ਗੁਰੂਹਰਸਹਾਏ 'ਚ ਅੱਗ ਲੱਗਣ ਨਾਲ ਕਈ ਏਕੜ ਕਣਕ ਸੜ ਕੇ ਹੋਈ ਸੁਆਹ
ਗੁਰੂਹਰਸਹਾਏ : ਗੁਰੂ ਹਰਸਹਾਏ ਦੇ ਨਾਲ ਲੱਗਦੇ ਕੁੱਟੀ ਰੋਡ ਸਥਿਤ ਡੇਰਾ ਬਾਬਾ ਭੁੰਮਣ ਸ਼ਾਹ ਦੇ ਸਾਹਮਣੇ ਪੱਕ ਕੇ ਤਿਆਰ ਹੋਈ ਕਈ ਏਕੜ ਕਣਕ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ। ਗੁਰੂ ਹਰਸਹਾਏ ਦੀ ਕੁੱਟੀ ਰੋਡ ਦੇ ਨੇੜੇ ਬਾਬਾ ਭੁੰਮਣ ਸ਼ਾਹ ਦੇ ਡੇਰੇ ਸਾਹਮਣੇ ਕਿਸਾਨ ਪ੍ਰੀਤਮ ਸਿੰਘ, ਅਜੀਤ ਸਿੰਘ ਅਤੇ ਮੇਜਰ ਸਿੰਘ ਤਿੰਨ ਭਰਾਵਾਂ ਦੀ ਜ਼ਮੀਨ ਲੱਗਦੀ ਹੈ ਅਤੇ ਅੱਜ ਪੱਕੀ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ ਤੇ ਸ਼ਹਿਰ ਵਿਚ ਕੋਈ ਵੀ ਫਾਇਰ ਬ੍ਰਿਗੇਡ ਨਾ ਹੋਣ ਕਾਰਨ ਆਸ ਪਾਸ ਦੇ ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੰਗਵਾਇਆ ਗਿਆ ਤੇ ਅੱਗ ਨੂੰ ਕਾਬੂ ਕੀਤਾ ਗਿਆ ਪਰ ਤਦ ਤੱਕ ਕਈ ਏਕੜ ਕਣਕ ਅਤੇ ਨਾੜ ਸੜ ਕੇ ਸੁਆਹ ਹੋ ਚੁੱਕਾ ਸੀ। ਥਾਣਾ ਗੁਰੂਹਰਸਹਾਏ ਦੇ ਐਸਐਚਓ ਜਤਿੰਦਰ ਸਿੰਘ ਨੇ ਦੱਸਿਆ ਕਿ ਅੱਗ ਦੇ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਅੱਗ ਕੁਦਰਤੀ ਕਾਰਨਾਂ ਤੋਂ ਲੱਗੀ ਹੈ ਜਾਂ ਕਿਸੇ ਦੀ ਸਾਜ਼ਿਸ਼ ਹੈ। ਕਿਸਾਨਾਂ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ, ਜਿਸ ਨਾਲ ਪੀੜਤ ਕਿਸਾਨਾਂ ਦੀ ਭਰਪਾਈ ਕੀਤੀ ਜਾ ਸਕੇ। ਇਸ ਤੋਂ ਇਲਾਵਾ ਇਲਾਕਾ ਵਿਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਮੀ ਦਾ ਮੁੱਦਾ ਵੀ ਚੁੱਕਿਆ ਗਿਆ। ਜ਼ਿਕਰਯੋਗ ਹੈ ਕਿ ਪੂਰੇ ਪੰਜਾਬ ਵਿੱਚ ਕਣਕ ਨੂੰ ਅੱਗ ਲੱਗਣ ਦੀ ਘਟਨਾਵਾਂ ਵਾਪਰ ਰਹੀਆਂ ਹਨ। ਫਾਇਰ ਬ੍ਰਿਗੇਡ ਦੀ ਕਮੀ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲ਼ੀ ਫ਼ਸਲ ਅੱਗ ਦੀ ਭੇਟ ਚੜ੍ਹ ਰਹੀ ਹੈ। ਜਿਸ ਕਾਰਨ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਸਰਕਾਰ ਨੂੰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਜਿਸ ਨਾਲ ਸਮੇਂ ਉਤੇ ਅੱਗ ਉਤੇ ਕਾਬੂ ਪਾਇਆ ਜਾ ਸਕੇ। ਇਹ ਵੀ ਪੜ੍ਹੋ : 300 ਯੂਨਿਟ ਮੁਫ਼ਤ ਬਿਜਲੀ ਦਾ ਜਲਦ ਹੋ ਸਕਦਾ ਐਲਾਨ, ਕੇਜਰੀਵਾਲ ਨਾਲ ਭਗਵੰਤ ਮਾਨ ਕਰਨਗੇ ਮੁਲਾਕਾਤ