਫਿਰ ਸਿੱਖਾਂ ਨੂੰ ਇਨਸਾਫ਼ ਦੇਣ ਤੋਂ ਮੁਨਕਰ ਹੋ ਕੇ ਸਿੱਖਾਂ ਨੂੰ ਇਸ ਦੇਸ਼ ਵਿੱਚ ਬੇਗਾਨਗੀ ਦਾ ਅਹਿਸਾਸ ਕਰਵਾਇਆ ਗਿਆ। ਸਾਡੇ ਗੁਰੂ ਸਹਿਬਾਨ ਜੀ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਜ਼ੁਲਮ ਕਰਨਾ ਪਾਪ ਹੈ ਅਤੇ ਜ਼ੁਲਮ ਸਹਿਣਾ ਉਸ ਤੋਂ ਵੀ ਵੱਡਾ ਪਾਪ ਹੈ ਜ਼ੁਲਮ ਦੇ ਖ਼ਿਲਾਫ਼ ਲੜਨ ਦੀ ਪ੍ਰੇਰਨਾ ਸਾਨੂੰ ਨੀਂਹਾਂ ਵਿੱਚ ਅਡੋਲ ਖੜ੍ਹੇ ਸਾਹਿਬਜ਼ਾਦਿਆਂ ਤੋਂ ਮਿਲਦੀ ਹੈ। ਚਮਕੌਰ ਦੀ ਗੜ੍ਹੀ ਦੇ ਬਾਹਰ ਜੂਝ ਕੇ ਸ਼ਹੀਦ ਹੋਏ ਸਾਹਿਬਜ਼ਾਦਿਆਂ ਤੋਂ ਮਿਲਦੀ ਹੈ। ਸ੍ਰੀ ਦਰਬਾਰ ਸਾਹਿਬ ਜੀ ਦੀ ਪਰਕਰਮਾਂ ਵਿਚ ਸੀਸ ਤਲੀ 'ਤੇ ਰੱਖ ਕੇ ਸ਼ਹੀਦ ਹੋਏ ਬਾਬਾ ਦੀਪ ਸਿੰਘ ਜੀ ਤੋਂ ਮਿਲਦੀ ਹੈ। ਸੰਘਰਸ਼ ਦੇ ਦੌਰਾਨ ਅਸੀਂ ਜੋ ਵੀ ਕੀਤਾ ਉਹ ਜ਼ੁਲਮ ਨੂੰ ਰੋਕਣ ਦੇ ਲਈ ਕੌਮ ਦੇ ਵਡਮੁੱਲੇ ਹਿੱਤਾਂ ਨੂੰ ਮੁੱਖ ਰੱਖ ਕੇ ਕੀਤਾ ਸਾਡਾ ਸੰਘਰਸ਼ ਕਿਸੇ ਧਰਮ ਜਾਂ ਵਰਗ ਦੇ ਖ਼ਿਲਾਫ਼ ਨਹੀਂ ਸੀ, ਸਾਡਾ ਸੰਘਰਸ਼ ਤਾਂ ਕਾਂਗਰਸ ਵੱਲੋਂ ਸੱਤਾ ਪ੍ਰਾਪਤ ਕਰਨ ਲਈ ਸਿੱਖ ਕੌਮ ਤੇ ਕੀਤੇ ਜਾ ਰਹੇ ਜ਼ੁਲਮਾਂ ਅਤੇ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਦੇ ਖ਼ਿਲਾਫ਼ ਸੀ। ਅਸੀਂ ਸਾਰੇ ਧਰਮਾਂ ਵਰਗਾਂ ਦਾ ਸਤਿਕਾਰ ਕਰਦੇ ਹਾਂ। ਖ਼ਾਲਸਾ ਜੀ ਕੌਮ ਦੇ ਮਾਨ ਸਨਮਾਨ ਲਈ 25-25 30-30 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਮੇਂ ਸਮੇਂ ਤੇ ਪੰਥਕ ਜਥੇਬੰਦੀਆਂ ਸੰਘਰਸ਼ ਕਰਦੀਆਂ ਰਹੀਆਂ ਹਨ। ਸਾਰੇ ਹੀ ਬੰਦੀ ਸਿੰਘ ਆਪਣੀਆਂ ਬਣਦੀਆਂ ਸਜ਼ਾਵਾਂ ਤੋਂ ਕਿਤੇ ਵੱਧ ਸਜ਼ਾਵਾਂ ਕੱਟ ਚੁੱਕੇ ਹਨ। ਪੰਥਕ ਜਥੇਬੰਦੀਆਂ ਵੱਲੋਂ ਬੰਦੀ ਸਿੰਘਾਂ ਦੇ ਇਨਸਾਫ਼ ਲਈ ਕੀਤੀ ਹੋਈ ਕੋਈ ਵੀ ਪੁਕਾਰ ਮੌਜੂਦਾ ਹੁਕਮਰਾਨਾਂ ਦੇ ਕੰਨਾਂ ਨੂੰ ਸੁਣਾਈ ਨਹੀ ਦਿੰਦੀ। ਜੇਕਰ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲ ਵੀ 25-25 30-30 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹੁੰਦੇ ਤਾਂ ਅਸੀਂ ਵੀ ਸਬਰ ਕਰ ਲੈਂਦੇ ਇਨ੍ਹਾਂ ਬੇਇਨਸਾਫੀਆਂ ਦੇ ਵਿਰੁੱਧ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਉਠਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਤੇ ਸਾਰੀਆਂ ਪੰਥਕ ਧਿਰਾਂ ਨੇ ਇਕੱਠੇ ਹੋ ਕੇ ਸਾਂਝਾ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਸਾਰੀਆਂ ਹੀ ਪੰਥਕ ਧਿਰਾਂ ਨੇ ਜਥੇਬੰਦੀਆਂ ਨੇ 23 ਜੂਨ ਨੂੰ ਸੰਗਰੂਰ ਲੋਕ ਸਭਾ ਹਲਕੇ ਦੀ ਹੋ ਰਹੀ ਜ਼ਿਮਨੀ ਚੋਣ ਲਈ ਸਾਂਝਾ ਉਮੀਦਵਾਰ ਬਣਨ ਲਈ ਮੇਰੀ ਭੈਣ ਬੀਬੀ ਕਮਲਦੀਪ ਕੌਰ ਨੂੰ ਬੇਨਤੀ ਕੀਤੀ ਸੀ, ਮੇਰੀ ਭੈਣ ਨੇ ਆਜ਼ਾਦ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਖ਼ਾਲਸਾ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਰੀਆਂ ਪੰਥਕ ਧਿਰਾਂ ਦੇ ਸਹਿਯੋਗ ਨਾਲ ਉਮੀਦਵਾਰ ਬਣਨਾ ਸਵੀਕਾਰ ਕੀਤਾ ਹੈ ਤਾਂ ਕਿ ਇਸ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਬਲ ਮਿਲ ਸਕੇ ਅਤੇ ਇਨਸਾਫ ਦੀ ਇਸ ਆਵਾਜ਼ ਨੂੰ ਦਿੱਲੀ ਤੱਕ ਪਹੁੰਚਾਇਆ ਜਾ ਸਕੇ। ਖ਼ਾਲਸਾ ਜੀ ਮੈਂ ਸੰਗਰੂਰ ਤੋਂ ਲੋਕ ਸਭਾ ਚੋਣ ਲੜ ਰਹੇ ਸਿੱਖ ਕੌਮ ਦੇ ਸੀਨੀਅਰ ਆਗੂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਹੋਣਾ ਨੂੰ ਵੀ ਇਹ ਬੇਨਤੀ ਕਰਦਾ ਹਾਂ ਕਿ ਤੁਸੀਂ ਜੇਲ੍ਹ ਵਿਚਲੇ ਜੀਵਨ ਦੇ ਦੁੱਖ ਦਰਦ ਨੂੰ ਅਤੇ ਬੰਦੀ ਸਿੰਘਾਂ ਦੇ ਪਰਿਵਾਰਾਂ ਦੇ ਦਰਦ ਨੂੰ ਬਹੁਤ ਚੰਗੀ ਤਰ੍ਹਾਂ ਮਹਿਸੂਸ ਕਰਦੇ ਹੋ ਕਿਉਂਕਿ ਤੁਸੀਂ ਇਹ ਸਾਰੇ ਦਰਦ ਖ਼ੁਦ ਕੁਝ ਸਮੇਂ ਲਈ ਮਹਿਸੂਸ ਕੀਤੇ ਹਨ। ਮਾਨ ਸਾਹਬ ਜੀ ਜਿਵੇਂ ਆਪ ਜੀ ਨੂੰ ਲੋਕਾਂ ਨੇ ਆਪਣੀ ਲੋਕਤੰਤਰੀ ਸ਼ਕਤੀ ਰਾਹੀਂ ਤੁਹਾਨੂੰ ਵੋਟਾਂ ਪਾ ਕੇ ਜੇਲ੍ਹ ਵਿਚੋਂ ਰਿਹਾਅ ਕਰਵਾਇਆ ਸੀ ਹੁਣ ਤੁਸੀਂ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮ ਦੇ ਵੱਡਮੁੱਲੇ ਹਿੱਤਾਂ ਨੂੰ ਮੁੱਖ ਰੱਖ ਕੇ ਇਨ੍ਹਾਂ ਚੋਣਾਂ ਵਿਚ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਮੇਰੀ ਭੈਣ ਬੀਬੀ ਕਮਲਦੀਪ ਕੌਰ ਦਾ ਸਾਥ ਦਿਓ ਤਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਕੌਮੀ ਕਾਰਜ ਦੀ ਆਵਾਜ਼ ਨੂੰ ਦਿੱਲੀ ਤੱਕ ਪਹੁੰਚਾਇਆ ਜਾ ਸਕੇ। ਮੈਂ ਸੰਗਰੂਰ ਲੋਕ ਸਭਾ ਹਲਕੇ ਦੇ ਸਾਰੇ ਧਰਮਾਂ ਵਰਗਾਂ ਦੇ ਲੋਕਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਚੋਣਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਹਰ ਵਾਰ ਸਾਰੀਆਂ ਰਾਜਨੀਤਿਕ ਪਾਰਟੀਆਂ ਤੁਹਾਡੇ ਨਾਲ ਤੁਹਾਡੇ ਦੁੱਖ ਦਰਦ ਦੂਰ ਕਰਨ ਦੇ ਵੱਡੇ ਵੱਡੇ ਵਾਅਦੇ ਕਰਕੇ ਤੁਹਾਨੂੰ ਭਰਮਾ ਕੇ ਤੁਹਾਡੀਆਂ ਵੋਟਾਂ ਹਾਸਲ ਕਰਦੀਆਂ ਹਨ ਨਾ ਤਾਂ ਅੱਜ ਤਕ ਕਿਸੇ ਸਿਆਸੀ ਪਾਰਟੀ ਦੇ ਵਾਅਦੇ ਹੀ ਪੂਰੇ ਹੋਏ ਹਨ ਅਤੇ ਨਾ ਹੀ ਤੁਹਾਡੇ ਦੁੱਖ ਦਰਦ ਦੂਰ ਹੋਏ ਹਨ। ਵੋਟਾਂ ਤੋਂ ਬਾਅਦ ਤੁਹਾਨੂੰ ਫਿਰ ਤੋਂ ਧਰਨੇ ਮੁਜ਼ਾਹਰੇ ਕਰਨ ਲਈ ਸੜਕਾਂ ਤੇ ਲਾਵਾਰਿਸ ਛੱਡ ਦਿੱਤਾ ਜਾਂਦਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਇਨ੍ਹਾਂ ਚੋਣਾਂ ਵਿੱਚ ਤੁਸੀਂ ਕਿਸੇ ਰਾਜਨੀਤਿਕ ਪਾਰਟੀ ਦੇ ਤੁਹਾਡੇ ਨਾਲ ਕੀਤੇ ਵਾਅਦੇ ਪੂਰੇ ਹੋਣ ਦੀ ਆਸ ਲਈ ਨਹੀਂ ਸਗੋਂ ਸੱਚ ਲਈ, ਇਨਸਾਫ ਲਈ ਵੋਟ ਕਰਨਾ ਸਾਰੀਆਂ ਹੀ ਪੰਥਕ ਧਿਰਾਂ ਅਤੇ ਧਾਰਮਿਕ ਜਥੇਬੰਦੀਆਂ ਦੀ ਸਾਂਝੀ ਉਮੀਦਵਾਰ ਮੇਰੀ ਭੈਣ ਬੀਬੀ ਕਮਲਦੀਪ ਕੌਰ ਦੇ ਹੱਕ ਵਿੱਚ ਵੋਟ ਕਰਨਾ ਸੱਚ ਲਈ, ਇਨਸਾਫ ਲਈ ਤੁਹਾਡੇ ਵੱਲੋਂ ਕੀਤੀ ਹੋਈ ਇਕ ਇਕ ਵੋਟ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਹਾਡੇ ਵੱਲੋਂ ਹਾਅ ਦਾ ਨਾਅਰਾ ਹੋਵੇਗਾ ਜਿਹੜੇ 25-25, 30-30 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ। ਤੁਸੀਂ ਯਕੀਨ ਕਰਨਾ ਸੱਚ ਲਈ ਇਨਸਾਫ਼ ਲਈ ਵੋਟ ਕਰਨ ਨਾਲ ਜੋ ਤੁਹਾਨੂੰ ਰੂਹਾਨੀ ਖ਼ੁਸ਼ੀ ਮਿਲੇਗੀ ਉਹ ਤੁਸੀਂ ਪਹਿਲਾਂ ਕਦੇ ਮਹਿਸੂਸ ਨਹੀਂ ਕੀਤੀ ਹੋਣੀ। ਬਿਲਕੁਲ ਹਲਕੇ ਅਤੇ ਅਨੰਦ ਮਹਿਸੂਸ ਕਰੋਗੇ। ਸਾਡੇ ਜੀਵਨ ਹਮੇਸ਼ਾ ਤੁਹਾਡੀ ਸੇਵਾ ਨੂੰ ਅਤੇ ਚੜ੍ਹਦੀ ਕਲਾ ਨੂੰ ਸਮਰਪਤ ਰਹਿਣਗੇ। ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਰਾਹੁਲ ਗਾਂਧੀ, ਪਟਿਆਲਾ 'ਚ 15 ਮਿੰਟ ਤੱਕ ਭਟਕਿਆ ਰਾਹੁਲ ਗਾਂਧੀ ਦਾ ਕਾਫ਼ਲਾ