ਸੰਯੁਕਤ ਕਿਸਾਨ ਮੋਰਚੇ ਦੀਆਂ 31 ਜਥੇਬੰਦੀਆਂ ਵੱਲੋਂ ਮੀਟਿੰਗ, 5 ਅਹਿਮ ਮੁੱਦਿਆਂ 'ਤੇ ਸੁਣਾਇਆ ਫ਼ੈਸਲੇ
ਫਗਵਾੜਾ, 25 ਅਗਸਤ: ਸੰਯੁਕਤ ਕਿਸਾਨ ਮੋਰਚੇ ਦੀਆਂ 31 ਜਥੇਬੰਦੀਆਂ ਦੀ ਅੱਜ ਫਗਵਾੜਾ ਸਥਿਤ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਇੱਕ ਅਹਿਮ ਮੀਟਿੰਗ ਹੋਈ। ਇਹ ਮੀਟਿੰਗ ਬੂਟਾ ਸਿੰਘ ਬੁਰਜ ਗਿੱਲ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਦੌਰਾਨ 5 ਅਹਿਮ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਮਗਰੋਂ ਫ਼ੈਸਲੇ ਲਏ ਗਏ। ਇਸ ਮੌਕੇ ਗੱਲਬਾਤ ਕਰਦਿਆਂ ਬੂਟਾ ਸਿੰਘ ਬੁਰਜ ਗਿੱਲ, ਕੁਲਵੰਤ ਸਿੰਘ ਸੰਧੂ, ਸਤਨਾਮ ਸਿੰਘ ਸਾਹਨੀ, ਅਵਤਾਰ ਸਿੰਘ ਮੇਹਲੋਂ, ਬਖ਼ਤਾਵਰ ਸਿੰਘ, ਨਿਰਵੈਰ ਸਿੰਘ ਢੂਡੀਕੇ, ਜਗਸੀਰ ਸਿੰਘ ਅਤੇ ਹਰਮਿੰਦਰ ਸਿੰਘ ਨੇ ਦੱਸਿਆ ਕਿ ਮੀਟਿੰਗ ਦਾ ਮੁੱਖ ਏਜੰਡਾ ਲੰਪੀ ਸਕਿਨ ਬਿਮਾਰੀ ਰਹੀ। ਉਨ੍ਹਾਂ ਕਿਹਾ ਕਿ ਚੱਲ ਰਹੀ ਬਿਮਾਰੀ ਨੂੰ ਪੰਜਾਬ ਸਰਕਾਰ ਮਹਾਂਮਾਰੀ ਐਲਾਨੇ ਅਤੇ ਨਾਲ ਹੀ ਜੋ ਪਸ਼ੂ ਮਰੇ ਹਨ ਉਨ੍ਹਾਂ ਦੇ ਕਿਸਾਨ ਮਲਿਕਾ ਨੂੰ 1 ਲੱਖ ਰੁਪਏ ਮੁਆਵਜ਼ੇ ਦੇ ਤੋਰ 'ਤੇ ਦਿੱਤੇ ਜਾਣ। ਇਸ ਦੇ ਨਾਲ ਹੀ ਜੋ ਪਸ਼ੂ ਇਸ ਬਿਮਾਰੀ ਦੀ ਲਪੇਟ ਵਿੱਚ ਆਏ ਹੋਏ ਹਨ ਸਰਕਾਰ ਉਨ੍ਹਾਂ ਲਈ 50 ਹਜ਼ਾਰ ਰੁਪਏ ਪ੍ਰਤੀ ਪਸ਼ੂ ਇਲਾਜ ਲਈ ਦੇਵੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜਿਹੜੇ ਪਸ਼ੂ ਇਸ ਬਿਮਾਰੀ ਨਾਲ ਮਰ ਰਹੇ ਹਨ ਉਨ੍ਹਾਂ ਨੂੰ ਦਫ਼ਨਾਉਣ ਲਈ ਸਰਕਾਰ ਜਗਾ ਮੁਹੱਈਆ ਕਰਵਾਏ ਨਹੀਂ ਤਾਂ ਇਹ ਬਿਮਾਰੀ ਹੋਰ ਵੱਧ ਸਕਦੀ ਹੈ। ਫਗਵਾੜਾ ਵਿਖੇ ਧਰਨੇ ਸਬੰਧੀ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਇਹ ਧਰਨਾ ਨਿਰੰਤਰ ਚੱਲ ਦਾ ਰਹੇਗਾ। ਸਰਕਾਰ ਨੇ ਜੋ 30 ਅਗਸਤ ਤੱਕ ਦਾ ਸਮਾਂ ਲਿਆ ਹੈ ਉਸ ਵਿੱਚ ਅਗਰ ਕੋਈ ਹੱਲ ਨਹੀਂ ਨਿਕਲਦਾ ਤਾਂ 5 ਸਤੰਬਰ ਨੂੰ ਸਮੂਹ ਜਥੇਬੰਦੀਆਂ ਦੀ ਮੀਟਿੰਗ ਕਰ ਕੇ ਸਰਕਾਰ ਨੂੰ 2 ਮਹੀਨੇ ਦਾ ਸਮਾਂ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਚੰਡੀਗੜ੍ਹ ਵਿਖੇ ਦਿੱਲੀ ਵਾਂਗ ਪੱਕਾ ਮੋਰਚਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 4 ਸਤੰਬਰ ਨੂੰ ਐੱਸ.ਕੇ.ਐੱਮ ਦੀ ਦਿੱਲੀ ਵਿਖੇ ਮੀਟਿੰਗ ਹੋ ਰਹੀ ਹੈ ਤੇ 5 ਸਤੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਸੂਬੇ ਦੇ ਸਾਰੇ ਹੀ ਮੰਤਰੀਆਂ ਅਤੇ ਵਿਧਾਇਕ ਦੇ ਘਰਾਂ ਜਾਂ ਦਫ਼ਤਰਾਂ ਦੇ ਬਾਹਰ ਘੇਰਾਉ ਕਰ ਕੇ ਆਪਣੀ ਮੰਗਾਂ ਲਈ ਚਿਤਾਵਨੀ ਪੱਤਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਦਰਿਆ ਵਿੱਚ ਪਾਏ ਜਾ ਰਹੇ ਗੰਦਲੇ ਪਾਣੀ ਦਾ ਮੁੱਦਾ ਵੀ ਉਜਾਗਰ ਕੀਤਾ ਗਿਆ। ਕਿਸਾਨ ਜਥੇਬੰਦੀਆਂ ਦੇ ਨੁੰਮਾਦਿਆਂ ਨੇ ਕਿਹਾ ਕਿ ਸੂਬੇ ਭਰ ਵਿੱਚ ਜਿੰਨੇ ਵੀ ਧਰਨੇ ਚੱਲ ਰਹੇ ਹਨ ਉਸ ਨੂੰ ਐੱਸ.ਕੇ.ਐੱਮ ਪੂਰਾ ਸਮਰਥਨ ਦੇ ਰਿਹਾ ਹੈ ਅਤੇ ਇਨ੍ਹਾਂ ਧਰਨਿਆਂ ਵਿੱਚ ਕਿਸਾਨਾਂ ਦੇ ਜਥੇ ਵੀ ਸ਼ਾਮਿਲ ਹੋਣਗੇ। -PTC News