ਯੂਕਰੇਨ ਤੋਂ ਐਮਬੀਬੀਐਸ ਦੀ ਵਿਦਿਆਰਥਣ ਸਹੀ-ਸਲਾਮਤ ਘਰ ਪੁੱਜੀ
ਚੰਡੀਗੜ੍ਹ : ਰੂਸ ਵੱਲੋਂ ਯੂਕਰੇਨ ਉਤੇ ਕੀਤੇ ਗਏ ਹਮਲੇ ਕਾਰਨ ਉਥੇ ਦੇ ਹਾਲਾਤ ਕਾਫੀ ਭਿਆਨਕ ਹੋ ਚੁੱਕੇ ਹਨ। ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਯੂਕਰੇਨ ਵਿਚ ਫਸੇ ਹੋਏ ਹਨ। ਭਾਰਤ ਸਰਕਾਰ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਕੱਢਣ ਲਈ ਆਪ੍ਰੇਸ਼ਨ ਗੰਗਾ ਸ਼ੁਰੂ ਕੀਤਾ ਹੋਇਆ ਹੈ।
ਇਸ ਤਹਿਤ ਸੈਂਕੜੇ ਭਾਰਤੀ ਸਹੀ ਸਲਾਮਤ ਆਪਣੇ ਘਰ ਪੁੱਜ ਗਏ ਹਨ। ਇਹ ਮੁਹਿੰਮ ਅਜੇ ਜਾਰੀ ਹੈ ਕਿਉਂਕਿ ਉਥੇ ਹੋਰ ਭਾਰਤੀ ਫਸੇ ਹੋਏ ਹਨ। ਇਸ ਮੁਹਿੰਮ ਤਹਿਤ ਯੂਕਰੇਨ ਵਿਚ ਐਮਬੀਬੀਐਸ ਦੀ ਪੜ੍ਹਾਈ ਕਰ ਰਹੀ ਵੰਸ਼ਿਕਾ ਪੰਡਿਤ ਵੀ ਅੱਜ ਫਰੀਦਾਬਾਦ ਆਪਣੇ ਘਰ ਪਰਤੀ ਤਾਂ ਮਾਪਿਆਂ ਦੀ ਖ਼ੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ।
ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ। ਭਾਰਤ ਸਰਕਾਰ ਦੀ ਚਾਰਾਜ਼ੋਈ ਨਾਲ ਪਰਤੀ ਵੰਸ਼ਿਕਾ ਪੰਡਿਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਏਅਰ ਇੰਡੀਆ ਦਾ ਧੰਨਵਾਦ ਕੀਤਾ। ਵੰਸ਼ਿਕਾ ਨੇ ਉਥੇ ਦੇ ਹਾਲਾਤ ਵੀ ਬਿਆਨ ਕੀਤੇ। ਉਨ੍ਹਾਂ ਦੱਸਿਆ ਕਿ ਉਥੇ ਹਾਲਾਤ ਕਾਫੀ ਭਿਆਨਕ ਹਨ ਤੇ ਹਰ ਕੋਈ ਡਰਿਆ ਹੋਇਆ ਹੈ। ਸੜਕ ਮਾਰਗ ਰਾਹੀਂ ਉਹ ਰੋਮਾਨੀਆ ਸਰਹੱਦ ਉਤੇ ਪੁੱਜੇ। ਉਥੇ ਏਅਰ ਇੰਡੀਆ ਦਾ ਜਹਾਜ਼ ਮੌਜੂਦ ਸੀ।
ਬੋਰਡਿੰਗ ਤੋਂ ਬਾਅਦ ਜਦ ਉਹ ਜਹਾਜ਼ ਵਿਚ ਬੈਠੇ ਸਾਰਿਆਂ ਨੇ ਸੁੱਖ ਦਾ ਸਾਹ ਲਿਆ ਅਤੇ ਫਿਰ ਸਵੇਰੇ 4 ਵਜੇ ਦਿੱਲੀ ਪੁੱਜੇ ਜਿਥੇ ਜੋਤੀਰਾਦਿੱਤਿਆ ਸਿੰਧੀਆ ਨੇ ਉਨ੍ਹਾਂ ਦਾ ਸਵਾਗਤ ਕੀਤਾ। ਵਿਦਿਆਰਥਣ ਵੰਸ਼ਿਕਾ ਦੇ ਮਾਤਾ-ਪਿਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਆਪ੍ਰੇਸ਼ਨ ਗੰਗਾ ਦੀ ਸ਼ਲਾਘਾ ਵੀ ਕੀਤੀ ਜਿਸ ਤਹਿਤ ਸਹੀ-ਸਲਾਮਤ ਵਿਦਿਆਰਥੀ ਘਰ ਪੁੱਜ ਰਹੇ ਹਨ।
ਇਹ ਵੀ ਪੜ੍ਹੋ : ਖਾਰਕਿਵ ਵਿੱਚ ਗੋਲੀਬਾਰੀ ਦੌਰਾਨ ਇੱਕ ਭਾਰਤੀ ਵਿਦਿਆਰਥੀ ਦੀ ਮੌਤ