MC elections result 2021: ਭਾਜਪਾ ਦੀ ਸਰਬਜੀਤ ਕੌਰ ਬਣੀ ਚੰਡੀਗੜ੍ਹ ਦੀ ਮੇਅਰ
Chandigarh MC elections result 2021: ਚੰਡੀਗੜ੍ਹ ਮੇਅਰ ਚੋਣ ਵਿੱਚ ਭਾਜਪਾ ਨੇ ਇੱਕ ਵਾਰ ਫਿਰ ਜਿੱਤ ਦਰਜ ਕੀਤੀ ਹੈ। ਭਾਰਤੀ ਜਨਤਾ ਪਾਰਟੀ ਦੀ ਸਰਬਜੀਤ ਕੌਰ 14 ਵੋਟਾਂ ਨਾਲ ਚੰਡੀਗੜ੍ਹ ਨਗਰ ਨਿਗਮ ਦੀ ਨਵੀਂ ਮੇਅਰ ਚੁਣੀ ਗਈ ਹੈ। ਜਾਣਕਾਰੀ ਅਨੁਸਾਰ ਸਰਬਜੀਤ ਕੌਰ 14 ਵੋਟਾਂ ਨਾਲ ਜਿੱਤ ਕੇ ਚੰਡੀਗੜ੍ਹ ਦੀ ਨਵੀਂ ਮੇਅਰ ਬਣ ਗਈ ਹੈ। ਉੱਥੇ ਹੀ ਆਪ ਅਤੇ ਭਾਜਪਾ ਵਰਕਰਾਂ ਵਿਚ ਇਸ ਮੌਕੇ ਹੰਗਾਮਾ ਵੀ ਵੇਖਣ ਨੂੰ ਮਿਲਿਆ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਵੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ 'ਆਪ' ਉਮੀਦਵਾਰ ਨੂੰ 13 ਵੋਟਾਂ ਮਿਲੀਆਂ ਹਨ।
ਜ਼ਿਕਰਯੋਗ ਹੈ ਇਸ ਦੌਰਾਨ ਇਕ ਬੈਲਟ ਪੇਪਰ ਫੱਟਿਆ ਮਿਲਿਆ ਜਿਸ ਦਾ ਆਪ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਭਾਜਪਾ ਦੀ ਸਬਜੀਤ ਕੌਰ ਨੂੰ ਸਭ ਤੋਂ ਜ਼ਿਆਦਾ 14 ਵੋਟਾਂ ਪਈਆਂ, ਆਮ ਆਦਮੀ ਪਾਰਟੀ ਦੀ ਅੰਜੂ ਕਤਿਆਲਾ ਨੂੰ 13 ਜਦਕਿ ਇਕ ਵੋਟ ਰੱਦ ਹੋ ਗਈ। ਸਭ ਤੋਂ ਪਹਿਲਾਂ ਸੰਸਦ ਮੈਂਬਰ ਕਿਰਨ ਖੇਰ ਨੇ ਆਪਣੀ ਵੋਟ ਪਾਈ ਪਰ ਆਮ ਆਦਮੀ ਪਾਰਟੀ ਨੇ ਉਨ੍ਹਾਂ ਦੀ ਵੋਟ ਪਾਉਣ ਦਾ ਵਿਰੋਧ ਕੀਤਾ। ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਚੁਣੇ ਜਾਂਦੇ ਹਨ। ਇਸ ਦੇ ਨਾਲ ਹੀ ਨਵੇਂ ਮੇਅਰ ਦੀ ਨਿਯੁਕਤੀ ਦੇ ਨਾਲ ਹੀ ਸ਼ਹਿਰ ਵਿੱਚ ਪਿਛਲੇ 15 ਦਿਨਾਂ ਤੋਂ ਚੱਲ ਰਹੀ ਸਿਆਸੀ ਉਥਲ-ਪੁਥਲ ਨੂੰ ਠੱਲ੍ਹ ਪਾਈ ਗਈ। 'ਆਪ' ਅਤੇ ਭਾਜਪਾ ਵਿਚਾਲੇ ਸਖ਼ਤ ਟੱਕਰ ਸੀ।
ਭਾਜਪਾ-ਆਪ ਦੇ 14 ਕੌਂਸਲਰ ਸਨ। ਸੰਸਦ ਮੈਂਬਰ ਕਿਰਨ ਖੇਰ ਅਤੇ ਹਰਪ੍ਰੀਤ ਕੌਰ ਬਬਲਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਭਾਜਪਾ ਕੋਲ 14 ਕੌਂਸਲਰ ਹੋ ਗਏ ਸਨ। ਕਾਂਗਰਸ ਅਤੇ ਅਕਾਲੀ ਦਲ ਨੇ ਚੋਣਾਂ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। 1 ਜਨਵਰੀ ਨੂੰ ਸਾਰੇ ਨਵੇਂ 35 ਕੌਂਸਲਰਾਂ ਨੇ ਵੀ ਸਹੁੰ ਚੁੱਕ ਲਈ ਹੈ।
ਆਮ ਆਦਮੀ ਪਾਰਟੀ ਪਹਿਲੀ ਵਾਰ ਨਗਰ ਨਿਗਮ ਚੋਣਾਂ ਵਿਚ ਉਤਰੀ ਅਤੇ ਵੱਡੀ ਪਾਰਟੀ ਬਣ ਕੇ ਉਭਰੀ। ਆਪ ਨੇ 14, ਭਾਜਪਾ ਨੇ 12, ਕਾਂਗਰਸ ਨੇ 8 ਅਤੇ ਅਕਾਲੀ ਦਲ ਨੇ ਇੱਕ ਸੀਟ ਜਿੱਤੀ ਹੈ। ਕਾਂਗਰਸ ਪ੍ਰਧਾਨ ਨਾਲ ਵਿਵਾਦ ਕਾਰਨ ਦਵਿੰਦਰ ਸਿੰਘ ਬਬਲਾ ਨੂੰ ਪਾਰਟੀ ਨੇ ਬਾਹਰ ਦਾ ਰਸਤਾ ਦਿਖਾਇਆ ਤਾਂ ਉਹ ਆਪਣੀ ਨਵੀਂ ਚੁਣੀ ਕੌਂਸਲਰ ਪਤਨੀ ਹਰਪ੍ਰੀਤ ਕੌਰ ਬਬਲਾ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਨਾਲ ਕਾਂਗਰਸ ਦੇ 7 ਕੌਂਸਲਰ ਅਤੇ ਭਾਜਪਾ ਦੇ 13 ਕੌਂਸਲਰ ਹੀ ਰਹਿ ਗਏ ਪਰ ਚੋਣ ਜਿੱਤਣ ਦੇ ਬਾਵਜੂਦ 'ਆਪ' ਮੇਅਰ ਦੀ ਚੋਣ 'ਚ ਹਾਰ ਤੋਂ ਬੌਖਲਾ ਗਈ ਹੈ।
-PTC News