ਫਿਰੌਤੀ ਮੰਗਣ ਦੇ ਮਾਮਲੇ 'ਚ ਬਜ਼ਾਰ ਬੰਦ, ਪੁਲਿਸ ਦਾ ਫਲੈਗ ਮਾਰਚ, ਰੋਸ ਪ੍ਰਦਰਸ਼ਨ
ਬਠਿੰਡਾ: ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਦੁਕਾਨਦਾਰਾਂ ਤੋਂ ਗੈਂਗਸਟਰਾਂ ਦੇ ਨਾਂ 'ਤੇ ਲੱਖਾਂ ਰੁਪਏ ਦੀ ਫਿਰੌਤੀ ਮੰਗਣ ਦੇ ਰੋਸ ਵਿੱਚ ਬਜ਼ਾਰ ਬੰਦ ਕਰਿਦਆ ਨਿਸ਼ਾਨ-ਏ-ਖਾਲਸਾ ਚੌਂਕ ਵਿਚ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਰੋਸ ਮਾਰਚ ਤੋਂ ਪਹਿਲਾਂ ਪੁਲਿਸ ਨੇ ਬਜ਼ਾਰ ਵਿੱਚ ਫਲੈਗ ਮਾਰਚ ਕੱਢਿਆ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਸਮੇਤ ਤਿੰਨ ਲੋਕਾਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਇੱਕ ਨਾਮੀ ਦੁਕਾਨਦਾਰ ਦੀ ਦੁਕਾਨ ਉੱਤੇ ਕੁਝ ਨੌਜਵਾਨਾਂ ਵੱਲੋਂ ਇੱਕ ਨਾਮੀ ਗੈਂਗਸਟਰ ਦੇ ਨਾਂ ਉੱਤੇ ਪੰਜ ਲੱਖ ਰੁਪਏ ਦੀ ਫਿਰੌਤੀ ਮੰਗ ਕੀਤੀ ਸੀ ਉਸ ਤੋਂ ਬਾਅਦ ਦੁਕਾਨਦਾਰ ਭਾਈਚਾਰੇ ਨੇ ਇੱਕਠੇ ਹੋ ਕੇ ਬਜ਼ਾਰ ਬੰਦ ਰੱਖਣ ਦਾ ਫੈਸਲਾ ਕੀਤਾ ਸੀ। ਮਿਲੀ ਜਾਣਕਾਰੀ ਅਨੁਸਾਰ ਡੀ.ਐੱਸ.ਪੀ ਕੋਲ ਕੁਝ ਦੁਕਾਨਦਾਰਾਂ ਨੇ ਇਹ ਦਾਅਵਾ ਵੀ ਕੀਤਾ ਕਿ ਉਨਾਂ ਕੋਲੋਂ ਤਾਂ ਫਿਰੌਤੀ ਦੀ ਰਕਮ ਵਸੂਲੀ ਗਈ ਹੈ। ਡੀ.ਅੇੈੱਸ.ਪੀ ਗਿੱਲ ਨੇ ਦੁਕਾਨਦਾਰਾਂ ਨੂੰ ਯਕੀਨ ਦਿਵਾਇਆ ਕਿ ਕਿਸੇ ਨੂੰ ਵੀ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਇਜ਼ਾਜਤ ਨਹੀ ਦੇਵਾਂਗੇ ਅਤੇ ਸਾਰੇ ਦੁਕਾਨਦਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ।ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜੇਕਰ ਪੀੜਤ ਦੁਕਾਨਦਾਰ ਪੁਲਿਸ ਕੋਲ ਕਿਸੇ ਵੀ ਖਿਲਾਫ ਬਿਆਨ ਦਰਜ ਕਰਵਾਉਂਦੇ ਹਨ ਤਾਂ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।