ਪੀ.ਐਲ.ਸੀ ਵੱਲੋਂ ਭਾਜਪਾ ’ਚ ਰਲੇਵੇਂ ਦੀਆਂ ਖ਼ਬਰਾਂ ਦੀ ਮੇਅਰ ਸੰਜੀਵ ਬਿੱਟੂ ਨੇ ਕੀਤੀ ਪੁਸ਼ਟੀ
ਪਟਿਆਲਾ, 16 ਸਤੰਬਰ: ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਦਾ ਭਾਰਤੀ ਜਨਤਾ ਪਾਰਟੀ ਵਿਚ ਰਲੇਵਾਂ ਹੋਵੇਗਾ। 19 ਸਤੰਬਰ ਸੋਮਵਾਰ ਨੂੰ ਦਿੱਲੀ ਵਿਚ ਭਾਜਪਾ ਦੇ ਸੀਨੀਅਰ ਆਗੂਆਂ ਦੀ ਅਗਵਾਈ ਹੇਠ ਕੈਪਟਨ ਅਮਰਿੰਦਰ ਸਿੰਘ ਤੇ ਉਨਾਂ ਦੀ ਸਾਰੀ ਟੀਮ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਜਾਵੇਗੀ। ਇਸ ਬਾਰੇ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਦੇ ਹਿੱਤ ਵਿਚ ਫੈਸਲਾ ਕੀਤਾ ਗਿਆ ਹੈ। ਪੰਜਾਬ ਦਾ ਹਿੱਤ ਕੇਂਦਰ ਦੇ ਨਾਲ ਮਿਲ ਕੇ ਅੱਗੇ ਵਧਣ ਵਿਚ ਹੈ। ਇੱਥੇ ਮੌਜੂਦ ਪੀ.ਐਲ.ਸੀ ਆਗੂ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਵੀ ਕਿਹਾ ਕਿ ਭਾਜਪਾ ਨਾਲ ਗਠਜੋੜ ਸੀ ਤਾਂ ਹੀ ਰਲ ਕੇ ਵਿਧਾਨ ਸਭਾ ਚੋਣ ਲੜੀ ਸੀ। ਹੁਣ ਕੈਪਟਨ ਅਮਰਿੰਦਰ ਸਿੰਘ 19 ਸਤੰਬਰ ਨੂੰ ਆਪਣੇ ਸਾਰੇ ਸਮਰਥਕਾਂ ਨਾਲ ਭਾਜਪਾ ਵਿਚ ਸ਼ਾਮਲ ਹੋ ਜਾਣਗੇ। ਕੈਪਟਨ ਨਾਲ ਉਨ੍ਹਾਂ ਦੇ ਸਾਬਕਾ ਵਿਧਾਇਕਾਂ ਤੋਂ ਇਲਾਵਾ ਉਨ੍ਹਾਂ ਦਾ ਪੁੱਤਰ ਰਣਇੰਦਰ ਸਿੰਘ, ਬੇਟੀ ਜੈ ਇੰਦਰ ਕੌਰ, ਦੋਹਤਾ ਨਿਰਵਾਨ ਸਿੰਘ ਵੀ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ। ਪਿਛਲੇ ਦੋ ਮਹੀਨਿਆਂ ਤੋਂ ਪੀ.ਐਲ.ਸੀ ਦੀ ਭਾਜਪਾ ਵਿੱਚ ਰਲੇਵੇਂ ਦੀਆਂ ਖ਼ਬਰਾਂ ਸਿਆਸੀ ਗਲੀਆਰਿਆਂ ਦੀਆਂ ਚਹਿਲ ਪਹਿਲ ਬਣੀਆਂ ਹੋਈਆਂ ਹਨ। ਇਹ ਵੀ ਪੜ੍ਹੋ: ਪੰਜਾਬ 'ਚ RTI ਨੂੰ ਖ਼ਤਮ ਕਰਨ ਤੇ ਤੁਲੀ AAP ਸਰਕਾਰ - ਮਾਨਿਕ ਗੋਇਲ ਪਿਛਲੇ ਦਿਨੀਂ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਵੀ ਕੀਤੀ ਸੀ। ਉਦੋਂ ਤੋਂ ਹੀ ਪੀ.ਐਲ.ਸੀ ਦੀ ਭਾਜਪਾ 'ਚ ਰਲੇਵੇਂ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ ਤੇ ਹਾਲ ਹੀ 'ਚ ਹੋਈ ਪਾਰਟੀ ਪ੍ਰਧਾਨਾਂ ਦੀ ਮੁਲਾਕਾਤਾਂ ਤੋਂ ਬਾਅਦ ਇਨ੍ਹਾਂ ਖ਼ਬਰਾਂ ਉੱਤੇ ਮੋਹਰ ਲੱਗ ਗਈ ਸੀ। - ਰਿਪੋਰਟਰ ਗਗਨਦੀਪ ਸਿੰਘ ਅਹੂਜਾ ਦੇ ਸਹਿਯੋਗ ਨਾਲ -PTC News